ਰਜਿਸਟਰੀ ਫੀਸ ਵਿਚ ਵਾਧੇ ਅਤੇ ਬਕਾਇਆ ਕੇਸਾਂ ਦੇ ਤੁਰੰਤ ਨਿਪਟਾਰੇ ਕੀਤੇ ਜਾਣ- ਬਰਾੜ
ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਉਣ ਦੇ ਆਦੇਸ਼
ਫਾਜ਼ਿਲਕਾ, 12 ਜਨਵਰੀ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ ਵੱਲੋ ਵੱਖ ਵੱਖ ਵਿਭਾਗਾਂ ਦੇ ਕੰਮਾਂ ਦੀ ਸਮਿੱਖਿਆ ਅਤੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੇ ਮਨੋਰਥ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ।ਡਿਪਟੀ ਕਮਿਸ਼ਨਰ ਵੱਲੋਂ ਵੱਖ ਵਿਭਾਗਾਂ ਦੇ ਕੰਮਾਂ ਅਤੇ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਮਾਂਬੰਧ ਸੇਵਾਵਾਂ ਦਾ ਰੀਵਿਊ ਕੀਤਾ ਗਿਆ ।ਇਸ ਤੋਂ ਇਲਾਵਾ ਮੀਟਿੰਗ ਵਿਚ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ, ਬਕਾਇਆ ਕੇਸਾਂ ਅਤੇ ਸੜਕ ਸੁਰੱਖਿਆ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ ।
ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰਜਿਸਟਰੀ ਫੀਸ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਸਰਕਾਰ ਵੱਲੋਂ ਮਿਥੇ ਗਏ ਟੀਚੇ ਨੂੰ ਪੂਰਾ ਕੀਤਾ ਜਾ ਸਕੇ ।ਉਨ੍ਹਾਂ ਕਿਹਾ ਕਿ ਲੋਕਾ ਨੂੰ ਜ਼ਮੀਨ ਦੇ ਸਾਂਝੇ ਖਾਤਿਆਂ ਦੀਆਂ ਰਜ਼ਾਮੰਦਗੀ ਤਕਸੀਮਾ ਲਈ ਵੱਧ ਤੋਂ ਵੱਧ ਪ੍ਰੇਰਿਆ ਜਾਵੇ ਅਤੇ ਤਕਸੀਮ ਦੇ ਪੈਡਿੰਗ ਪਏ ਕੇਸ ਵੀ ਜਲਦੀ ਨਿਪਟਾਏ ਜਾਣ ਅਤੇ ਸਟਂੈਪ ਡਿਊਟੀ ਵਿਚ ਵਾਧਾ ਕੀਤਾ ਜਾਵੇ ।ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਮਾਂਬੰਧ ਸਰਕਾਰੀ ਸੇਵਾਵਾਂ ਮੁਹੱਈਆ ਕਰਾਉਣ ਲਈ ਬਨਾਏ ਗਏ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਮਿੱਥੇ ਸਮੇਂ ਵਿਚ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਉਨ੍ਹਾਂ ਨੇ ਮਾਲ ਵਿਭਾਗ ਦੇ ਕੰਮਾਂ, ਬੈਂਕਾਂ ਦੇ ਕਰਜ਼ਿਆਂ ਦੀਆਂ ਰਿਕਵਰੀਆਂ, ਆਬਿਆਨਾ, ਚੌਕੀਦਾਰਾ, ਖਾਨਗੀ ਤਕਸੀਮਾਂ, ਗਿਰਦਾਵਰੀ ਦੇ ਬਕਾਇਆ ਕੇਸਾਂ, ਇੰਤਕਾਲ ਆਦਿ ਦੀ ਸਮੀਖਿਆ ਵੀ ਕੀਤੀ ।ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕਾਂ ਨੂੰ ਮਾਲ ਵਿਭਾਗ ਦੇ ਕੰਮਾਂ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਹੀ ਆਉਣੀ ਚਾਹੀਦੀ ਅਤੇ ਇਸ ਸਬੰਧੀ ਅਨੁਸ਼ਾਸ਼ਨਹੀਣਤਾਂ ਬਰਦਾਸ਼ਤ ਨਹੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਫਰਦ ਕੇਂਦਰਾਂ, ਸੁਵਿਧਾ ਕੇਂਦਰਾਂ, ਸੇਵਾ ਦਾ ਅਧਿਕਾਰ ਕਨੂੰਨ, ਅਧਾਰ ਕਾਰਡਾਂ ਦੀ ਪ੍ਰਗਤੀ ਆਦਿ ਦੀ ਵੀ ਸਮੀਖਿਆ ਕੀਤੀ ।
ਜਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰਾਸ਼ਟਰੀ, ਰਾਜਮਾਰਗਾਂ ਅਤੇ ਸ਼ਹਿਰਾਂ ਦੇ ਬਜਾਰਾਂ ਵਿਚੋਂ ਨਜਾਇਜ਼ ਕਬਜ਼ੇ ਹਟਾਏ ਜਾਣ ਅਤੇ ਰੇਹੜੀਆਂ ਅਤੇ ਵਾਹਣਾਂ ਦੀ ਪਾਰਕਿੰਗ ਲਈ ਵਿਸ਼ੇਸ਼ ਥਾਂਵਾ ਨਿਸ਼ਚਿਤ ਕੀਤੀਆਂ ਜਾਣ ।ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਜਿਲ੍ਹੇ ਅੰਦਰ ਸਿੱਖਿਆ ਸੰਸਥਾਵਾਂ, ਆਮ ਲੋਕਾਂ, ਟਰੱਕ ਅਤੇ ਟੈਂਪੂ ਯੂਨੀਅਨਾਂ ਵਿਚ ਲੋਕਾਂ ਨੂੰ ਸੜਕ ਸੁਰੱਖਿਆ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਸੜਕ ਦੁਰਘਟਨਾਂਵਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਤੇ ਹੋਰ ਸਿੱਖਿਆ ਸੰਸਥਾਂਵਾਂ ਦੀਆਂ ਬੱਸਾਂ, ਵੈਨਾਂ ਆਦਿ ਦੇ ਫਿਟਨੈਸ ਸਰਟੀਫਿਕੇਟ ਲਏ ਜਾਣ ਅਤੇ ਡਾਟਾਬੇਸ ਰਿਕਾਰਡ ਤਿਆਰ ਕੀਤਾ ਜਾਵੇ ਤਾਂ ਜੋ ਅਣਸੁਖਾਵੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ ।
ਜਿਲ੍ਹਾ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਜਿਲ੍ਹੇ ਅੰਦਰ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਸਰਹੱਦੀ ਖੇਤਰ ਵਿਕਾਸ ਪ੍ਰਾਜੈਕਟ ਅਧੀਨ 11 ਕਰੋੜ 75 ਲੱਖ ਰੁਪਏ ਖਰਚ ਕੀਤੇ ਜਾਣਗੇ । ਉਨ੍ਹਾਂ ਇਸ ਮੌਕੇ ਬਾਰਡਰ ਏਰੀਆ ਵਿਕਾਸ ਪ੍ਰੋਜੈਕਟ, ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾਂ, ਸਵਰਨ ਜਯੰਤੀ ਗ੍ਰਾਮ ਯੋਜਨਾ ਸਮੇਤ ਵੱਖ ਵੱਖ ਕੇਂਦਰੀ ਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ।ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਿਲ੍ਹੇ ਅੰਦਰ ਚਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਵਿਚ ਪੂਰਾ ਕੀਤਾ ਜਾਵੇ ਅਤੇ ਮੁਕੰਮਲ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਏ ਜਾਣ । ਇਨ੍ਹਾਂ ਕੰਮਾਂ ਵਿਚ ਕੋਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਸੁਭਾਸ਼ ਖਟਕ ਐਸ.ਡੀ.ਐਮ. ਫਾਜਿਲਕਾ, ਸ. ਗੁਰਜੀਤ ਸਿੰਘ ਐਸ.ਡੀ.ਐਮ ਜਲਾਲਾਬਾਦ, ਰਾਜਪਾਲ ਐਸ.ਡੀ.ਐਮ ਅਬੋਹਰ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ(ਜ), ਸ. ਜਤਿੰਦਰ ਪਾਲ ਸਿੰਘ ਬਰਾੜ ਡੀ.ਡੀ.ਪੀ.ਓ., ਸ. ਪਰਮਜੀਤ ਸਿੰਘ ਸਹੋਤਾ ਜਿਲ੍ਹਾ ਮਾਲ ਅਫਸਰ, ਸ.ਜਸਵੰਤ ਸਿੰਘ ਢਿੱਲੋਂ ਡੀ.ਟੀ.ਓ. ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।