ਐਸ.ਐਸ.ਪੀ. ਵਿਜੀਲੈਂਸ ਸੁਖਮਿੰਦਰ ਸਿੰਘ ਮਾਨ ਨੇ ਮੁਹਿੰਮ ਦਾ ਕੀਤਾ ਆਗ਼ਾਜ਼

ਅੰਮ੍ਰਿਤਸਰ, 15 ਜਨਵਰੀ (ਰੋਮਿਤ ਸ਼ਰਮਾ)- ਧੁੰਦ ਅਤੇ ਹਨੇਰੇ ਦੌਰਾਨ ਸੜਕਾਂ ‘ਤੇ ਹੁੰਦੇ ਹਾਦਸੇ ਰੋਕਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਸਰਬੱਤ ਦਾ ਭਲਾ ਟਰੱਸਟ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਅੱਜ ਇੱਥੇ ਗੱਡੀਆਂ ਦੇ ਪਿੱਛੇ ਰਿਫਲੈਕਟਰ ਸਟਿੱਕਰ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਐਸ.ਐਸ.ਪੀ. ਵਿਜੀਲੈਂਸ ਸ: ਸੁਖਮਿੰਦਰ ਸਿੰਘ ਮਾਨ ਨੇ ਕੀਤੀ।
ਇਸ ਮੁਹਿੰਮ ਦੌਰਾਨ ਸ: ਐਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਵਾਲੇ ਸਰਬੱਤ ਦਾ ਭਲਾ ਟਰੱਸਟ (ਰਜਿ:) ਵੱਲੋਂ ਪੰਜਾਬ, ਹਰਿਆਣਾ ਤੇ ਹਿਮਾਚਲ ਸੂਬਿਆਂ ਵਿਚ 20 ਲੱਖ ਰਿਫਲੈਕਟਰ ਸਟਿੱਕਰ ਲਗਾਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ।ਅੱਜ ਗੁਰੂ ਨਗਰੀ ਤੇ ਪੂਰੇ ਜ਼ਿਲ੍ਹੇ ਵਿੱਚ ਇਸ ਮੁਹਿੰਮ ਦਾ ਆਗਾਜ਼ ਕਰਦਿਆਂ ਐਸ.ਐਸ.ਪੀ. ਵਿਜੀਲੈਂਸ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਟਰੱਸਟ ਵੱਲੋਂ ਚਲਾਈ ਗਈ ਇਹ ਮੁਹਿੰਮ ਸ਼ਲਾਘਾਯੋਗ ਹੈ ਕਿਉਂਕਿ ਧੁੰਦ ਤੇ ਸੰਘਣੇ ਹਨੇਰੇ ਦੌਰਾਨ ਗੱਡੀਆਂ ਪਿੱਛੇ ਰਿਫਲੈਕਟਰ ਨਾ ਹੋਣ ਕਾਰਨ ਪੰਜਾਬ ਦੀਆਂ ਸੜਕਾਂ ‘ਤੇ ਹਜ਼ਾਰਾਂ ਲੋਕ ਬੇਵਕਤੀ ਮੌਤ ਦਾ ਸ਼ਿਕਾਰ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਿਫਲੈਕਟਰਾਂ ਦੀ ਲੋੜ ਅਤੇ ਮਹੱਤਤਾ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਤਾਂ ਜੋ ਹੱਸਦੇ-ਵੱਸਦੇ ਘਰਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਖਾਸ ਕਰਕੇ ਜ਼ਿਮੀਂਦਾਰਾਂ ਵੱਲੋਂ ਵਰਤੀਆ ਜਾਂਦੀਆਂ ਟਰੈਕਟਰ-ਟਰਾਲੀਆਂ, ਰੇਹੜੇ ਆਦਿ ਦੇ ਪਿੱਛੇ ਰਿਫਲੈਕਟਰ ਲਾਉਣੇ ਅਤਿ ਜ਼ਰੂਰੀ ਹਨ। ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸ: ਸੁਖਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਬੀਤੇ ਸਾਲ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੌਰਾਨ ਸਰਬੱਤ ਦਾ ਭਲਾ ਟਰੱਸਟ ਵੱਲੋਂ ਪੁਲਿਸ ਦੇ ਸਹਿਯੋਗ ਨਾਲ 13 ਲੱਖ ਦੇ ਕਰੀਬ ਰਿਫਲੈਕਟਰ ਲਗਾਏ ਸਨ, ਜਿਸ ਵਿੱਚੋਂ 10 ਹਜ਼ਾਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਲਗਾਏ ਗਏ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਲੋਕ-ਭਲਾਈ ਦੀਆਂ ਹੋਰ ਵੀ ਅਨੇਕਾਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਵਿਧਵਾ ਪੈਨਸ਼ਨਾਂ, ਮੁਫ਼ਤ ਕੰਪਿਊਟਰ ਸੈਂਟਰ, ਸਿਲਾਈ ਕੇਂਦਰ, ਮੁਫ਼ਤ ਆਰ. ਓ. ਪਲਾਂਟਾਂ ਦੀ ਸਥਾਪਤੀ, ਬਿਰਧ ਆਸ਼ਰਮ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਕੂਲ, ਬੇਘਰਿਆਂ ਲਈ ਘਰਾਂ ਦੀ ਉਸਾਰੀ, ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣੇ, ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕਰਕੇ ਲੈਨਜ਼ ਪਾਉਣੇ ਅਤੇ ਗ਼ਰੀਬ ਪਰ ਹੋਣਹਾਰ ਵਿਦਿਆਰਥੀਆਂ ਨੂੰ ਉੱਚ-ਵਿਦਿਆ ਲਈ ਮਦਦ ਦੇਣੀ ਆਦਿ ਪ੍ਰਮੁੱਖ ਹਨ। ਇਸ ਮੌਕੇ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਸੁਖਦੀਪ ਸਿੱਧੂ, ਰਵਿੰਦਰ ਸਿੰਘ ਰੌਬਿਨ, ਮਨਪੀ੍ਰਤ ਸੰਧੂ ਚਮਿਆਰੀ, ਹਰਜਿੰਦਰ ਸਿੰਘ ਹੇਰ, ਸ਼ਿਵਦੇਵ ਸਿੰਘ ਬੱਲ, ਨਵਜੀਤ ਸਿੰਘ ਘਈ, ਅਮਰਜੀਤ ਸਿੰਘ, ਪਲਵਿੰਦਰ ਸਿੰਘ ਸਰਹਾਲਾ, ਰਮਿੰਦਰ ਸਿੰਘ ਰੰਮੀ, ਬਲਵਿੰਦਰ ਕੌਰ, ਆਸ਼ਾ ਸ਼ਰਮਾ, ਕਮਲਜੀਤ ਕੌਰ ਗਿੱਲ, ਆਰ. ਕੇ. ਦੇਵਗਨ, ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media