Monday, August 24, 2026

ਸਿਹਤ ਵਿਭਾਗ ਵੱਲੋਂ ‘ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਜਾਗਰੂਕਤਾ ਲਈ ਟੀਮਾਂ ਰਵਾਨਾ

ਅੰੰਮ੍ਰਿਤਸਰ, 23 ਅਗਸਤ (ਜਗਸੀਪ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ ‘ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਅੱਜ ਸ਼ਹਿਰ  ਵਿੱਚ ਐਂਟੀ ਲਾਰਵਾ ਗਤੀਵਿਧੀਆਂ, ਫੌਗਿੰਗ, ਸਪਰੇਅ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟੀਮਾਂ ਰਵਾਨਾ ਕੀਤੀਆਂ ਗਈਆਂ।ਇਹ ਟੀਮਾਂ ਸ਼ਹਿਰ ਦੇ ਡੇਂਗੂ ਪ੍ਰਭਾਵਿਤ ਹੌਟਸਪਾਟ ਇਲਾਕਿਆਂ ਵਿੱਚ ਜਾ ਕੇ ਐਂਟੀ ਲਾਰਵਾ ਕਾਰਵਾਈ ਕਰਨ ਦੇ ਨਾਲ-ਨਾਲ ਫੌਗਿੰਗ, ਸਪਰੇਅ ਅਤੇ ਜਾਗਰੂਕਤਾ ਮੁਹਿੰਮ ਵੀ ਚਲਾ ਰਹੀਆਂ ਹਨ।ਸਿਵਲ ਹਸਪਤਾਲ, ਸਰਕਾਰੀ ਪ੍ਰਾਈਵੇਟ ਨਰਸਿੰਗ ਕਾਲਜਾਂ ਦੇ ਨਾਲ ਨਾਲ ਰਾਮ ਬਾਗ, ਜਹਾਜਗੜ੍ਹ, ਪੁਤਲੀਘਰ, ਮਜੀਠਾ ਰੋਡ, ਰੋਡਵੇਜ਼ ਅਤੇ ਸਿਵਲ ਸਰਜਨ ਡਾ. ਰਸ਼ਮੀ ਵਿੱਜ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਕਈ ਥਾਵਾਂ ‘ਤੇ ਪਾਣੀ ਇਕੱਠਾ ਹੋਣਾ ਸੁਭਾਵਿਕ ਹੈ, ਪਰ ਜਿੱਥੇ ਪਾਣੀ ਖੜ੍ਹਾ ਰਹਿੰਦਾ ਹੈ ਉੱਥੇ ਮੱਛਰਾਂ ਦੀ ਪੈਦਾਵਾਰ ਵੀ ਤੇਜ਼ੀ ਨਾਲ ਹੁੰਦੀ ਹੈ।ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰੇ ਅਤੇ *ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ* ਮੁਹਿੰਮ ਵਿੱਚ ਆਪਣਾ ਯੋਗਦਾਨ ਪਾਵੇ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁਕਰਵਾਰ ਆਪਣੇ ਘਰਾਂ ਵਿੱਚ ਕੂਲਰਾਂ, ਫਰਿਜਾਂ ਦੀਆਂ ਟਰੇਆਂ, ਗਮਲਿਆਂ, ਪਾਣੀ ਦੀਆਂ ਟੈਂਕੀਆਂ, ਛੱਤਾਂ ‘ਤੇ ਪਏ ਨਿਕੰਮੇ ਸਮਾਨ ਅਤੇ ਹੋਰ ਬਰਤਨਾਂ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ, ਕਿਉਂਕਿ ਡੇਂਗੂ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਮੱਛਰਾਂ ਦੀ ਪੈਦਾਵਾਰ ਨੂੰ ਰੋਕਣਾ ਹੈ।ਪੂਰੀਆਂ ਬਾਂਹਾਂ ਵਾਲੇ ਕੱਪੜੇ ਪਹਿਨਣ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਰਿਪੈਲੈਂਟ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ।
ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬਿਮਾਰੀ ਹੈ, ਜੋ ਏਡੀਜ਼ ਐਜਿਪਟੀ ਮੱਛਰ ਦੇ ਕੱਟਣ ਨਾਲ ਫੈਲਦੀ ਹੈ।ਇਸ ਦੇ ਮੁੱਖ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿੱਛੇ ਦਰਦ, ਉਲਟੀਆਂ ਅਤੇ ਨੱਕ, ਮੂੰਹ ਜਾਂ ਮਸੂੜਿਆਂ ਵਿੱਚੋਂ ਖੂਨ ਆਉਣਾ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਡੇਂਗੂ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਜਾਂਚ ਅਤੇ ਇਲਾਜ਼ ਕਰਵਾਇਆ ਜਾਵੇ।ਜ਼ਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਪੋਸਟਰ ਤੇ ਪੈਂਫਲਿਟ ਵੀ ਵੰਡੇ ਗਏ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਸਹਾਇਕ ਮਲੇਰੀਆ ਅਫ਼ਸਰ ਗੁਰਦੇਵ ਸਿੰਘ, ਬਲਜੀਤ ਸਿੰਘ, ਐਸ.ਆਈ ਸੁਖਦੇਵ ਸਿੰਘ, ਪਰਮਜੀਤ ਸਿੰਘ, ਰਜਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਆਈ.ਸੀ. ਹਰਮੀਤ ਸਿੰਘ, ਸੰਜੀਵ ਕੁਮਾਰ, ਕੁਲਦੀਪ ਸਿੰਘ, ਰਣਜੋਧ ਸਿੰਘ, ਫੀਲਡ ਵਰਕਰ ਅਤੇ ਬਰੀਡਿੰਗ ਚੈੱਕਰ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …