ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵਲੋਂ ਪ੍ਰਾਪਤ ਹੋਏ ਆਦੇਸ਼ ‘ਤੇ ਵਿਭਾਗ ਵਲੋਂ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ।ਉਹ ਨੰਗੇ ਪੈਰ ਚੱਲ ਕੇ ਸ੍ਰੀ ਦਰਬਾਰ ਸਾਹਿਬ ਪੁੱਜੇ ਅਤੇ ਉਥੋਂ ਦੇਗ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ।ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬਾਨ ਕੋਲ ਆਪਣਾ ਸਪੱਸ਼ਟੀਕਰਨ ਦਿੱਤਾ।ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੌਂਦ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੀ ਸੁਪਰੀਮ ਸੰਸਥਾ ਹੈ ਅਤੇ ਸਿੰਘ ਸਾਹਿਬਾਨ ਵਲੋਂ ਦਿੱਤਾ ਗਿਆ ਹਰ ਆਦੇਸ਼ ਸਾਡੇ ਲਈ ਰੱਬੀ ਹੁਕਮ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਸਮਾਰਕ ਬਣਾਇਆ ਗਿਆ ਹੈ, ਜਿਸ ਵਿੱਚ ਲਗਾਈ ਗਈ ਇੱਕ ਤਸਵੀਰ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਇਤਰਾਜ਼ ਜਤਾਉਂਦਿਆਂ ਤਲਬ ਕੀਤਾ ਸੀ।ਉਨ੍ਹਾਂ ਦੱਸਿਆ ਕਿ ਅਸੀਂ ਉਨਾਂ ਦੇ ਇਤਰਾਜ਼ ਅਨੁਸਾਰ ਤਸਵੀਰ ਤਾਂ ਉਸੇ ਦਿਨ ਹੀ ਦਰੁਸਤ ਕਰ ਦਿੱਤੀ ਸੀ, ਪਰ ਵਿਭਾਗ ਦਾ ਮੁਖੀ ਹੋਣ ਦੇ ਨਾਤੇ ਉਹ ਅੱਜ ਨੂੰ ਸਪੱਸ਼ਟੀਕਰਨ ਦੇਣ ਲਈ ਆਏ ਹਨ।
ਉਨ੍ਹਾਂ ਦੱਸਿਆ ਕਿ ਸਿੰਘ ਸਾਹਿਬਾਨ ਨੇ ਉਨ੍ਹਾਂ ਦਾ ਪੱਖ ਸੁਣਦੇ ਹੋਏ ਹੁਕਮ ਦਿੱਤਾ ਹੈ ਕਿ ਵਿਭਾਗ ਵੱਲੋਂ ਕਰਵਾਏ ਜਾਂਦੇ ਕਿਸੇ ਵੀ ਕੰਮ ਵਿੱਚ ਸਿੱਖ ਧਰਮ ਦੀ ਮਰਿਯਾਦਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਗੁਰੂਆਂ ਤੇ ਸ਼ਹੀਦਾਂ ਦੇ ਸਤਿਕਾਰ ਵਿੱਚ ਕੋਈ ਕੁਤਾਹੀ ਨਾ ਹੋਵੇ।ਸੌਂਦ ਨੇ ਦੱਸਿਆ ਕਿ ਸਿੰਘ ਸਾਹਿਬਾਨ ਨੇ ਇਹ ਵੀ ਕਿਹਾ ਹੈ ਕਿ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਕਿਸੇ ਵਿਦਵਾਨ ਅਧਿਕਾਰੀ ਨੂੰ ਵਿਭਾਗ ਵਿੱਚ ਨਿਯੁੱਕਤ ਕੀਤਾ ਜਾਵੇ।
ਸੌਂਦ ਨੇ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਣੂ ਕਰਵਾ ਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਭਵਿੱਖ ਵਿੱਚ ਕੋਈ ਵੀ ਗਲਤੀ ਸਾਡੇ ਕੋਲੋਂ ਜਾਣੇ-ਅਨਜਾਣੇ ਵਿੱਚ ਨਾ ਹੋਵੇ।ਉਨ੍ਹਾਂ ਕਿਹਾ ਕਿ ਵਿਭਾਗ ਨੂੰ ਵੀ ਇਸ ਸਬੰਧੀ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਜਦੋਂ ਵੀ ਧਰਮ ਨਾਲ ਸਬੰਧਤ ਕੋਈ ਵੀ ਪ੍ਰੋਗਰਾਮ ਜਾਂ ਕੰਮ ਕੀਤਾ ਜਾਵੇ ਤਾਂ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਅਗਵਾਈ ਲਈ ਜਾਣੀ ਯਕੀਨੀ ਬਣਾਈ ਜਾਵੇ।
Check Also
ਡਾ. ਕਮਲਦੀਪ ਸ਼ਰਮਾ ਨੂੰ ਆਈ.ਡੀ.ਏ ਅੰਮ੍ਰਿਤਸਰ ਨੇ ਪ੍ਰਧਾਨ ਦਾ ਅਹੁੱਦਾ ਸੰਭਾਲਿਆ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਡਾ. ਕਮਲਦੀਪ ਸ਼ਰਮਾ (ਐਮ.ਡੀ.ਐਸ ਪ੍ਰੋਸਥੋਡੋਂਟਿਕਸ), ਡਾ. ਕਮਲਜ਼ ਸਮਾਈਲ ਸਟੂਡੀਓ …
Punjab Post Daily Online Newspaper & Print Media