
ਨਵੀਂ ਦਿੱਲੀ, 23 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਵੱਖ-ਵੱਖ ਸਿਰਲੇਖਾਂ ਹੇਠ ਦਰਜ ਬਾਣੀ ਦੀ ਵਿਆਖਿਆ ਕਰਵਾਉਣ ਦੀ ਆਰੰਭੀ ਗਈ ਲੜੀ ਤਹਿਤ ਰਾਮਕਲੀ ਕੀ ਵਾਰ ਰਾਏ ਬਲਵੰਡਿ ਤਥਾ ਸਤੈ ਡੂਮਿ ਆਖੀ ਦੀ ਅਰਥਾ ਸਾਹਿਤ ਵਿਆਖਿਆ ਕਰਵਾਈ ਗਈ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵੱਲੋਂ 14 ਦਿਹਾੜਿਆਂ ਤੱਕ ਸਵੇਰ ਦੇ ਸਮਾਗਮਾਂ ਦੌਰਾਨ ਕੀਤੀ ਗਈ ਇਸ ਕਥਾ ਰਾਹੀਂ ਗੁਰੂਘਰ ਦੇ ਅਨਿੰਨ ਸਿੱਖ ਭਾਈ ਬਲਵੰਡਿ ਜੀ ਅਤੇ ਸਤੈ ਜੀ ਵੱਲੋਂ ਗੁਰੂ ਪਿਆਰ ‘ਚ ਭਿੱਜ ਕੇ ਕੀਤੇ ਗਏ ਕੀਰਤਨ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ। ਕੀਰਤਨ ਦੀ ਦਾਤ ਸਹੀ ਅਰਥਾਂ ‘ਚ ਗੁਰੂ ਕਿਰਪਾ ਸਦਕਾ ਮਿਲਣ ਦਾ ਦਾਅਵਾ ਕਰਦੇ ਹੋਏ ਭਾਈ ਸਾਹਿਬ ਨੇ ਇਸ ਦਾਤ ਦੇ ਮਿਲਣ ਤੇ ਮੰਨ ਵਿਚ ਅਹੰਕਾਰ ਨਾ ਲਿਆਉਣ ਦੀ ਵੀ ਰਾਗੀ ਸਿੰਘਾਂ ਨੂੰ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਅਸੀ ਦੁਨਿਆਵੀ ਪਦਾਰਥਾਂ ਨਾਲ ਤਾਂ ਇਕ ਪਲ ਵਿਚ ਜੁੜ ਜਾਂਦੇ ਹਾਂ ਪਰ ਗੁਰੂ ਸ਼ਬਦ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਤੋਂ ਪਹਿਲਾਂ ਆਪਣੇ ਦੁਨਿਆਵੀ ਕੰਮਾ ਜਾਂ ਪਰਿਵਾਰ ਦਾ ਧਿਆਨ ਪਹਿਲੇ ਕਰਦੇ ਹਾਂ। ਗੁਰੂ ਅਰਜਨ ਦੇਵ ਜੀ ਨੂੰ ਸਮਰਥ ਗੁਰੂ ਦੱਸਦੇ ਹੋਏ ਭਾਈ ਸਾਹਿਬ ਨੇ ਭਾਈ ਬਲਵੰਡਿ ਜੀ ਅਤੇ ਭਾਈ ਸਤੈ ਜੀ ਵੱਲੋਂ ਕੀਰਤਨ ਦੀ ਦਾਤ ਕਰਕੇ ਮੰਨ ਵਿਚ ਅਹੰਕਾਰ ਪੈਦਾ ਹੋਣ ਦੇ ਬਾਵਜੂਦ ਗੁਰੂ ਸਾਹਿਬ ਵੱਲੋਂ ਉਨ੍ਹਾਂ ਨੂੰ ਮੁਆਫੀ ਦੇਕੇ ਆਪਣੇ ਨਾਲ ਜੋੜਨ ਤੋਂ ਇਲਾਵਾ ਉਨ੍ਹਾਂ ਦੀ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਕਰਨ ਦਾ ਵੀ ਹਵਾਲਾ ਦਿੱਤਾ। ਸਮਾਪਤੀ ਸਮਾਗਮਾਂ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਹਰਦੇਵ ਸਿੰਘ ਧਨੋਆ ਨੇ ਭਾਈ ਸਾਹਿਬ ਨੂੰ ਸਿਰਪਾਓ ਅਤੇ ਸ਼ਾਲ ਦੇਕੇ ਸਨਮਾਨਿਤ ਕਰਦੇ ਹੋਏ ਕਥਾ ਵਿਚਾਰਾਂ ਨਾਲ ਰਾਮਕਲੀ ਕੀ ਵਾਰ ਦੀ ਕੀਤੀ ਗਈ ਵਿਆਖਿਆ ਦੀ ਸ਼ਲਾਘਾ ਵੀ ਕੀਤੀ। ਰਾਣਾ ਨੇ ਗੁਰੂ ਅਰਜਨ ਦੇਵ ਦੀ ਵੱਲੋਂ ਭਾਈ ਬਲਵੰਡ ਜੀ ਅਤੇ ਭਾਈ ਸਤੈ ਜੀ ਵੱਲੋਂ ਉਚਾਰੀ ਗਈ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਸਥਾਨ ਦੇਣ ਦੀ ਇਕ ਸਿੱਖ ਨੂੰ ਗੁਰੂ ਬਰਾਬਰ ਬਿਠਾਉਣ ਨਾਲ ਵੀ ਤੁਲਨਾ ਕੀਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media