ਸ਼੍ਰੋਮਣੀ ਕਮੇਟੀ ਤੁਰੰਤ ਨੰਦਗੜ੍ਹ ਨੂੰ ਸੇਵਾ ਮੁਕਤ ਕਰੇ
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਬਾਈਕਾਟ ਵਾਪਿਸ

ਜੰਡਿਆਲਾ ਗੁਰੂ, 15 ਜਨਵਰੀ (ਹਰਿੰਦਰਪਾਲ ਸਿੰਘ/ ਵਰਿੰਦਰ ਸਿੰਘ) – ਸਿੱਖ ਕੋਮ ਲਈ ਸਾਰੇ ਹੀ ਤਖਤਾਂ ਦੇ ਜਥੇਦਾਰ ਸਤਿਕਾਰਯੋਗ ਹਨ, ਪਰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੋਜੂਦਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਤਖਤ ਦਾ ਮਾਣ ਸਤਿਕਾਰ ਹਮੇਸ਼ਾ ਘਟਾਉਂਦੇ ਰਹੇ ਹਨ ਅਤੇ ਹੁਣ ਵੀ ਨਾਨਕਸ਼ਾਹੀ ਕੈਲੰਡਰ ਅਤੇ ਖਾਲਿਸਤਾਨ ਦਾ ਮੁੱਦਾ ਵਰਤ ਕੇ ਆਪਣੇ ਅਹੁਦੇ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਿੱਚ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਕਿਹਾ ਕਿ ਜਥੇਦਾਰ ਨੰਦਗੜ੍ਹ ਅੱਜ ਜਿਹਨਾਂ ਦੀ ਮਦਦ ਲੈ ਰਹੇ ਹਨ ਕਲ੍ਹ ਤੱਕ ਉਹਨਾਂ ਨੂੰ ਕਾਂਗਰਸ ਦੇ ਏਜੰਟ ਅਤੇ ਆਰ ਐਸ ਐਸ ਦੇ ਪਾਲਤੂ ਕਹਿੰਦੇ ਸਨ।ਜਥੇਦਾਰ ਨੰਦਗੜ੍ਹ ਵਲੋਂ ਸਿਮਰਨਜੀਤ ਸਿੰਘ ਨੂੰ ਦਿਮਾਗੀ ਤੋਰ ਤੇ ਸ਼ਰਾਰਤੀ ਅਨਸਰ, ਸਰਨਾਂ ਭਰਾਵਾਂ ਨੂੰ ਕਾਂਗਰਸ ਦੇ ਏਜੰਟ ਅਤੇ ਭਾਈ ਪੰਥਪ੍ਰੀਤ ਸਿੰਘ ਨੂੰ ਆਰ ਐਸ ਐਸ ਦਾ ਬੰਦਾ ਕਿਹਾ ਜਾਂਦਾ ਸੀ।ਇਹ ਸਭ ਕੁੱਝ ਨੰਦਗੜ੍ਹ ਨੂੰ ਪਹਿਲਾਂ ਕਿਉਂ ਨਜ਼ਰ ਨਾ ਆਇਆ ? ਪੰਥਕ ਸੇਵਾ ਲਹਿਰ ਦੇ ਮੁੱਖੀ ਅਤੇ ਉਘੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸਬੰਧੀ ਕੱਢੇ ਗਏ ਨਗਰ ਕੀਰਤਨ ਦਾ ਸਵਾਗਤ ਨਾ ਕਰਕੇ ਜਥੇਦਾਰ ਨੰਦਗੜ੍ਹ ਨੇ ਪੰਜ ਪਿਆਰਿਆਂ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕੀਤਾ ਹੈ। ਦਾਦੂਵਾਲ ਨੇ ਕਿਹਾ ਕਿ ਜਥੇਦਾਰ ਵਲੋਂ ਵਾਰ-ਵਾਰ ਅਪਣੇ ਬਿਆਨ ਦੇ ਕੇ ਪਾਸਾ ਪਲਟਿਆ ਜਾਂਦਾ ਹੈ ਜੋ ਕਿ ਤਖਤਾਂ ਦੇ ਜਥੇਦਾਰਾਂ ਨੂੰ ਸ਼ੋਭਾ ਨਹੀਂ ਦਿੰਦਾ।ਸੰਤ ਦਾਦੂਵਾਲ ਨੇ ਕਿਹਾ ਡੇਰਾ ਬਿਆਸ ਵੜੈਚ ਕੀ ਪੱਤੀ ਵਾਲੇ ਮਸਲੇ ਵਿੱਚ ਸਿੱਖ ਜਥੇਬੰਦੀਆਂ ਕੋਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਬਾਈਕਾਟ ਕਰਵਾਇਆ ਗਿਆ, ਜੋ ਅੱਜ ਤੱਕ ਅਸੀ ਨਿਰੰਤਰ ਜਾਰੀ ਰੱਖਿਆ ਅਤੇ ਉਸੇ ਜਗਾ ਉੱਪਰ ਗੁਰਦੁਆਰਾ ਸਾਹਿਬ ਦੀ ਉਸਾਰੀ ਫਿਰ ਸ਼ੁਰੂ ਕਰਵਾਈ।ਅੱਜ ਦੇ ਹਾਲਾਤਾਂ ਅਨੁਸਾਰ ਅਸੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਬਾਈਕਾਟ ਵਾਪਿਸ ਲੈਂਦੇ ਹਾਂ ਅਤੇ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਸਬੰਧੀ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਾਂਗੇ ਤਾਂ ਜੋ ਪੰਥ ਵਿੱਚ ਖਾਨਾਜੰਗੀ ਪੈਦਾ ਨਾ ਹੋਵੇ।
ਬਾਬਾ ਦਾਦੂਵਾਲ ਨੇ ਕਿਹਾ ਕਿ ਜਥੇਦਾਰ ਨੰਦਗੜ੍ਹ ਪੰਥਕ ਮੁਦਿਆਂ ਨੂੰ ਸੁਲਝਾਉਣ ਦੀ ਜਗਾ ਵਿਗਾੜ ਰਹੇ ਹਨ ਜਿਸ ਕਰਕੇ ਸ਼੍ਰੋਮਣੀ ਕਮੇਟੀ ਵਲੋਂ ਨੰਦਗੜ੍ਹ ਨੂੰ ਤੁਰਂੰਤ ਸੇਵਾ ਮੁਕਤ ਕਰਕੇ ਨਵਾਂ ਜਥੇਦਾਰ ਨਿਯੁੱਕਤ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਜਥੇਦਾਰ ਨਾ ਬਣਾਇਆ ਜਾਵੇ ਜਿਸ ਨੂੰ ਮੂਲ ਮੰਤਰ ਦੇ ਅਰਥ ਵੀ ਨਾ ਆਉਂਦੇ ਹੋਣ ਜਿਵੇਂ ਕਿ ਅਮਰੀਕ ਸਿੰਘ ਕੋਟਸ਼ਮੀਰ ਵਰਗੇ ਵਿਅਕਤੀ ਦਾ ਨਾਮ ਲਿਆ ਜਾ ਰਿਹਾ ਹੈ।ਇਸ ਮੋਕੇ ਉਹਨਾਂ ਦੇ ਨਾਲ ਪੰਥਕ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਬਾਬਾ ਜਸਵਿੰਦਰ ਸਿੰਘ, ਭਾਈ ਖੜਕ ਸਿੰਘ, ਮੱਖਣ ਸਿੰਘ, ਜਗਮੀਤ ਸਿੰਘ, ਹਰਜਿੰਦਰ ਸਿੰਘ, ਗੁਰਸੇਵਕ ਸਿੰਘ, ਦਲੇਰ ਸਿੰਘ ਆਦਿ ਹਾਜਿਰ ਸਨ।
Punjab Post Daily Online Newspaper & Print Media