ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ ਸਾਇੰਸਿਜ਼ ਵੱਲੋਂ ਇੰਡੀਅਨ ਔਰਥੋਪੈਡਿਕ ਰਿਊਮੈਟੋਲੋਜੀ
ਐਸੋਸੀਏਸ਼ਨ ਦੇ ਸਹਿਯੋਗ ਨਾਲ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ।ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪ੍ਰੋਗਰਾਮ ਦੌਰਾਨ ਜਾਂਚ ਕੈਂਪ ਮੌਕੇ ਹੱਡੀਆਂ ਦੀ ਸਿਹਤ, ਜੋੜਾਂ ਦੀ ਗਤੀਸ਼ੀਲਤਾ ਅਤੇ ਹੱਡੀਆਂ ਨਾਲ ਸਬੰਧਿਤ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ।ਜਾਂਚ ਕੈਂਪ ਦਾ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਆਗਾਜ਼ ਕਰਨ ਉਪਰੰਤ ਕਿਹਾ ਕਿ ਸਮਾਗਮ ਦਾ ਮਕਸਦ ਹੱਡੀਆਂ ਦੀ ਮਜ਼ਬੂਤੀ, ਜੋੜਾਂ ਦੀ ਸਿਹਤ ਅਤੇ ਸਮੇਂ ਸਿਰ ਜਾਂਚ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ।
ਇਸ ਦੌਰਾਨ ਡਾ. ਮਹਿਲ ਸਿੰਘ ਨੇ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨਾ ਸਿੱਖਿਆ ਸੰਸਥਾਵਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਮ ਹਿੱਸਾ ਹੈ।ਉਨ੍ਹਾਂ ਕਿਹਾ ਕਿ ਹੱਡੀਆਂ ਅਤੇ ਜੋੜਾਂ ਦੀ ਸਿਹਤ ਮਨੁੱਖੀ ਜੀਵਨ ਦੀ ਗੁਣਵੱਤਾ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ।ਉਨ੍ਹਾਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਅਤੇ ਸਿਹਤ ਸਬੰਧੀ ਸਮੱਸਿਆਵਾਂ ਦੀ ਸਮੇਂ ਸਿਰ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਸਕੂਲ ਆਫ਼ ਫੈਸ਼ਨ ਡਿਜ਼ਾਈਨਿੰਗ ਅਤੇ ਕਾਸਮੈਟੋਲੋਜੀ ਮੁਖੀ ਡਾ. ਸ਼ਰੀਨਾ ਮਹਾਜਨ ਦੁਆਰਾ ਕੈਂਪ ਆਯੋਜਿਤ ਕੀਤਾ ਗਿਆ ਸੀ।ਜਾਂਚ ਕੈਂਪ ਮੌਕੇ ‘ਅਵੇਅਰਨੈੱਸ ਆਫ਼ ਬੋਨ ਹੈਲਥ ਐਂਡ ਜੁਆਇੰਟ ਮੋਬਿਲਿਟੀ’ ਵਿਸ਼ੇ ਤਹਿਤ ਹੱਡੀਆਂ ਅਤੇ ਜੋੜਾਂ ਦੀ ਸਿਹਤ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਦੇ ਨਾਲ ਹੀ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਕਰਨ ਲਈ ਮੁਫ਼ਤ ਬੋਨ ਮਿਨਰਲ ਡੈਂਸਿਟੀ ਟੈਸਟ ਦਾ ਆਯੋਜਨ ਕੀਤਾ ਗਿਆ।ਇਸ ਜਾਂਚ ਰਾਹੀਂ ਹੱਡੀਆਂ ਦੀ ਘਣਤਾ ਦਾ ਮੁਲਾਂਕਣ ਕਰਨ ਅਤੇ ਹੱਡੀਆਂ ਦੀ ਕਮਜ਼ੋਰੀ ਨਾਲ ਸਬੰਧਿਤ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨ ਬਾਰੇ ਜਾਣਕਾਰੀ ਦਿੱਤੀ ਗਈ।
ਕੈਂਪ ਸਬੰਧੀ ਇੰਡੀਅਨ ਔਰਥੋਪੈਡਿਕ ਰਿਊਮੈਟੋਲੋਜੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਡਾ. ਚਿਨਮਯ ਦਾਸ ਅਤੇ ਆਯੋਜਕ ਡਾ. ਆਰਤੀ ਐਸ. ਦੀਵਾਨ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ।ਉਨ੍ਹਾਂ ਦੁਆਰਾ ਭੇਜੀ ਗਈ ਟੀਮ ’ਚ ਸੁਮੀਤ ਕਪੂਰ, ਸੰਦੀਪ ਕੁਮਾਰ ਅਤੇ ਵਿਜੈ ਕੁਮਾਰ ਵੱਲੋਂ ਹੱਡੀਆਂ ਦੀ ਘਣਤਾ, ਜੋੜਾਂ ਦੀ ਗਤੀਸ਼ੀਲਤਾ ਅਤੇ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।ਡਾ. ਸੁਰਿੰਦਰ ਕੌਰ ਨੇ ਹਰੇਕ ਇਨਸਾਨ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ, ਸੰਤੁਲਿਤ ਖੁਰਾਕ ਲੈਣ ਅਤੇ ਸਰੀਰਕ ਗਤੀਵਿਧੀਆਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਜਾਗਰੂਕ ਕੀਤਾ।
Punjab Post Daily Online Newspaper & Print Media