Saturday, January 25, 2025

ਗੁਰੂ ਨਾਨਕ ਦੇੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਨੇ ਸੰਵਿਧਾਨ ਦਿਵਸ ਮਨਾਇਆ

ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਲੋਂ ਯੂਨੀਵਰਸਿਟੀ ਕੈਂਪਸ ਵਿੱਚ ਸੰਵਿਧਾਨ ਦਿਵਸ ਮਨਾਉਂਦਿਆਂ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਪਹਿਲੇ ਪ੍ਰੋਗਰਾਮ ਵਿੱਚ “ਭਾਰਤ ਵਿੱਚ ਨਿਆਂ ਦਾ ਸੰਵਿਧਾਨਕ ਅਧਿਕਾਰ: ਲੋਕ ਅਦਾਲਤਾਂ ਦੀ ਭੂਮਿਕਾ ਅਤੇ ਪ੍ਰਭਾਵ” ਸਿਰਲੇਖ ਹੇਠ ਇੱਕ ਮੁਫਤ ਕਾਨੂੰਨੀ ਸਹਾਇਤਾ ਕੈਂਪ ਅਤੇ ਇੱਕ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।ਇਸ ਤੋਂ ਇਲਾਵਾ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇੱਕ ਮੈਗਜ਼ੀਨ ਦੇ ਪਹਿਲੇ ਅੰਕ ਦਾ ਉਦਘਾਟਨ ਵੀ ਕੀਤਾ ਗਿਆ ਜੋ ਕਿ ਭਵਿੱਖ ਵਿੱਚ ਕਾਨੂੰਨ ਦੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਪੇਸ਼ ਕਰਨ ਲਈ ਵਧੀਆ ਪਲੇਟਫਾਰਮ ਵਜੋਂ ਕਾਰਜ਼ ਕਰੇਗਾ।
ਸਮਾਗਮ ਵਿੱਚ ਸ. ਅਮਰਦੀਪ ਸਿੰਘ ਬੈਂਸ ਸਿਵਲ ਜੱਜ (ਸੀਨੀਅਰ ਡਵੀਜ਼ਨ) ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਾਨੂੰਨ ਵਿਭਾਗ ਦੇ ਮੁਖੀ ਡਾ. ਮੀਨੂੰ ਵਰਮਾ ਨੇ ਸ. ਅਮਰਦੀਪ ਸਿੰਘ ਦਾ ਨਿੱਘਾ ਸੁਆਗਤ ਕਰਦਿਆਂ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਸੰਵਿਧਾਨ ਦਿਵਸ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਸ. ਅਮਰਦੀਪ ਸਿੰਘ ਬੈਂਸ ਨੇ ਸਭ ਨੂੰ ਪਹੁੰਚਯੋਗ ਨਿਆਂ ਪ੍ਰਦਾਨ ਕਰਨ ਵਿੱਚ ਲੋਕ ਅਦਾਲਤਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ।ਗੈਸਟ ਲੈਕਚਰ ਦਾ ਸੰਚਾਲਨ ਡਾ. ਸ਼ਿਖਾ ਧੀਮਾਨ ਫੈਕਲਟੀ ਕੋਆਰਡੀਨੇਟਰ ਨੇ ਕੀਤਾ। ਡਾ. ਮਨਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਮੁਫਤ ਕਾਨੂੰਨੀ ਸਹਾਇਤਾ ਕੈਂਪ ਵੀ ਲਗਾਇਆ ਗਿਆ।
ਡਾ. ਮੀਨੂ ਵਰਮਾ ਨੇ ਕਾਨੂੰਨ ਵਿਭਾਗ ਦੇ ਨਵੇਂ ਵਿਦਿਆਰਥੀਆਂ ਦੇ ਮੈਗਜ਼ੀਨ ਦੇ ਕਵਰ ਪੇਜ ਰਲੀਜ਼ ਕੀਤਾ ਜੋ ਕਿ ਜਲਦ ਹੀ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲੱਬਧ ਹੋਵੇਗਾ।ਇਸ ਮੈਗਜ਼ੀਨ ਵਿੱਚ ਮੁੱਖ ਸੰਪਾਦਕ ਵਜੋਂ ਡਾ. ਮੀਨੂੰ ਵਰਮਾ, ਫੈਕਲਟੀ ਸੰਪਾਦਕ ਵਜੋਂ ਡਾ. ਬਿਮਲਦੀਪ ਸਿੰਘ ਅਤੇ ਡਾ. ਸ਼ਿਖਾ ਧੀਮਾਨ ਅਤੇ ਵਿਦਿਆਰਥੀ ਸੰਪਾਦਕ ਸਾਕਸ਼ੀ ਸਹਿਗਲ, ਸੌਮਿਆ ਖੰਨਾ ਅਤੇ ਖੁਸ਼ੀ ਦਾ ਉਦੇਸ਼ ਵਿਦਿਆਰਥੀਆਂ ਦੀ ਪ੍ਰਤਿਭਾ, ਸੂਝ ਅਤੇ ਅਕਾਦਮਿਕ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨਾ ਤੇ ਵਿਭਾਗ ਅੰਦਰ ਇੱਕ ਬੌਧਿਕ ਅਤੇ ਰਚਨਾਤਮਕ ਸਪੇਸ ਨੂੰ ਉਤਸ਼ਾਹਿਤ ਕਰਨਾ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …