Friday, July 24, 2026

ਅਜ਼ਾਦੀ ਦੇ 68 ਸਾਲਾਂ ਬਾਅਦ ਵੀ ਬਹੁਤੇ ਲੋਕ ਆਰਥਿਕ ਗੁਲਾਮੀ ਦੇ ਸ਼ਿਕਾਰ – ਪ੍ਰਿੰ: ਤਰਸਿੱਕਾ

ਖੁਜਾਲਾ, 18 ਜਨਵਰੀ (ਸਿਕੰਦਰ ਸਿੰਘ ਖਾਲਸਾ)- ਦੇਸ਼ ਨੂੰ ਅਜ਼ਾਦ ਹੋਇਆਂ 68 ਸਾਲ ਦੇ ਕਰੀਬ ਹੋ ਚੁੱਕੇ ਹਨ, ਪਰ ਇਹ ਅਜ਼ਾਦੀ ਦਾ ਨਿੱਘ ਭਾਰਤ ਦੀ ਬਹੁਤ ਗਿਣਤੀ ਨੂੰ ਅਜੇ ਤੱਕ ਨਹੀਂ ਮਿਲਿਆ, ਕਿਉਂਕਿ ਦੇਸ਼ ਦੀ ਬਹੁਤੀ ਅਬਾਦੀ ਅੱਜ ਵੀ ਜਿੰਦਗੀ ਦੀਆਂ ਮੁੱਢਲੀਆਂ ਲੋੜਾਂ ਨੂੰ ਤਰਸ ਰਹੀ ਹੈ ਤੇ ਆਰਥਿਕ ਤੌਰ ਤੇ ਗੁਲਾਮੀ ਮਹਿਸੂਸ ਕਰਦੀ ਹੈ।ਇਹ ਸ਼ਬਦ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਪ੍ਰਧਾਨ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ (ਰਜਿ:) ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਪਹਿਲਾਂ ਮੁਗਲਾਂ ਤੇ ਫਿਰ ਅੰਗ੍ਰੇਜਾਂ ਨੇ ਭਾਰਤੀ ਲੋਕਾਂ ਦਾ ਰੱਜ ਕੇ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਤੌਰ ਤੇ ਸ਼ੋਸ਼ਣ ਕੀਤਾ ਹੈ।ਇਸ ਸ਼ੋਸ਼ਣ ਦੇ ਖਿਲਾਫ ਬਹੁਤ ਸਾਰੇ ਕ੍ਰਾਂਤੀਕਾਰੀਆਂ ਤੇ ਦੇਸ਼ ਭਗਤਾਂ ਨੇ ਆਪਣੀ ਅਵਾਜ਼ ਬੁਲੰਦ ਕੀਤੀ ਤੇ ਆਪ ਹੱਸ-ਹੱਸ ਕੇ ਫਾਂਸੀਆਂ ਦੇ ਰੱਸੇ ਚੁੰਮਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਤਾਂ ਕਿ ਲੋਕਾਂ ਨੂੰ ਉਪਰੋਕਤ ਹੋ ਰਹੇ ਸ਼ੋਸ਼ਣ ਤੋਂ ਨਿਜ਼ਾਤ ਦਿਵਾਈ ਜਾ ਸਕੇ ਤੇ ਭਾਰਤੀ ਲੋਕਾਂ ਨੂੰ ਬਰਾਬਰਤਾ ਵਾਲੀ ਅਜ਼ਾਦੀ ਮਿਲੇ, ਜਿੱਥੇ ਹਰੇਕ ਭਾਰਤੀ ਖੁਸ਼ਹਾਲ ਜੀਵਣ ਬਸਰ ਕਰ ਸਕੇ।ਪਰ ਅਜਿਹਾ ਅਜੇ ਤੱਕ ਸੰਭਵ ਨਹੀਂ ਹੋ ਸਕਿਆ, ਕਿਉਂਕਿ ਹੁਣ ਆਪਣੇ ਹੀ ਆਪਣੇ ਭਾਰਤੀ ਲੋਕਾਂ ਤੇ ਸ਼ਾਸ਼ਨ ਕਰ ਰਹੇ ਨੇ ਪਰ ਇਹ ਆਪਣੇ ਲੋਕਾਂ ਨੂੰ ਆਰਥਿਕ ਤੌਰ ‘ਤੇ ਅਜ਼ਾਦੀ ਦਾ ਨਿੱਘ ਨਹੀਂ ਦੇ ਰਹੇ ਜੋ ਇੱਕ ਦੁੱਖਾਂ ਭਰੀ ਤੇ ਆਪਣਿਆਂ ਨਾਲ ਵਿਸ਼ਵਾਸ਼ਘਾਤ ਕਰਨ ਵਾਲੀ ਗੱਲ ਹੈ।ਪ੍ਰਿੰਸੀਪਲ ਤਰਸਿੱਕਾ ਨੇ ਬੜੇ ਦੁੱਖੀ ਮਨ ਨਾਲ ਕਿਹਾ ਕਿ ਅੱਜ ਵੀ ਦੇਸ਼ ਅੰਦਰ ਏਕਤਾ ਤੇ ਅਖੰਡਤਾ ਦੀ ਕਮੀ ਹੈ।ਦੇਸ਼ ਅੰਦਰ ਗਰੀਬੀ, ਬੇਰੋਜ਼ਗਾਰੀ, ਅਨਪੜ੍ਹਤਾ, ਆਰਥਿਕ ਅਸਮਾਨਤਾ, ਜਾਤੀਵਾਦ, ਖੇਤਰੀਵਾਦ, ਸੰਪਰਦਾਇਕਤਾ ਜਿਹੀਆਂ ਬੁਰਾਈਆਂ ਹਰ ਪਾਸੇ ਫੈਲੀਆਂ ਸਪੱਸ਼ਟ ਨਜ਼ਰ ਆ ਰਹੀਆਂ ਹਨ।ਇਸ ਲਈ ਦੇਸ਼ ਦੇ ਲੋਕਾਂ ਨੂੰ ਹੁਣ ਆਪ ਹੀ ਉਪਰਾਲੇ ਕਰਨੇ ਚਾਹੀਦੇ ਹਨ ਕਿ ਉਹ ਚੰਗੀ ਸੋਚ ਵਾਲੇ ਲੀਡਰਾਂ ਨੂੰ ਦੇਸ਼ ਦੀ ਵਾਗ ਡੌਰ ਸੌਂਪਣ ਤਾਂ ਕਿ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਵਿੱਚ ਬਹਿਕੇ ਦੇਸ਼ ਦੇ ਲੋਕਾਂ ਦੀਆਂ ਮੁਸ਼ਕਲਾਂ ਲਈ ਹੱਲ ਲੱਭਣ ਤੇ ਦੇਸ਼ ਆਰਥਿਕ ਤੌਰ ਤੇ ਨਿਰਭਰ ਹੋਵੇ, ਜਿਸ ਨਾਲ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸੰਪੂਰਣ ਰੋਜ਼ਗਾਰ ਦੇ ਸਾਧਨ ਮਿਲ ਸਕਣ। ਸੂਬਾ ਸਰਕਾਰ ਦੇਸ਼ ਭਗਤਾਂ ਦੇ ਸੁਪਨਿਆਂ ਵਾਲਾ ਦੇਸ਼ ਸਿਰਜ ਸਕਣ। ਇਸ ਮੌਕੇ ਇੰਜ: ਬਲਰਾਜ ਸਿੰਘ ਤਰਸਿੱਕਾ, ਜਥੇਦਾਰ ਸਤਨਾਮ ਸਿੰਘ ਹਾਂਸ, ਅਵਤਾਰ ਸਿੰਘ, ਦਾਲਾ ਸਮਸ਼ੇਰ ਸਿੰਘ ਖੁਜਾਲਾ, ਡਾ. ਜਸਵਿੰਦਰ ਸਿੰਘ ਦਸ਼ਮੇਸ਼ ਨਗਰ, ਬਲਕਾਰ ਸਿੰਘ ਭੇਅਰੀਵਾਲ, ਸੁਖਜੀਤ ਸਿੰਘ ਸੈਦੋ ਲੇਲ ਆਦਿ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply