Thursday, June 19, 2025
Breaking News

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਨੈਤਿਕਤਾ ਵਿਸ਼ੇ `ਤੇ ਸੈਮੀਨਾਰ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਨੈਤਿਕਤਾ ਬਾਰੇ ਦੋ ਦਿਨਾਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਦੌਰਾਨ ਮਾਹਿਰਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ, ਖਾਸ ਕਰਕੇ ਪੰਜਾਬੀ ਵਰਗੀਆਂ ਖੇਤਰੀ ਭਾਸ਼ਾਵਾਂ ਵਿੱਚ ਇਸ ਦੇ ਵਿਕਾਸ ਬਾਰੇ ਚਰਚਾ ਕੀਤੀ ਗਈ।
ਮੁੱਖ ਭਾਸ਼ਣ ਦੌਰਾਨ ਇਲੈਕਟ੍ਰਾਨਿਕਸ ਤਕਨਾਲੋਜੀ ਵਿਭਾਗ ਦੇ ਮੁਖੀ, ਡਾ. ਰਵਿੰਦਰ ਕੁਮਾਰ ਨੇ ਏ.ਆਈ ਦੀ ਵਰਤੋਂ ਸਮਾਜਿਕ ਭਲਾਈ ਲਈ ਵਰਤਣ `ਤੇ ਜ਼ੋਰ ਦਿੰਦਿਆਂ ਸਿਹਤ, ਖੇਤੀਬਾੜੀ, ਉਦਯੋਗ ਅਤੇ ਸਮਾਜ ਦੇ ਹੋਰਨਾਂ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਪਯੋਗਾਂ ਬਾਰੇ ਵਿਸਥਾਰ ਵਿੱਚ ਦੱਸਿਆ।ਉਨਾਂ੍ਹ ਕਿਹਾ ਕਿ ਏ.ਆਈ ਜਿਥੇ ਮਨੁੱਖ ਨੂੰ ਸੌਖਾ ਕਰੇਗੀ ਉਥੇ ਨੈਤਿਕ ਅਤੇ ਨੀਤੀਗਤ ਪੱਧਰ `ਤੇ ਮਨੁੱਖ ਲਈ ਮਸ਼ਕਿਲਾਂ ਵੀ ਖੜੀਆਂ ਹੋਣਗੀਆਂ।ਉਨ੍ਹਾਂ ਕਿਹਾ ਕਿ ਆਉਣ ਵਾਲਾ ਯੁੱਗ ਮਨੁੱਖੀ ਨੈਤਿਕਤਾ ਦੀ ਪ੍ਰੀਖਿਆ ਦਾ ਯੁੱਗ ਹੈ ਅਤੇ ਮਨੁੱਖ ਲਈ ਪਰਖ ਦੀ ਘੜੀ ਹੋਏਗੀ ਕਿ ਉਹ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਉਪਰ ਕਿਥੋਂ ਅਤੇ ਕਦੋਂ ਤੱਕ ਖੜ੍ਹਿਆ ਰਹਿ ਸਕਦਾ ਹੈ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ, ਪ੍ਰੋ. ਗੁਰਪ੍ਰੀਤ ਸਿੰਘ ਲਹਿਲ ਨੇ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿਚਕਾਰ ਅਨੁਵਾਦ ਕਾਰਜ਼, ਅਖਰ ਸਾਫਟਵੇਅਰ ਅਤੇ ਹੋਰ ਕਈ ਭਾਸ਼ਾ ਪ੍ਰੋਸੈਸਿੰਗ ਸਾਧਨਾਂ ਸਮੇਤ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਡਿਜ਼ੀਟਲ ਯੁੱਗ ਵਿੱਚ ਪੰਜਾਬੀ ਭਾਸ਼ਾ ਦੇ ਵਿਸਥਾਰ ਅਤੇ ਮਜ਼ਬੂਤੀ ਲਈ ਏ.ਆਈ ਵਰਗੀਆਂ ਆਧੁਨਿਕ ਤਕਨਾਲੋਜੀਆਂ ਨੂੰ ਅਪਣਾਉਣ ਦੀ ਮਹੱਤਤਾ `ਤੇ ਜ਼ੋਰ ਦਿੱਤਾ।
ਸੈਮੀਨਾਰ ਦੌਰਾਨ ਡਾ. ਕੁਲਦੀਪ ਸਿੰਘ ਸਹਾਇਕ ਪ੍ਰੋਫੈਸਰ ਇਲੈਕਟ੍ਰਾਨਿਕਸ ਤਕਨਾਲੋਜੀ ਵਿਭਾਗ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਬੁਨਿਆਦੀ ਧਾਰਨਾਵਾਂ ਪੇਸ਼ ਕੀਤੀਆਂ ਅਤੇ ਖੇਤਰੀ ਭਾਸ਼ਾਵਾਂ ਵਿੱਚ ਏ.ਆਈ-ਅਧਾਰਤ ਵੱਡੇ ਭਾਸ਼ਾ ਮਾਡਲ (ਐਲ.ਐਲ.ਐਮ) ਵਿਕਸਤ ਕਰਨ ਵਿੱਚ ਮੁੱਖ ਚੁਣੌਤੀਆਂ ਨੂੰ ਉਜਾਗਰ ਕੀਤਾ, ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪੰਜਾਬੀ `ਤੇ ਧਿਆਨ ਕੇਂਦਰਿਤ ਕੀਤਾ ਗਿਆ।ਉਨ੍ਹਾਂ ਨੇ ਭਾਸ਼ਾਈ ਵਿਭਿੰਨਤਾ ਨੂੰ ਪੂਰਾ ਕਰਨ ਵਾਲੀਆਂ ਏ.ਆਈ ਤਰੱਕੀਆਂ ਦੀ ਜ਼ਰੂਰਤ `ਤੇ ਜ਼ੋਰ ਦਿੱਤਾ।
ਡਾ. ਬਲਵਿੰਦਰ ਸਿੰਘ ਧਾਲੀਵਾਲ ਐਸੋਸੀਏਟ ਪ੍ਰੋਫੈਸਰ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ) ਚੰਡੀਗੜ੍ਹ ਨੇ ਏ.ਆਈ `ਤੇ ਇੱਕ ਇਤਿਹਾਸਕ ਦ੍ਰਿਸ਼ਟੀਕੋਣ ਪੇਸ਼ ਕੀਤਾ।ਡਾ. ਸਿਮਰਨਜੀਤ ਸਿੰਘ ਐਸੋਸੀਏਟ ਪ੍ਰੋਫੈਸਰ ਪੰਜਾਬ ਇੰਜੀਨੀਅਰਿੰਗ ਕਾਲਜ (ਪੀ.ਈ.ਸੀ) ਚੰਡੀਗੜ੍ਹ ਨੇ ਏ.ਆਈ ਤਰੱਕੀ ਦੇ ਦੁਆਲੇ ਨੈਤਿਕ ਵਿਚਾਰਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਏ.ਆਈ ਨੂੰ ਲਾਗੂ ਕਰਨ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਵਿਸਥਾਰ ਵਿੱਚ ਦੱਸਿਆ।ਡਾ. ਸਤਵਿੰਦਰ ਸਿੰਘ, ਪ੍ਰੋਫੈਸਰ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਅਤੇ ਡੀਨ ਸਕੂਲ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਨੇ ਐਲ.ਐਲ.ਐਮਜ਼ ਦੀ ਮੁੱਢਲੀ ਬਣਤਰ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਨ੍ਹਾਂ ਦੀ ਸੰਭਾਵਨਾ ਬਾਰੇ ਦੱਸਿਆ।
ਪੰਜਾਬੀ ਅਧਿਐਨ ਸਕੂਲ ਦੇ ਮੁਖੀ ਪ੍ਰੋ. ਮਨਜਿੰਦਰ ਸਿੰਘ ਨੇ ਏ.ਆਈ ਅਤੇ ਨੈਤਿਕਤਾ ਬਾਰੇ ਉਨ੍ਹਾਂ ਦੀਆਂ ਕੀਮਤੀ ਸੂਝਾਂ ਲਈ ਸਾਰੇ ਬੁਲਾਰਿਆਂ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …