ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਉਬਰਾਏ ਵੱਲੋਂ ਅੱਗੇ ਆ ਕੇ ਪਿੱਛਲੇ ਦਿਨੀਂ ਜਾਰਜੀਆ `ਚ ਹੋਏ ਇੱਕ ਦਰਦਨਾਕ ਹਾਦਸੇ `ਚ ਮਾਰੇ ਗਏ 12 ਲੋਕਾਂ `ਚ ਸ਼ਾਮਲ 11 ਪੰਜਾਬੀ ਨੌਜਵਾਨਾਂ ਦੇ ਪੀੜ੍ਹਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।
ਉੱਘੇ ਸਮਾਜ ਸੇਵੀ ਡਾ. ਐਸ.ਪੀ ਸਿੰਘ ਉਬਰਾਏ ਨੇ ਜਾਰੀ ਮੀਡੀਆ ਬਿਆਨ ‘ਚ ਦੱਸਿਆ ਕਿ ਉਨ੍ਹਾਂ ਵਲੋਂ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ `ਚ ਰਹਿ ਕੇ ਜਾਰਜੀਆ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਪੰਜਾਬੀਆਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਉਣ ਸਬੰਧੀ ਸਮੁੱਚੀ ਜਾਣਕਾਰੀ ਲਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਸਬੰਧਿਤ ਮੰਤਰਾਲੇ ਵਲੋਂ ਜਲਦ ਹੀ ਉਕਤ ਮਿਤ੍ਰਕ ਸਰੀਰ ਭਾਰਤ ਲਿਆਂਦੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਫ਼ਿਰ ਵੀ ਮਿਤ੍ਰਕ ਸਰੀਰ ਲਿਆਉਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਇਸ ਸਬੰਧੀ ਵੀ ਆਪਣੀਆਂ ਸੇਵਾਵਾਂ ਦੇਣ ਨੂੰ ਤਿਆਰ ਹਨ।
ਡਾ. ਐਸ.ਪੀ ਸਿੰਘ ਉਬਰਾਏ ਨੇ ਇਥੇ ਇਹ ਵੀ ਦੱਸਿਆ ਕਿ ਉਨ੍ਹਾਂ ਆਪਣੀਆਂ ਜ਼ਿਲ੍ਹਾ ਟੀਮਾਂ ਰਾਹੀਂ ਜਾਰਜੀਆ ਹਾਦਸੇ ਦੇ ਪੀੜ੍ਹਤ ਪਰਿਵਾਰਾਂ ਨਾਲ ਰਾਬਤਾ ਕਰਕੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਉਨ੍ਹਾਂ ਦੇ ਦੁੱਖ `ਚ ਸ਼ਰੀਕ ਹੁੰਦਿਆਂ ਜਿਥੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਹੈ, ਉਥੇ ਹੀ ਟੀਮਾਂ ਵਲੋਂ ਪੀੜ੍ਹਤ ਪਰਿਵਾਰਾਂ ਦੀ ਆਰਥਿਕ ਸਥਿਤੀ ਬਾਰੇ ਸਾਰੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਪੀੜ੍ਹਤ ਪਰਿਵਾਰਾਂ ਦੀ ਆਰਥਿਕ ਸਥਿਤੀ ਮੁਤਾਬਕ ਉਨ੍ਹਾਂ ਲਈ ਢੁੱਕਵੀਂ ਮਹੀਨੇਵਾਰ ਪੈਨਸ਼ਨ ਤੋਂ ਇਲਾਵਾ ਉਨ੍ਹਾਂ ਦੇ ਖਸਤਾ ਹਾਲ ਘਰਾਂ ਨੂੰ ਨਵੇਂ ਬਣਾਉਣ ਜਾਂ ਮੁਰੰਮਤ ਆਦਿ ਕਰਨ ਲਈ ਮਦਦ ਕੀਤੀ ਜਾਵੇਗੀ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …