Saturday, March 21, 2026

ਭਾਈ ਘਨ੍ਹੱਈਆ ਜੀ ਰੈਡ ਕਰਾਸ ਦੇ ਸਿਧਾਂਤਕ ਬਾਨੀ ਸਨ – ਜੀ.ਕੇ

ਦਿੱਲੀ ਕਮੇਟੀ ਵੱਲੋਂ ਭਾਈ ਸਾਹਿਬ ਦੇ ਜੀਵਨ ਸੈਮੀਨਾਰ

PPN1701201504

ਨਵੀਂ ਦਿੱਲੀ, 17 ਜਨਵਰੀ (ਅੰਮ੍ਰਿਤ ਲਤਲ ਮੰਨਣ) – ਸੇਵਾ ਪੰਥੀ ਸੰਪਰਦਾਵਾਂ ਦੇ ਮੋਢੀ ਅਤੇ ਮਰਜੀਵੜੇ ਗੁਰਸਿੱਖ ਭਾਈ ਘਨ੍ਹਈਆ ਜੀ ਦੀ ਯਾਦ ਵਿੱਚ ਸੈਮੀਨਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਸੁੰਦਰੀ ਕਾਲਜ ਅੋਡੀਟੋਰੀਅਮ ਵਿਖੇ ਕਰਵਾਇਆ ਗਿਆ।ਜਿਸ ਵਿਚ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਭਾਈ ਘਨ੍ਹਈਆ ਜੀ ਬਾਰੇ ਦਿੱਲੀ ਕਮੇਟੀ ਵੱਲੋਂ ਸੈਮੀਨਾਰ ਕਰਵਾਉਣ ‘ਤੇ ਵਧਾਈ ਦਿੰਦੇ ਹੋਏ ਭਾਈ ਸਾਹਿਬ ਨੂੰ ਸਿੱਖ ਧਰਮ ਦੀ ਅਣਮੁੱਲੀ ਤਾਕਤ ਦੱਸਿਆ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣ ਉਪਰੰਤ ਜਿਸ ਤਰ੍ਹਾਂ ਨਾਲ ਸਮਾਜਿਕ ਸੇਵਾ ਦੇ ਭਾਵ ਨੂੰ ਅੱਗੇ ਵਧਾਇਆ ਉਸ ਦੀ ਮਿਸਾਲ ਸਿੱਖ ਧਰਮ ਵਿੱਚ ਲੱਭਣੀ ਮੁਸ਼ਕਲ ਹੈ।
ਸਵਾਗਤੀ ਸੰਬੋਧਨ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਭਾਈ ਘਨ੍ਹੱਈਆ ਜੀ ਨੂੰ ਰੈਡ ਕਰਾਸ ਦੇ ਸਿਧਾਂਤ ਦਾ ਬਾਨੀ ਦੱਸਦੇ ਹੋਏ ਸਿੱਖ ਕੌਮ ਵਿਚ ਕੰਮ ਕਰ ਰਹੀਆ ਵੱਖ-ਵੱਖ ਸੇਵਾ ਪੰਥੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ।ਸਿੱਖ ਇਤਿਹਾਸਕਾਰਾਂ ਵੱਲੋਂ ਭਾਈ ਸਾਹਿਬ ਦੇ ਜੀਵਨ ਬਾਰੇ ਵਿਸਥਾਰ ਸਹਿਤ ਤੱਥ ਸੰਗਤਾਂ ਸਾਹਮਣੇ ਨਾ ਲਿਆ ਸਕਣ ‘ਤੇ ਵੀ ਜੀ.ਕੇ ਨੇ ਅਫਸੋਸ ਪ੍ਰਗਟਾਇਆ।ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਹੀ ਇਹ ਨਿਵੇਕਲੀ ਮਿਸਾਲ ਮਿਲਦੀ ਹੈ ਕਿ ਜੰਗ ਦੇ ਮੈਦਾਨ ਵਿੱਚ ਸਾਡੇ ਖਿਲਾਫ ਲੜ ਰਹੇ ਦੁਸ਼ਮਣ ਨੂੰ ਵੀ ਮੱਲ੍ਹਮ ਪੱਟੀ ਕਰਵਾਉਣ ਅਤੇ ਜਲ ਛੱਕਣ ਦਾ ਹੱਕ ਹੈ।ਸਿੱਖ ਗੁਰੂਆਂ ਵੱਲੋਂ ਲੜੀਆਂ ਗਈਆਂ ਜੰਗਾਂ ਨੂੰ ਆਪਣੇ ਨਿੱਜੀ ਮੁਫਾਦ ਦੀ ਬਜਾਏ ਜ਼ੁਲਮ ਅਤੇ ਜ਼ਬਰ ਨੂੰ ਖਤਮ ਕਰਨ ਵਾਸਤੇ ਲੜਨ ਦਾ ਵੀ ਜੀ.ਕੇ ਨੇ ਦਾਅਵਾ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਅਰੰਭਕ ਸ਼ਬਦ ਸਿਰਲੇਖ ਹੇਠ ਭਾਈ ਸਾਹਿਬ ਦੇ ਜੀਵਨ ਤੇ ਪ੍ਰਕਾਸ਼ ਪਾਇਆ।ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ ਵੱਲੋਂ ਪਹਿਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਪੰਜਾਬੀ ਯੂਨਿਵਰਸਿਟੀ ਦੇ ਸਾਬਕਾ ਮੁੱਖੀ ਡਾ. ਬਲਕਾਰ ਸਿੰਘ ਵੱਲੋਂ ਦੂਜਾ ਅਤੇ ਪੰਜਾਬੀ ਯੂਨਿਵਰਸਿਟੀ ਦੇ ਲੈਕਚਰਾਰ ਡਾ. ਬਲਜਿੰਦਰ ਸਿੰਘ ਵੱਲੋਂ ਤੀਜਾ ਪਰਚਾ ਭਾਈ ਸਾਹਿਬ ਦੇ ਜੀਵਨ ਅਤੇ ਸਿਧਾਂਤਾ ਬਾਰੇ ਜਾਣੂੰ ਕਰਵਾਉਂਦਾ ਹੋਇਆ ਸੰਗਤਾਂ ਸਾਹਮਣੇ ਪੜਿਆ ਗਿਆ।
ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਵਿਚਾਰ ਚਰਚਾ ਦੌਰਾਨ ਜੋਰ ਦਿੱਤਾ ਕਿ ਭਾਈ ਸਾਹਿਬ ਵੱਲੋਂ ਸਿੱਖੀ ਦੀ ਉਸਾਰੀ ਗਈ ਸੇਵਾ ਦੀ ਇਹ ਨਿਵੇਕਲੀ ਪਰਤ ਸੰਗਤਾਂ ਸਾਹਮਣੇ ਲਿਆਉਣ ਵਾਸਤੇ ਦਿੱਲੀ ਕਮੇਟੀ ਨੂੰ ਹੋਰ ਕਾਰਜ ਵੀ ਕਰਨੇ ਚਾਹੀਦੇ ਹਨ।ਉੱਘੇ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵੱਲੋਂ ਜਿਥੇ ਗੁਰੂ ਸਾਹਿਬ ਦੇ ਨਾਲ ਰਹਿ ਕੇ ਭਾਈ ਸਾਹਿਬ ਵੱਲੋਂ ਕੀਤੇ ਗਏ ਸਮਾਜਿਕ ਕਾਰਜਾਂ ਨੂੰ ਬੇਮਿਸਾਲ ਦੱਸਿਆ ਗਿਆ ਉਥੇ ਹੀ ਭਾਈ ਸਾਹਿਬ ਜੀ ਦੇ ਇਕ ਖਾਂਦੇ ਪੀਂਦੇ ਘਰ ਦੇ ਵਾਰਿਸ ਹੋਣ ਦੇ ਬਾਵਜੂਦ ਪਦਾਰਥਕ ਪ੍ਰਾਪਤੀਆਂ ਵੱਲ ਧਿਆਨ ਨਾ ਰੱਖਣ ਬਾਰੇ ਵੀ ਚਾਨਣਾ ਪਾਇਆ ਗਿਆ।
ਬੁਲਾਰਿਆਂ ਅਨੁਸਾਰ ਭਾਈ ਸਾਹਿਬ ਵਰਗੀਆਂ ਰੂਹਾਂ ਇਸ ਸੰਸਾਰ ਵਿੱਚ ਵਿਰਲੀਆਂ ਮਿਲਦੀਆਂ ਹਨ, ਜੋ ਅਧਿਆਤਮਿਕ ਮਜਬੂਰੀ ਨਾ ਹੋਣ ਦੇ ਬਾਵਜੂਦ ਗੁਰੂ ਵਰਸੋਈ ਸਿੱਖ ਸੋਚ ਨੂੰ ਅੱਗੇ ਰੱਖਣ ਵਾਸਤੇ ਵਚਨਬੱਧ ਹਨ। ਗੁਰੂ ਨਾਨਕ ਸਾਹਿਬ ਵੱਲੋਂ ਸੇਵਾ ਦੀ ਜਿਸ ਜੁਗਤ ਦੀ ਨੀਂਹ ਰੱਖੀ ਗਈ ਸੀ, ਉਸ ਨੂੰ ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਗਵਾਈ ਹੇਠ ਭਾਈ ਸਾਹਿਬ ਨੇ ਸੱਚ ਕਰ ਵਿਖਾਇਆ।ਪੰਥਕ ਸੰਸਥਾਵਾਂ ਤੇ ਆਮ ਸਿੱਖਾਂ ਦੀ ਬਜਾਏ ਖਾਸ ਸਿੱਖਾਂ ਦੇ ਕਾਬਿਜ ਹੋਣ ਦੇ ਚਲ ਰਹੇ ਨਵੇਂ ਰੁਝਾਨ ਤੇ ਵੀ ਬੁਲਾਰਿਆ ਵੱਲੋਂ ਚਿੰਤਾ ਜਤਾਈ ਗਈ।
ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਵੱਲੋਂ ਆਏ ਹੋਏ ਮਹਿਮਾਨਾ ਅਤੇ ਪੱਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ।ਇਸ ਦੌਰਾਨ ਵਿਧਵਾਨਾਂ ਵੱਲੋਂ ਕਮੇਟੀ ਦੇ ਇਸ ਚੰਗੇ ਉਪਰਾਲੇ ਲਈ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਸ਼ਾਲ ਅਤੇ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸੇਵਾ ਪੰਥੀ ਸੰਪਰਦਾ ਤੋਂ ਬਾਬਾ ਕਾਹਨ ਸਿੰਘ ਗੁਨਿਆਨਾ ਮੰਡੀ, ਮਹੰਤ ਕਰਮਜੀਤ ਸਿੰਘ ਜਗਾਧਰੀ, ਮਹੰਤ ਮਹਿੰਦਰ ਸਿੰਘ ਦਿੱਲੀ, ਮਹੰਤ ਪਰਮਜੀਤ ਸਿੰਘ, ਕਾਲਜ ਦੀ ਪ੍ਰਿੰਸੀਪਲ ਕੰਵਰਜੀਤ ਕੌਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ ਭਾਈ ਗੁਰਮੀਤ ਸਿੰਘ ਬੋਬੀ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply