ਟਰੱਸਟ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ-ਰਵੀ ਭਗਤ
ਕੈਦੀਆਂ ਨੂੰ ਆਮ ਮਨੁੱਖਾਂ ਵਾਲੇ ਸਿੱਖਿਆ ਦੇ ਹੱਕ ਮਿਲਣੇ ਜ਼ਰੂਰੀ -ਓਬਰਾਏ
ਅੰਮ੍ਰਿਤਸਰ, 22 ਜਨਵਰੀ (ਰੋਮਿਤ ਸ਼ਰਮਾ) – ਪੰਜਾਬ ਦੀਆਂ ਸਮੁੱਚੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਸੋਚ ਨੂੰ ਸਮੇਂ ਦੇ ਹਾਣ ਦੀ ਬਨ੍ਹਾਉਣ ਦੇ ਮਕਸਦ ਨਾਲ ਉਨ੍ਹਾਂ ਨੂੰ ਮੁਫ਼ਤ ਤੇ ਮਿਆਰੀ ਕੰਪਿਊਟਰ ਸਿੱਖਿਆ ਮੁਹਈਆ ਕਰਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਪ੍ਰਸਿੱਧ ਸਮਾਜ ਸੇਵੀ ਸ: ਐਸ. ਪੀ. ਸਿੰਘ ਓਬਰਾਏ ਦੀ ਅਗਵਾਈ ਹੇਠਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. ਵਲੋਂ ਜੇਲ੍ਹ ਸੁਪਰਡੈਂਟ ਆਰ.ਕੇ. ਸ਼ਰਮਾ ਤੇ ਵਧੀਕ ਸੁਪਰਡੈਂਟ ਦਲਜੀਤ ਸਿੰਘ ਭੱਟੀ ਦੇ ਸਹਿਯੋਗ ਸਦਕਾ ਅੱਜ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਮੁਫ਼ਤ ਕੰਪਿਊਟਰ ਸਿਖਲਾਈ ਸੈਂਟਰ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਕੀਤਾ।
ਜੇਲ੍ਹ ਚ ਸਥਾਪਿਤ ਕੀਤੇ ਗਏ ਇਸ ਕੰਪਿਊਟਰ ਸੈਂਟਰ ਵਿੱਚ ਜਿੱਥੇ ਅਧਿਆਪਕ ਦੀ ਨਿਯੁਕਤੀ ਟਰੱਸਟ ਵੱਲੋਂ ਆਪਣੇ ਖਰਚ ਤੇ ਕੀਤੀ ਜਾਵੇਗੀ ਉੱਥੇ ਹੀ, ਇਸ ਸੈਂਟਰ ਚ ਸਿੱਖਿਆ ਪ੍ਰਾਪਤ ਕਰਨ ਵਾਲੇ ਕੈਦੀਆਂ ਨੂੰ ਟਰੱਸਟ ਵੱਲੋਂ ਜਾਰੀ ਹੋਏ ਸਿਲੇਬਸ ਅਨੁਸਾਰ ਮਾਨਤਾ ਪ੍ਰਾਪਤ ਕੋਰਸ ਕਰਾਉਣ ਉਪਰੰਤ ਸਰਟੀਫ਼ਿਕੇਟ ਵੀ ਜਾਰੀ ਕੀਤੇ ਜਾਣਗੇ , ਜੋ ਰਿਹਾਈ ਮਗਰੋਂ ਉਨ੍ਹਾਂ ਲਈ ਰੁਜ਼ਗਾਰ ਲੱਭਣ ਦੌਰਾਨ ਲਾਹੇਵੰਦ ਸਿੱਧ ਹੋਣਗੇ।
ਉਦਘਾਟਨ ਉਪਰੰਤ ਬੋਲਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਵੀ ਭਗਤ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ ਅਤੇ ਖਾਸ ਕਰਕੇ ਸਮਾਜ ਦੀ ਮੁੱਖ ਧਾਰਾ ਤੋਂ ਟੁੱਟ ਕੇ ਜੇਲ੍ਹਾਂ ਚ ਬੰਦ ਕੈਦੀਆਂ ਦੀ ਮਾਨਸਿਕਤਾ ਨੂੰ ਉਸਾਰੂ ਦਿਸ਼ਾ ਵੱਲ ਮੋੜਾ ਦੇਣਾ ਸੇਵਾ ਦਾ ਇੱਕ ਮਿਸਾਲੀ ਕੰਮ ਹੈ। ਡਿਪਟੀ ਕਮਿਸ਼ਨਰ ਨੇ ਇਸ ਨਵੇਂ ਸਾਲ ਦੇ ਅਰੰਭ ਵਿੱਚ ਟਰੱਸਟ ਵੱਲੋਂ ਕੈਦੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਥਾਪਿਤ ਕੀਤੇ ਗਏ ਦੋ ਆਰ.ਓ. ਪਲਾਂਟਾਂ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਬੇਸ਼ੱਕ ਪ੍ਰਸ਼ਾਸਨ ਤੇ ਸਰਕਾਰਾਂ ਕੈਦੀਆਂ ਦੀ ਭਲਾਈ ਲਈ ਯਤਨਸ਼ੀਲ ਹਨ ਫਿਰ ਵੀ ਸਰਬੱਤ ਦਾ ਭਲਾ ਟਰੱਸਟ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਿਰਸਵਾਰਥ ਕਾਰਜ ਸਾਡੇ ਸਭ ਲਈ ਬਹੁਤ ਉਤਸ਼ਾਹ ਵਧਾਊ ਹਨ।
ਸ: ਓਬਰਾਏ ਨੇ ਇਸ ਮੌਕੇ ‘ਤੇ ਕਿਹਾ ਕਿ ਜੇਲ੍ਹਾਂ ਚ ਬੰਦ ਕੈਦੀਆਂ ਨੂੰ ਵੀ ਆਮ ਮਨੁੱਖਾਂ ਵਾਲੇ ਸਿੱਖਿਆ ਦੇ ਹੱਕ ਮਿਲਨੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਸੂਬੇ ਦੀਆਂ ਸਮੁੱਚੀਆਂ ਜੇਲ੍ਹਾਂ ਅੰਦਰ ਆਰ.ਓ. ਪਲਾਂਟ,ਮੁਫ਼ਤ ਕੰਪਿਊਟਰ ਸਿਖਲਾਈ ਕੇਂਦਰ,ਔਰਤ ਕੈਦੀਆਂ ਦੇ ਛੋਟੇ ਬੱਚਿਆਂ ਨੂੰ ਸਾਂਭਣ ਲਈ ਬਾਲਵਾੜੀਆਂ ਅਤੇ ਆਟਾ ਗੁੰਨ੍ਹਣ ਵਾਲੀਆਂ ਮਸ਼ੀਨਾਂ ਆਦਿ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ। ਸ. ਓਬਰਾਏ ਨੇ ਇਹ ਵੀ ਕਿਹਾ ਕਿ ਸਾਨੂੰ ਜੇਲ੍ਹਾਂ ਚ ਬੰਦ ਕੈਦੀਆਂ ਖਾਸ ਕਰ ਔਰਤਾਂ ਤੇ ਬੱਚਿਆਂ ਨੂੰ ਤ੍ਰਿਸਕਾਰਨ ਦੀ ਬਜਾਏ ਉਨ੍ਹਾਂ ਨਾਲ ਹਮਦਰਦੀ ਵਾਲਾ ਵਰਤਾਓ ਕਰਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜ ਕੇ ਅਮਨ ਪਸੰਦ ਨਾਗਰਿਕ ਵਾਲਾ ਜੀਵਨ ਜਿਊਣ ਲਈ ਢੁਕਵੇਂ ਮੌਕੇ ਦੇਣੇ ਚਾਹੀਦੇ ਹਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਜੁਗਰਾਜ ਸਿੰਘ ਰੰਧਾਵਾ, ਟਰੱਸਟ ਦੇ ਮਾਝਾ ਜ਼ੋਨ ਅਤੇ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੱਧੂ, ਮੀਤ ਪ੍ਰਧਾਨ ਮਨਪੀ੍ਰਤ ਸੰਧੂ ਚਮਿਆਰੀ, ਬਾਬਾ ਸ਼ਮਸ਼ੇਰ ਸਿੰਘ ਕੋਹਰੀ,ਹਰਜਿੰਦਰ ਸਿਘ ਹੇਰ,ਸ਼ਿਵਦੇਵ ਸਿੰਘ ਬੱਲ,ਨਵਜੀਤ ਸਿੰਘ ਘਈ, ਪਲਵਿੰਦਰ ਸਿੰਘ ਸਰਹਾਲਾ, ਰਮਿੰਦਰ ਸਿੰਘ,ਅਮਰਜੀਤ ਸਿੰਘ,ਜਗਦੇਵ ਸਿੰਘ , ਹਰਜਿੰਦਰ ਸਿੰਘ ਮੁੱਧ, ਬਲਵਿੰਦਰ ਕੌਰ, ਆਸ਼ਾ ਸ਼ਰਮਾ, ਕਮਲਜੀਤ ਕੌਰ, ਤੇਜਇੰਦਰਪਾਲ ਸਿੰਘ ਮਾਨ, ਭੁਪਿੰਦਰ ਸਿੰਘ ਗਿੱਲ ਆਦਿ ਹਾਜਰ ਸਨ।