Tuesday, March 25, 2025
Breaking News

25ਵਾਂ ਰਾਸ਼ਟਰੀ ਰੰਗਮੰਚ ਉਤਸਵ 2025 – ਨਾਟਕ ‘ਧਨੁ ਲੇਖਾਰੀ ਨਾਨਕਾ’ ਮੰਚਿਤ

ਅੰਮ੍ਰਿਤਸਰ, 22 ਮਾਰਚ (ਦੀਪ ਦਵਿੰਦਰ ਸਿੰਘ) – ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25ਵਾਂ 10 ਦਿਨਾ ਰਾਸ਼ਟਰੀ ਰੰਗਮੰਚ ਉਤਸਵ ਦੇ ਅਠਵੇਂ ਦਿਨ ਅਦਾਕਾਰ ਮੰਚ ਮੋਹਾਲੀ ਟੀਮ ਵਲੋਂ ਡਾ. ਸਾਹਿਬ ਸਿੰਘ ਦਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਨਾਟਕ ‘ਧਨੁ ਲੇਖਾਰੀ ਨਾਨਕਾ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਇਹ ਨਾਟਕ ਇੱਕ ਲੇਖਕ ਦਾ ਸਮਾਜ ਨਾਲ ਰਿਸ਼ਤਾ ਪ੍ਰੀਭਾਸ਼ਿਤ ਕਰਦਾ ਹੈ।..ਲੇਖਕ ਸੰਵੇਦਨਸ਼ੀਲ ਹੈ ਆਲੇ ਦੁਆਲੇ ਬਹੁਤ ਕੁੱਝ ਵਾਪਰ ਰਿਹਾ ਹੈ.. ਕੀ ਉਹ ਇਸ ਸਭ ਕੁੱਝ ਤੋਂ ਅਭਿੱਜ ਰਹਿ ਸਕਦਾ ਹੈ?.. ਕੀ ਉਸ ਦੀ ਲਿਖਤ ਸਮਾਜਿਕ ਸੰਘਰਸ਼ਾਂ ਵਿੱਚ ਕੋਈ ਯੋਗਦਾਨ ਪਾ ਸਕਦੀ ਹੈ ਜਾਂ ਨਹੀਂ?..ਕੀ ਉਹ ਸੱਚ ‘ਤੇ ਪਹਿਰਾ ਦਿੰਦਿਆਂ ਹਰ ਕੁਰਬਾਨੀ ਲਈ ਤਿਆਰ ਹੈ ਜਾਂ ਡਰ ਕੇ ਸੱਚ ਵਿੱਚ ਮਿਲਾਵਟ ਕਰਦਾ ਹੈ?.. ਅਜਿਹੇ ਭਾਵ ਸਿਰਜਦਾ ਇਹ ਨਾਟਕ ਲੇਖਕ ਸਾਹਿਬ ਸਿੰਘ ਤੇ ਦਿੱਲੀ ਬੈਠੀ ਉਸ ਦੀ ਧੀ ਦੇ ਆਪਸੀ ਸੰਵਾਦ ਰਾਹੀਂ ਅਲੱਗ-ਅਲੱਗ ਕਹਾਣੀਆਂ ਤੋਂ ਪਰਦਾ ਉਠਾਉਂਦਾ ਹੈ!..ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਇਹ ਨਾਟਕ ਕੈਨੇਡਾ ਅਮਰੀਕਾ ਇੰਗਲੈਂਡ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਵੀ ਖੇਡਿਆ ਜਾ ਚੁੱਕਾ ਹੈ।ਇਕ ਪਾਤਰੀ ਨਾਟਕ ਵਿੱਚ ਡਾ. ਸਾਹਿਬ ਸਿੰਘ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ ਹੈ।
ਇਸ ਮੌਕੇ ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਕੁਲਬੀਰ ਸੂਰੀ, ਅਰਵਿੰਦਰ ਕੌਰ ਧਾਲੀਵਾਲ, ਜੇ.ਐਸ ਜੱਸ, ਹਰਿੰਦਰ ਸੋਹਲ, ਗੁਰਤੇਜ ਮਾਨ, ਸੁਮਿਤ ਸਿੰਘ ਸਮੇਤ ਵੱਡੀ ਗਿਣਤੀ ‘ਚ ਦਰਸ਼ਕ ਹਾਜ਼ਰ ਸਨ।
ਇਹ ਵੀ ਸੂਚਨਾ ਦਿੱਤੀ ਗਈ ਹੈ ਕਿ 23 ਮਾਰਚ 2025 ਨੂੰ 25ਵੇਂ ਰਾਸ਼ਟਰੀ ਰੰਗਮੰਚ ਉਤਸਵ ਦੇ ਨੌਵੇਂ ਦਿਨ 23 ਮਾਰਚ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਿਤ ਨਾਟਕ ‘ਗੁਨਾਹਗਾਰ’ ਦੁਪਹਿਰ 2.00 ਵਜੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਜਾਵੇਗਾ।

Check Also

ਵੋਟਰ ਸੂਚੀਆਂ ਦੇ ਵੇਰਵਿਆਂ ਦੀ ਪੁਸ਼ਟੀ ਨੂੰ ਬਣਾਇਆ ਜਾਵੇ ਯਕੀਨੀ – ਵਧੀਕ ਜ਼ਿਲ੍ਹਾ ਚੋਣ ਅਫਸਰ

ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ) – ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾ ਦੀ ਪਾਲਣਾ …