
ਅੰਮ੍ਰਿਤਸਰ, 15 ਜਨਵਰੀ (ਪ੍ਰੀਤਮ ਸਿੰਘ) – ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਇਤਿਹਾਸਕ ਖ਼ਾਲਸਾ ਕਾਲਜ ਨੂੰ ‘ਕਾਲਜ ਵਿਦ ਪੋਟੈਂਸ਼ੀਅਲ ਫ਼ਾਰ ਐਕਸੇਲੰਸ’ ਐਲਾਨਦਿਆਂ ਸੰਸਥਾ ਨੂੰ 1 ਕਰੋੜ 50 ਲੱਖ ਦੀ ਸਪੈਸ਼ਲ ਗ੍ਰਾਂਟ ਦੇਣ ਦਾ ਫ਼ੈਸਲਾ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਹ ਲਗਾਤਾਰ ਤੀਸਰੀ ਵਾਰ ਹੈ ਕਿ ਕਾਲਜ ਨੂੰ ਇਹ ਖਿਤਾਬ ਹਾਸਲ ਹੋਇਆ। ਉਨ੍ਹਾਂ ਕਿਹਾ ਕਿ ਇਹ ਰੁਤਬਾ ਯੂ. ਜੀ. ਸੀ. ਦੁਆਰਾ ਗਠਿਤ ਖਾਸ ਮਾਹਿਰਾਂ ਦੀ ਕਮੇਟੀ ਦੀ ਸਿਫ਼ਾਰਸ ਦੇ ਅਧਾਰ ‘ਤੇ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਯੂ. ਜੀ. ਸੀ. ਦੇ ਡਿਪਟੀ ਕੋਆਰਡੀਨੇਟਰ ਡਾ. ਅਮਿਤ ਆਨੰਦ ਅਤੇ ਕਾਲਜ ਦੇ ਯੂ. ਜੀ. ਸੀ. ਕੋਆਰਡੀਨੇਟਰ ਡਾ. ਜੇ. ਐੱਸ. ਗਾਂਧੀ ਦੇ ਧੰਨਵਾਦੀ ਹਨ, ਜਿਨ੍ਹਾ ਦੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਹੋਇਆ।
ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਖਾਸ ਗ੍ਰਾਂਟ ਨੂੰ ਵਿੱਦਿਅਕ ਗਤੀਵਿਧੀਆਂ ਤੋਂ ਇਲਾਵਾ ਖੇਡਾਂ ਅਤੇ ਕਾਲਜ ਦੇ ਮੁੱਢਲੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਰਤਿਆ ਜਾਵੇਗਾ। ਉਨ੍ਹਾਂ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨੇਰਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੋਂ ਇਲਾਵਾ ਸਮੂੰਹ ਮੈਂਨੇਜ਼ਮੈਂਟ ਦਾ ਕਾਲਜ ਵਿਖੇ ਵਿੱਦਿਆ ਪ੍ਰਸਾਰ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਦਿੱਤੀ ਰਹਿਨੁਮਾਈ ‘ਤੇ ਵੀ ਉਨ੍ਹਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media