ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਪੰਜਾਬੀ ਅਧਿਐਨ ਦੇ
ਵਿਦਵਾਨ ਡਾ. ਆਤਮ ਸਿੰਘ ਰੰਧਾਵਾ ਨੂੰ ਇਤਿਹਾਸਕ ਖਾਲਸਾ ਕਾਲਜ ਦਾ ਨਵਾਂ ਪ੍ਰਿੰਸੀਪਲ ਨਿਯੁੱਕਤ ਕੀਤਾ ਹੈ।ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਰੰਧਾਵਾ ਨੂੰ ਕੌਂਸਲ ਦੇ ਉਚ ਅਹੁੱਦੇਦਾਰਾਂ, ਸਮੂਹ ਕਾਲਜ ਸਟਾਫ਼ ਆਦਿ ਦੀ ਮੌਜ਼ੂਦਗੀ ’ਚ ਪ੍ਰਿੰਸੀਪਲ ਵਜੋਂ ਕਾਰਜਭਾਰ ਸੌਂਪਿਆ।ਡਾ. ਰੰਧਾਵਾ ਜੋ ਕਿ ਪੰਜਾਬੀ ’ਚ ਪੀ.ਐਚ.ਡੀ ਹਨ, ਦਾ ਅਧਿਆਪਨ ’ਚ 25 ਸਾਲ ਤੋਂ ਵਧੇਰੇ ਦਾ ਤਜ਼ਰਬਾ ਹੈ।
ਡਾ. ਰੰਧਾਵਾ ਕਾਲਜ ਵਿਖੇ ਐਸੋਸੀਏਟ ਪ੍ਰੋਫੈਸਰ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ।ਉਨ੍ਹਾਂ ਨੇ 200 ਤੋਂ ਵੱਧ ਪ੍ਰਕਾਸ਼ਨ ਅਤੇ ਖੋਜ ਪੱਤਰ ਆਪਣੇ ਨਾਮ ਦਰਜ਼ ਕਰਵਾਏ ਹਨ।ਉਨ੍ਹਾਂ ਦੀ ਚੋਣ ਵਿਧੀ ਦੁਆਰਾ ਸਥਾਪਿਤ ਚੋਣ ਕਮੇਟੀ ਵੱਲੋਂ ਅੱਜ ਆਯੋਜਿਤ ਇੰਟਰਵਿਊ ਦੌਰਾਨ ਕੀਤੀ ਗਈ।
ਰੰਧਾਵਾ ਨੇ ਦਫ਼ਤਰ ਵਿਖੇ ਅਹੁੱਦੇ ਸੰਭਾਲਣ ਉਪਰੰਤ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਛੀਨਾ ਸਮੇਤ ਸਮੂਹ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਸੰਨ 1892 ’ਚ ਸਥਾਪਿਤ ਇਸ ਇਤਿਹਾਸਕ ਖ਼ਾਲਸਾ ਕਾਲਜ ਦੀ ਸੇਵਾ ਕਰਨ ਲਈ ਵਿਸ਼ਵਾਸ ਪ੍ਰਗਟਾਉਂਦਿਆਂ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦਾ ਵਾਅਦਾ ਕੀਤਾ।ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਹੋਰ ਸੀਨੀਅਰ ਫੈਕਲਟੀ ਮੈਂਬਰ, ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਵੱਲੋਂ ਡਾ. ਰੰਧਾਵਾ ਦਾ ਪ੍ਰਿੰਸੀਪਲ ਵਜੋਂ ਅਹੁੱਦੇ ’ਤੇ ਬਿਰਾਜਮਾਨ ਹੋਣ ’ਤੇ ਸਵਾਗਤ ਕੀਤਾ ਗਿਆ।
ਛੀਨਾ ਨੇ ਡਾ. ਰੰਧਾਵਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੜ੍ਹਾਉਣ ਦਾ ਬਹੁਤ ਵੱਡਾ ਤਜ਼ਰਬਾ ਹੈ ਅਤੇ ਕਾਲਜ ਦੇ ਪ੍ਰਸ਼ਾਸ਼ਨਿਕ ਮਾਮਲਿਆਂ ’ਚ ਵੀ ਉਨ੍ਹਾਂ ਦਾ ਯੋਗਦਾਨ ਅਹਿਮ ਰਿਹਾ ਹੈ।ਡਾ. ਰੰਧਾਵਾ ਪੰਜਾਬੀ ਅਧਿਐਨ ਦੇ ਖੇਤਰ ’ਚ ਇੱਕ ਜਾਣਿਆ-ਪਛਾਣਿਆ ਨਾਮ ਹੈ ਅਤੇ ਕਾਲਜ ’ਚ ਜੀ-20 ਅਤੇ ਅੰਤਰਰਾਸ਼ਟਰੀ ਸਾਹਿਤਕ ਪ੍ਰੋਗਰਾਮਾਂ ਤੇ ਪੁਸਤਕ ਮੇਲਿਆਂ ਸਮੇਤ ਵੱਖ-ਵੱਖ ਮੈਗਾ ਸਮਾਗਮਾਂ ਦੇ ਆਯੋਜਨ ’ਚ ਉਹ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ।
ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਜੁਆਇੰਟ ਸਕੱਤਰ ਪਰਮਜੀਤ ਸਿੰਘ ਬੱਲ, ਰਾਜਬੀਰ ਸਿੰਘ, ਲਖਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗਿੱਲ, ਸੀਨੀਅਰ ਫੈਕਲਟੀ, ਕਾਲਜ ਦੇ ਮੁਖੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media