Saturday, October 24, 2026

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਨੇ 132ਵਾਂ ਸਥਾਪਨਾ ਦਿਵਸ ਮਨਾਇਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਨੇ ਅੱਜ 132ਵਾਂ ਸਥਾਪਨਾ ਦਿਵਸ ਮਨਾਇਆ।ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੀ ਅਗਵਾਈ ਹੇਠ ਮਨਾਏ ਗਏ ਸਮਾਗਮ ਮੌਕੇ ਵਿਦਿਆਰਥੀਆਂ ਵਲੋਂ ਸਵੇਰੇ ਪ੍ਰਾਰਥਨਾ ਸਭਾ ਸਮੇਂ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਧੁਰ ਕੀ ਬਾਣੀ ਦਾ ਕੀਰਤਨ ਕੀਤਾ ਗਿਆ।ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਸੰਦੇਸ਼ ’ਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਕੂਲ ਦੇ 132ਵੇਂ ਸਥਾਪਨਾ ਦਿਵਸ ’ਤੇ ਮੁਬਾਰਕਬਾਦ ਦਿੱਤੀ।
ਡਾ. ਗੋਗਆਣੀ ਨੇ ਸੰਗਤੀ ਰੂਪ ’ਚ ਮਿਲ ਬੈਠੇ ਵਿਦਿਆਰਥੀਆਂ ਨੂੰ ਸਕੂਲ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ 22 ਅਕਤੂਬਰ 1893 ਈ. ਨੂੰ ਟਾਊਨ ਹਾਲ ਵਿਖੇ ਬਹੁਤ ਵੱਡਾ ਇਕੱਠ ਹੋਇਆ ਸੀ, ਜਿਸ ’ਚ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ 23 ਅਕਤੂਬਰ 1893 ਈ. ਦਿਨ ਸੋਮਵਾਰ ਨੂੰ ਖ਼ਾਲਸਾ ਕਾਲਜ ਮਿਡਲ ਸਕੂਲ ਦੀਆਂ ਕਲਾਸਾਂ ਸ਼ੁਰੂ ਹੋਈਆਂ ਸਨ।ਉਸ ਸਮੇਂ ਇਸ ਮਿਡਲ ਸਕੂਲ ਦੇ ਹੈਡਮਾਸਟਰ ਮੋਹਨ ਸਿੰਘ ਸਨ ਅਤੇ ਜੋ ਪਹਿਲੇ ਤਿੰਨ ਵਿਦਿਆਰਥੀ ਦਾਖ਼ਲ ਕੀਤੇ ਗਏ, ਉਹ ਵੱਖ-ਵੱਖ ਧਰਮਾਂ ਦੇ ਕਰਤਾਰ ਸਿੰਘ, ਮੇਹਰ ਚੰਦ ਅਤੇ ਅਬਦੁੱਲਾ ਸਨ।
ਉਨ੍ਹਾਂ ਕਿਹਾ ਕਿ ਅੱਜ 16 ਏਕੜ ’ਚ ਸਥਾਪਿਤ ਇਹ ਸਕੂਲ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ 2800 ਵਿਦਿਆਰਥੀਆਂ ਦਾ ਭਵਿੱਖ ਸਿਰਜ਼ ਰਿਹਾ ਹੈ।ਉਨ੍ਹਾਂ ਕਿਹਾ ਕਿ ਮੌਜ਼ੂਦਾ ਸਮੇਂ ਸਕੂਲ ’ਚ 50 ਕਲਾਸ ਰੂਮਜ਼, 5 ਲੈਬਾਰਟਰੀ, ਪ੍ਰੋਜੈਕਟਰ ਰੂਮ, ਓਪਨ ਏਅਰ ਥੀਏਟਰ, ਜੂਡੋ ਹਾਲ, ਬਾਕਸਿੰਗ ਹਾਲ ਅਤੇ ਵੱਡੇ ਖੇਡ ਮੈਦਾਨ ਹਨ। ਇਥੇ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਹਿੱਸਾ ਲੈ ਕੇ ਜ਼ਿਲ੍ਹਾ ਪੱਧਰ ਤੋਂ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਾਪਤੀਆਂ ਹਾਸਲ ਕਰਕੇ ਸਰਕਾਰੀ ਵਿਭਾਗਾਂ ’ਚ ਸਨਮਾਨਯੋਗ ਅਹੁੱਦਿਆਂ ’ਤੇ ਨਿਯੁੱਕਤ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …