ਪੰਜਾਬ ਸਰਕਾਰ ਵਲੋਂ ਨਸ਼ਿਆਂ ‘ਚ ਫਸਿਆਂ ਦਾ ਕੀਤਾ ਜਾ ਰਿਹਾ ਹੈ ਮੁਫਤ ਇਲਾਜ

ਅੰਮ੍ਰਿਤਸਰ, 17 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸੂਬਾ ਸਰਹੱਦ ‘ਤੇ ਹੋਣ ਕਾਰਨ ਇਥੋਂ ਨਸ਼ਾ ਹੋਰ ਰਾਜਾਂ ਤੇ ਵਿਦੇਸ਼ਾਂ ਨੂੰ ਜਾਂਦਾ ਹੈ, ਜਿਸ ਕਾਰਨ ਕੁਝ ਵਿਅਕਤੀ ਇਸ ਦੇ ਜਾਲ ਵਿਚ ਫਸ ਗਏ ਤੇ ਨਸ਼ਿਆਂ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਗਏ ਪਰ ਪੰਜਾਬ ਪੁਲਿਸ ਨੇ ਐਨ.ਜੀ.ਓ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਇਸ ਤੇ ਕਾਬੂ ਪਾਉਣ ਲਈ ਵਿਸ਼ੇਸ ਮੁਹਿੰਮ ਵਿੱਢੀ ਹੋਈ ਹੈ। ਇਹ ਜਾਣਕਾਰੀ ਆਈ.ਜੀ ਸ੍ਰੀ ਈਸਵਰ ਚੰਦਰ ਨੇ ਸਥਾਨਕ ਮਾਲ ਮੰਡੀ, ਦਬੁਰਜੀ ਵਿਖੇ ‘ਜੋਨ ਪੱਧਰੀ ਨਸ਼ਾ ਛੁਡਾਊ ਮੁੜ ਵਸੇਬਾ ਪ੍ਰੋਗਰਾਮ’ ਤਹਿਤ ਕਰਵਾਏ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ।
ਉਨਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਨਸ਼ੇ ਵਿਰੁੱਧ ਸੁਰੂ ਕੀਤੀ ਗਈ ਮੁਹਿੰਮ ਨੂੰ ਵਿਸ਼ੇਸ ਸਰਮਥਨ ਮਿਲਿਆ ਹੈ ਤੇ ਪੂਰੇ ਰਾਜ ਵਿਚੋਂ 14 ਹਜ਼ਾਰ ਦੇ ਕਰੀਬ ਸਮੱਗਲਰ ਕਾਬੂ ਕੀਤੇ ਗਏ ਹਨ, ਜਿਨਾਂ ਵਿਚੋਂ 7 ਹਜ਼ਾਰ ਇਕੱਲੇ ਬਾਰਡਰ ਜੋਨ ਦੇ ਵਿਅਕਤੀ ਹੀ ਸ਼ਾਮਿਲ ਹਨ। ਉਨਾਂ ਕਿਹਾ ਕਿ ਸ. ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀਆਂ ਸਖਤ ਹਦਾਇਤਾਂ ‘ਤੇ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਅਤੇ ਇਸ ਮੁਹਿੰਮ ਦੇ ਨਾਲ ਨਾਲ ਸਰਕਾਰ ਵਲੋਂ ਜੋ ਵਿਅਕਤੀ ਇਸ ਬਿਮਾਰੀ ਦੇ ਕਲਾਵੇ ਵਿਚ ਆ ਗਏ ਹਨ ਉਨਾਂ ਨੂੰ ਨਸ਼ਾ ਮੁਕਤ ਕਰਨ ਦੇ ਮਨਰੋਥ ਨਾਲ ਨਸ਼ਾ ਛੁਡਾਊ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨਾਂ ਵਿਚ ਅਜਿਹੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਜਿਸਦੇ ਕਾਫੀ ਚੰਗੇ ਨਤੀਜੇ ਸਾਹਮਣੇ ਆਏ ਹਨ। ਨਸ਼ਾ ਛੱਡ ਕੇ ਜਾਣ ਵਾਲੇ ਵਿਅਕਤੀਆਂ ਲਈ ਪੰਜਾਬ ਸਰਕਾਰ ਵਲੋਂ ਮੁੜ ਵਸੇਬਾ ਦੇ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਇਹ ਲੋਕ ਆਪਣਾ ਜੀਵਨ ਸਹੀ ਢੰਗ ਨਾਲ ਜੀਅ ਸਕਣ।ਉਨਾਂ ਅੱਗੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਅੰਦਰ 120 ਪਿੰਡਾਂ ਦੇ ਕੀਤੇ ਗਏ ਸਰਵੇ ਦੌਰਾਨ 55 ਥਾਣਿਆਂ ਦੀ ਪੁਲਿਸ ਨੇ ਸਥਾਨਕ ਲੋਕਾਂ ਨਾਲ ਮਿਲਕੇ ਜਾਣਕਾਰੀ ਹਾਸਿਲ ਕੀਤੀ ਹੈ , ਜਿਸਤੋਂ ਪਤਾ ਲੱਗਾ ਹੈ ਕਿ ਕਾਫੀ ਵੱਡੀ ਗਿਣਤੀ ਵਿਚ ਨਸ਼ਈ ਲੋਕ ਨਸ਼ਾ ਛੱਡ ਰਹੇ ਹਨ।
ਆਈ.ਜੀ ਸ੍ਰੀ ਈਸਵਰ ਚੰਦਰ ਨੇ ਅੱਗੇ ਕਿਹਾ ਕਿ ਨਸ਼ੇ ਵਰਗੀ ਭਿਆਨਕ ਬਿਮਾਰੀ ਨੂੰ ਜੜੋ ਖਤਮ ਕਰਨ ਲਈ ਸਮੂਹਿਕ ਯਤਨਾਂ ਦੀ ਲੋੜ ਹੈ ਅਤੇ ਸਮੂਹਿਕ ਕਾਰਜਾਂ ਨਾਲ ਹੀ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ। ਉਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਬਿਮਾਰੀ ਵਿਰੁੱਧ ਵੱਧ ਚੜ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਡੀ.ਆਈ.ਜੀ ਸ੍ਰੀ ਏ. ਕੇ ਮਿੱਤਲ ਨੇ ਕਿਹਾ ਕਿ ਨਸ਼ੇ ਵਿਰੁੱਧ ਇਸ ਮੁਹਿੰਮ ਵਿਚ ਪੁਲਿਸ ਦਾ ਸਹਿਯੋਗ ਪ੍ਰੈਸ ਤੇ ਆਮ ਲੋਕ ਵੀ ਕਰਨ ਤਾਂ ਜੋ ਇਸ ਦੇ ਹੋਰ ਸ਼ਾਨਦਾਰ ਨਤੀਜੇ ਮਿਲ ਸਕਣ। ਸ੍ਰੀ ਬਿਕਰਮ ਸਿੰਘ ਭੱਟੀ ਡੀ.ਸੀ.ਪੀ ਨੇ ਕਿਹਾ ਕਿ ਜੇਕਰ ਕੋਈ ਨੋਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੁਲਿਸ ਹਰ ਸਹਿਯੋਗ ਕਰੇਗੀ।ਸ੍ਰੀ ਜਸਦੀਪ ਸਿੰਘ ਐਸ.ਐਸ.ਪੀ ਨੇ ਸਾਰੇ ਨਸਾ ਛੱਡ ਰਹੇ ਨੌਜਵਾਨਾਂ ਨੂੰ ਨਵੇਂ ਸਿਰ ਤੋਂ ਨਵਾਂ ਜੀਵਨ ਸ਼ੁਰੂ ਕਰਨ ਦੀ ਵਧਾਈ ਦੇਦਿੰਆਂ ਉਨਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।ਸਮਾਗਮ ਵਿਚ ਕਰੀਬ 150 ਉਹ ਵਿਅਕਤੀ ਹਾਜ਼ਰ ਹੋਏ, ਜਿਨਾਂ ਨੇ ਨਸ਼ਾ ਛੱਡ ਕੇ ਇਕ ਨੇਕ ਇਨਸਾਨ ਬਣਨ ਦੀ ਸ਼ੁਰੂਆਤ ਕੀਤੀ ਹੈ। ਉਨਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਪਿਛਲੀ ਜ਼ਿੰਦਗੀ ਦੇ ਦੁਖਾਂਤ ਵੀ ਸਾਂਝੇ ਕੀਤੇ।
Punjab Post Daily Online Newspaper & Print Media