ਛੀਨਾ ਨੇ 710 ਵਿਦਿਆਰਥਣਾਂ ਨੂੰ ਤਕਸੀਮ ਕੀਤੀਆਂ ਡਿਗਰੀਆਂ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਔਰਤ ਦਾ ਸਿੱਖਿਅਤ ਹੋਣਾ ਹੀ ਉਨ੍ਹਾਂ ਦਾ ਸ਼ਸ਼ਕਤੀਕਰਨ ਹੈ।ਰਵਾਇਤੀ ਸਿੱਖਿਆ ਤੋਂ ਇਲਾਵਾ ਹੱਥੀਂ ਕੰਮ ਕਰਨ ਤੇ ਹੁਨਰ ਨੂੰ ਉਜਾਗਰ ਕਰਨਾ ਵਿੱਦਿਆ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ।ਖ਼ਾਲਸਾ ਕਾਲਜ ਵੂਮੈਨ ਵਿਖੇ ਕਰਵਾਏ ਗਏ ਸਾਲਾਨਾ ਕਾਨਵੋਕੇਸ਼ਨ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ 710 ਦੇ ਕਰੀਬ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕਰਨ ਸਮੇਂ ਕੀਤਾ।
ਛੀਨਾ ਨੇ ਡਿਗਰੀ ਵੰਡ ਸਮਾਰੋਹ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਔਰਤਾਂ ਦੇ ਪੜ੍ਹੇ ਲਿਖੇ ਹੋਣ ਨਾਲ ਹੀ ਸਮਾਜ ਜਾਗਰੂਕ ਹੋ ਸਕਦਾ ਹੈ, ਕਿਉਂਕਿ ਸਮਾਜ ਅਤੇ ਹਰੇਕ ਇਨਸਾਨ ਦੀ ਤਰੱਕੀ ’ਚ ਔਰਤਾਂ ਦੀ ਭੂਮਿਕਾ ਅਹਿਮ ਹੈ।ਉਨ੍ਹਾਂ ਕਿਹਾ ਕਿ ਬੇਟੀਆਂ ਦੀ ਪੜ੍ਹਾਈ ਹੀ ਉਨ੍ਹਾਂ ਦਾ ਅਸਲੀ ਦਾਜ਼ ਹੈ ਅਤੇ ਵਿੱਦਿਆ ਹੀ ਧੀਆਂ ਨੂੰ ਮਾਪਿਆਂ, ਸਹੁਰੇ ਘਰ ਅਤੇ ਸਮਾਜ ’ਚ ਇੱਜ਼ਤ ਅਤੇ ਮਾਣ ਦਿਵਾਉਂਦੀ ਹੈ।ਇਸ ਲਈ ਹਰੇਕ ਲੜਕੀ ਲਈ ਪੜ੍ਹਾਈ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਇਕ ਕ੍ਰਾਂਤੀਕਾਰੀ ਬਦਲਾਅ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਲੜਕੇ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਉਹ ਆਪ ਵਿੱਦਿਆ ਹਾਸਲ ਕਰਦਾ ਹੈ, ਪਰ ਜੇਕਰ ਲੜਕੀ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਪੂਰਾ ਪਰਿਵਾਰ ਹੀ ਨਹੀਂ, ਸਗੋਂ ਸਮਾਜ ਵੀ ਸਿੱਖਿਅਤ ਹੁੰਦਾ ਹੈ।ਔਰਤਾਂ ਨੂੰ ਸਵੈ-ਰੁਜ਼ਗਾਰ ਦੇ ਖੇਤਰ ’ਚ ਮੱਲ੍ਹਾਂ ਮਾਰਦਿਆਂ ਖ਼ੁਦ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਲੜਕੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜੀਵਨ ਦਾ ਇਕ ਪੜ੍ਹਾਅ ਖ਼ਤਮ ਹੁੰਦਾ ਹੈ ਤੇ ਦੂਜਾ ਸ਼ੁਰੂ ਹੁੰਦਿਆਂ ਹੀ ਨਵੀਂ ਚੁਣੌਤੀ ਉਭਰਦੀ ਹੈ।ਉਨ੍ਹਾਂ ਕਿਹਾ ਕਿ ਡਿਗਰੀ ਪ੍ਰਾਪਤ ਕਰਨਾ ਜੀਵਨ ਦਾ ਸੰਘਰਸ਼ ਸਮਾਪਤ ਨਹੀਂ ਹੋਇਆ ਜੀਵਨ ਜਿਉਣ ਅਤੇ ਲੋਕਚਾਰੀ ’ਚ ਵਿਚਰ ਦਾ ਅਸਲ ਸਲੀਕਾ ਅੱਜ ਤੋਂ ਨਵੀਂ ਚੁਣੌਤੀ ਨਾਲ ਸ਼ੁਰੂ ਹੋਇਆ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਤਰੱਕੀ ਅਤੇ ਸੰਸਥਾ, ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਸੱਚੀ-ਸੁੱਚੀ ਅਤੇ ਦੂਰਅੰਦੇਸ਼ੀ ਸੋਚ ਨਾਲ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪ੍ਰੋਫੈਸ਼ਨਲ ਵਿੱਦਿਆ ਅਪਨਾ ਕੇ ਜੀਵਨ ’ਚ ਆਪਣੀ ਪਛਾਣ ਨੂੰ ਉਜਾਗਰ ਕਰਨ ’ਤੇ ਵੀ ਜ਼ੋਰ ਦਿੱਤਾ।ਉਨ੍ਹਾਂ ਨੇ ਇਤਿਹਾਸਕ ਅਤੇ ਸਮਾਜਿਕ ਪੱਖੋਂ ਔਰਤਾਂ ਦੇ ਸਮਾਜ ’ਚ ਵਧਦੇ ਅਤੇ ਪਸਰਦੇ ਸਥਾਨ ’ਤੇ ਗਹਿਰੀ ਝਾਤ ਪਾਉਂਦਿਆਂ ਕਿਹਾ ਕਿ ਭਾਵੇਂ ਅੱਜ ਔਰਤ ਉਚ ਸਥਾਨਾਂ ’ਤੇ ਬਿਰਾਜਮਾਨ ਹੈ ਪਰ ਫ਼ਿਰ ਵੀ ਉਸ ਨੂੰ ਆਪਣੇ ਹੱਕਾਂ ਲਈ ਸੈਂਕੜੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਾਨਵੋਕੇਸ਼ਨ ਦੌਰਾਨ ਸ: ਛੀਨਾ ਨੇ ਗਵਰਨਿੰਗ ਕੌਂਸਲ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਡਾ. ਮਹਿਲ ਸਿੰਘ, ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਪੋਸਟ ਗ੍ਰੈਜ਼ੂਏਸ਼ਨ ਅਤੇ ਗ੍ਰੈਜ਼ੂਏਸ਼ਨ ਪੱਧਰ ਦੀਆਂ ਆਰਟਸ, ਸਾਇੰਸ, ਕੰਪਿਊਟਰ ਸਾਇੰਸ, ਫ਼ੈਸ਼ਨ ਡਿਜ਼ਾਈਨਿੰਗ, ਕਾਮਰਸ ਦੀਆਂ ਕਰੀਬ 710 ਵਿਦਿਆਰਥਣਾਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ।ਪੀ.ਐਚ.ਡੀ ਡਿਗਰੀ ਸੰਪੂਰਨ ਕਰਨ ਵਾਲੇ 7 ਅਧਿਆਪਕਾਂ ਅਤੇ 2 ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ ਅਤੇ 2 ਅਧਿਆਪਕਾਂ ਨੂੰ ਬੈਸਟ ਰਿਸਰਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਹੀ ਆਈ. ਸੀ.ਐਸ.ਐਸ.ਆਰ ਵੱਲੋਂ ਸਪਾਂਸਰ ਸੈਮੀਨਾਰ ਦੀਆਂ ਪੁਸਤਕਾਂ ਅਤੇ ਕਾਲਜ ਰਿਸਰਚ ਜਨਰਲ ਸੈਗਾਸਿਟੀ ਪੁਸਤਕ ਰਿਲੀਜ਼ ਸਰਮਨੀ ਕੀਤੀ ਗਈ।
ਇਸ ਤੋਂ ਪਹਿਲਾਂ ਡਾ. ਸੁਰਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਟ ਕੀਤੇ।ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਕਰਨ ਉਪਰੰਤ ਡਾ. ਸੁਰਿੰਦਰ ਕੌਰ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਵੱਲੋਂ ਵੱਖ-ਵੱਖ ਖੇਤਰਾਂ ’ਚ ਹਾਸਲ ਕੀਤੀਆਂ ਉਪਲਬੱਧੀਆਂ ਤੇ ਸਰਗਰਮੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ।ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਖ਼ਾਲਸਾ ’ਵਰਸਿਟੀ ਦੇ ਐਗਜੈਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਕੌਂਸਲ ਦੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਪਰਮਜੀਤ ਸਿੰਘ ਬੱਲ, ਲਖਵਿੰਦਰ ਸਿੰਘ ਢਿੱਲੋਂ, ਰਾਜਬੀਰ ਸਿੰਘ, ਸੰਤੋਖ ਸਿੰਘ ਸੇਠੀ, ਗੁਰਪ੍ਰੀਤ ਸਿੰਘ ਗਿੱਲ, ਮੈਂਬਰ ਸਰਬਜੀਤ ਸਿੰਘ ਹੁਸ਼ਿਆਰ ਨਗਰ, ਖ਼ਾਲਸਾ ਕਾਲਜ ਪ੍ਰਿੰਸਪਲ ਡਾ. ਆਤਮ ਸਿੰਘ ਰੰਧਾਵਾ, ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਲਕਸ਼ਮੀ ਚੋਪੜਾ ਤੋਂ ਇਲਾਵਾ ਵਾਈਸ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ, ਡਾ. ਮਨਬੀਰ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।