ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਮਾਣਯੋਗ ਸੁਪਰੀਮ ਕੋਰਟ ਵੱਲੋਂ ਆਪਣੇ ਇਤਿਹਾਸਕ ਫ਼ੈਸਲੇ ’ਚ ‘ਖਾਲਸਾ ਯੂਨੀਵਰਸਿਟੀ’ ਨੁੰ ਮੁੜ ਬਹਾਲ ਕਰਨ ਦੇ ਨਾਲ ਮੈਨੇਜ਼ਮੈਂਟ ਮੈਂਬਰਾਂ ’ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਹੇਠ ਕੌਂਸਲ ਦੇ ਮੁੱਖ ਦਫ਼ਤਰ ਵਿਖੇ ਅਹੁੱਦੇਦਾਰਾਂ ਵੱਲੋਂ ਵਿਚਾਰ-ਵਟਾਂਦਰਾ ਕਰਨ ਉਪਰੰਤ ਭਵਿੱਖ ’ਚ ਅਕਾਦਮਿਕ ਸੈਸ਼ਨ 2025-26 ਤੋਂ ’ਵਰਸਿਟੀ ਦੇ ਦਾਖਲਿਆਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ।
ਛੀਨਾ ਨੇ ਕਿਹਾ ਕਿ ਗਵਰਨਿੰਗ ਕੌਂਸਲ ਦੇ ਪੂਰਵਜ੍ਹਾਂ ਵੱਲੋਂ ਯੂਨੀਵਰਸਿਟੀ ਸਥਾਪਿਤ ਕਰਨ ਦਾ ਜੋ ਸੁਪਨਾ ਸਾਲਾਂ ਪਹਿਲਾਂ ਲਿਆ ਗਿਆ ਸੀ, ਉਸ ਦੀ ਪੂਰਤੀ ਹੋਈ ਹੈ।ਇਹ ਯੂਨੀਵਰਸਿਟੀ ਇੱਕ ਪ੍ਰੋਫੈਸ਼ਨਲ ਅਤੇ ਮਲਟੀ-ਫ਼ੈਕਲਟੀ ’ਵਰਸਿਟੀ ਹੋਵੇਗੀ, ਜਿਸ ਵਿੱਚ ਦੁਨੀਆਂ ਭਰ ’ਚ ਪ੍ਰਸਿੱਧ ਕੋਰਸਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ।
ਮੈਨੇਜ਼ਮੈਂਟ ਕੋਲ ਯੂਨੀਵਰਸਿਟੀ ਨੂੰ ਚਲਾਉਣ ਲਈ ਮੁੱਢਲਾ ਢਾਂਚਾ ਪੂਰਾ ਤਰ੍ਹਾਂ ਨਾਲ ਉਪਲਬੱਧ ਹੈ, ਕਿਉਂਕਿ ਪਹਿਲਾਂ ਹੀ ਸਫ਼ਲਤਾਪੂਰਵਕ ਚੱਲ ਰਹੇ ਬਹੁਤ ਸਾਰੇ ਕਾਲਜ ਇਸ ਯੂਨੀਵਰਸਿਟੀ ਦਾ ਹਿੱਸਾ ਹੋਣਗੇ।ਜੇਕਰ ਹੋਰ ਇਮਾਰਤਾਂ ਦੀ ਲੋੜ ਪਵੇਗੀ ਤਾਂ ਰਾਮ ਤੀਰਥ ਰੋਡ ਵਾਲੇ ਪਾਸੇ ਖ਼ਾਲਸਾ ਕਾਲਜ ਆਫ਼ ਲਾਅ ਅਤੇ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਨਾਲ ਲੱਗਦੇ ਕੈਂਪਸ ’ਚ ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ’ਚ ਪੇਸ਼ੇਵਰ ਕੋਰਸਾਂ ਨੂੰ ਪਹਿਲ ਦਿੰਦਿਆਂ ਖੇਤੀਬਾੜੀ, ਇੰਜੀਨੀਅਰਿੰਗ, ਫਾਰਮੇਸੀ, ਨਰਸਿੰਗ, ਸਿੱਖਿਆ, ਸਰੀਰਿਕ ਸਿੱਖਿਆ, ਭਾਸ਼ਾਵਾਂ, ਸਿੱਖ ਇਤਿਹਾਸ, ਕਾਨੂੰਨ, ਲਾਇਬ੍ਰੇਰੀ ਵਿਗਿਆਨ, ਮੈਡੀਕਲ ਲੈਬ ਤਕਨਾਲੋਜੀ ਅਤੇ ਧਾਰਮਿਕ ਵਿੱਦਿਆ ਸਬੰਧੀ ਸਾਰੇ ਹੀ ਵਿਸ਼ਿਆਂ ਦੀਆਂ ਗ੍ਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਡਾਕਟਰੇਟ ਡਿਗਰੀ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਛੀਨਾ ਨੇ ਕਿਹਾ ਕਿ ਇਤਿਹਾਸਕ ਖ਼ਾਲਸਾ ਕਾਲਜ ਦੀ ਹੋਂਦ ਨੂੰ ਜਿਉਂ ਦਾ ਤਿਉਂ ਹੀ ਬਰਕਰਾਰ ਰੱਖਿਆ ਜਾਵੇਗਾ।ਅੰਤਰਰਾਸ਼ਟਰੀ ਵਿੱਦਿਅਕ ਸਹਿਯੋਗ ਅਤੇ ਖੋਜ਼ ਨੂੰ ਸਥਾਪਿਤ ਕਰਨ ਲਈ ਉਹ ਵਿਸ਼ਵ ਦੀਆਂ ਹੋਰ ਯੂਨੀਵਰਸਿਟੀਆਂ ਅਤੇ ਉਚ ਸੰਸਥਾਵਾਂ ਨਾਲ ਗਠਜੋੜ ਕਰਨਗੇ।
Check Also
ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ
ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ …