ਅੰਮ੍ਰਿਤਸਰ ਰੈਲੀ ਕੈਪਟਨ ਵੱਲੋਂ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਦੀ ਕੀਤੀ ਕੋਸ਼ਿਸ਼

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਵਿੱਚ ਕੀਤੀ ਰੈਲੀ ਨੂੰ ਆਪਣੀ ਨਿੱਜ ਨੂੰ ਉਭਾਰਣ ਅਤੇ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਲਈ ਕੀਤੀ ਕੇਵਲ ਇੱਕ ਕੋਸ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ਰੈਲੀ ਕੈਪਟਨ ਨੇ ਪੰਜਾਬ ਦੇ ਹਿੱਤਾਂ ਦੀ ਖਾਤਿਰ ਜਾਂ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਨਹੀਂ ਕੀਤੀ।ਸਗੋਂ ਆਪਣੀ ਖੁੱਦ ਦੀ ਮਜ਼ਬੂਤੀ ਲਈ ਕੀਤੀ ਹੈ। ਇੱਥੇ ਜਾਰੀ ਬਿਆਨ ਵਿੱਚ ਪ੍ਰੋ: ਵਲਟੋਹਾ ਨੇ ਕਿਹਾ ਕਿ ਕੈਪਟਨ ਨੇ ਰੈਲੀ ਤੋਂ ਪਹਿਲਾਂ ਇਹ ਰੱਟ ਲਗਾਈ ਸੀ ਕਿ ਉਹ ਸਿਰਫ ਆਪਣੇ ਪਾਰਲੀਮੈਂਟ ਹਲਕੇ ਦੀ ਰੈਲੀ ਕਰ ਰਹੇ ਹਨ।ਪਰ ਬਾਅਦ ਵਿੱਚ ਕੈਪਟਨ ਨੂੰ ਪੂਰੇ ਪੰਜਾਬ ਦੇ ਬਾਹਰਲੇ ਹਲਕਿਆਂ ਤੋਂ ਲੋਕ ਮੰਗਵਾ ਕੇ ਇਕੱਠ ਕਰਨਾ ਪਿਆ।ਉਨ੍ਹਾਂ ਕਿਹਾ ਕਿ ਕੈਪਟਨ ਵਰਗੇ ਕੱਦਵਾਰ ਆਗੂ ਦੇ ਮੁਕਾਬਲੇ ਇਹ ਰੈਲੀ ਸਿਆਸੀ ਪੱਖੋਂ ਛੋਟੀ ਨਹੀਂ ਬਲਕਿ ਬੋਣੀ ਰਹੀ।ਉਨ੍ਹਾਂ ਆਖਿਆ ਕਿ ਕਿਸੇ ਵੀ ਰਾਜਸੀ ਆਗੂ ਲਈ ਪਾਰਟੀ ਤੇ ਲੀਡਰਸ਼ਿਪ ਪ੍ਰਤੀ ਵਫਾਦਾਰੀ ਉਸਦਾ ਪਹਿਲਾ ਗੁਣ ਮੰਨਿਆ ਜਾਂਦਾ ਹੈ, ਜੋ ਕਿ ਕੈਪਟਨ ਵਿੱਚ ਨਹੀਂ। ਕਿਉਂਕਿ ਕੈਪਟਨ ਨੇ ਇਸ ਰੈਲੀ ਵਿੱਚ ਆਪਣੇ ਨਿੱਜੀ ਸਵਾਰਥ ਨੂੰ ਹੀ ਮੁੱਖ ਰੱਖਿਆ। ਕਾਂਗਰਸ ਦੇ ਕਿਸੇ ਵੀ ਕੇਂਦਰੀ ਆਗੂ ਦਾ ਰੈਲੀ ਵਿੱਚ ਨਾ ਪੁੱਜਣਾ ਤੇ ਰੈਲੀ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਵੱਲੋਂ ਕੇਂਦਰੀ ਲੀਡਰਸ਼ਿਪ ਦਾ ਜਿਕਰ ਤੱਕ ਨਾ ਕਰਨਾ ਇਸ ਰੈਲੀ ਦੀ ਪ੍ਰਮੁੱਖਤਾ ਅੱਗੇ ਪ੍ਰਸ਼ਨ ਚਿੰਨ੍ਹ ਲਗਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਕੈਪਟਨ ਨੂੰ ਅਹਿਮ ਅਹੁਦੇ ਦੇ ਕੇ ਨਿਵਾਜਿਆ ਕੈਪਟਨ ਅੱਜ ਉਸੇ ਪਾਰਟੀ ਲੀਡਰਸ਼ਿਪ ਨੂੰ ਅੱਖਾਂ ਵਿਖਾ ਰਹੇ ਹਨ ਤੇ ਅਜਿਹੇ ਆਗੂ ਹੱਥੋਂ ਲੋਕਾਂ ਦੇ ਭਲੇ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਲਲਕਾਰ ਰੈਲੀ ਦਾ ਮਕਸਦ ਭਾਵੇਂ ਦੱਸਿਆ ਕੁੱਝ ਹੋਰ ਜਾ ਰਿਹਾ ਸੀ, ਪਰ ਅਸਲ ਵਿੱਚ ਕੈਪਟਨ ਦੀ ਲਲਕਾਰ ਪ੍ਰਧਾਨਗੀ ਹਾਸਲ ਕਰਨ ਲਈ ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਖਿਲਾਫ ਸੀ। ਪ੍ਰੋ: ਵਲਟੋਹਾ ਨੇ ਇਹ ਵੀ ਕਿਹਾ ਕਿ ਕੁੱਝ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਮੁਤਾਬਿਕ ਕੈਪਟਨ ਨੇ ਆਪਣੀ ਪਾਰਟੀ ਦੇ ਵੱਡੇ ਆਗੂਆਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਦਿਆਂ ਰੈਲੀ ਦੇ ਮਕਸਦ ਨੂੰ ਆਪਣੇ ਤੱਕ ਹੀ ਸੀਮਤ ਰੱਖਿਆ।ਰੈਲੀ ਵਿੱਚ ਹਾਜ਼ਰ ਕਾਂਗਰਸੀ ਵਰਕਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਹੋਰਾਂ ਆਗੂਆਂ ਨੂੰ ਵਾਰ-ਵਾਰ ਇਹ ਕਹਿਣਾ ਕਿ ਜੇਕਰ ਕਾਂਗਰਸ ਨੂੰ ਬਚਾਉਣਾ ਹੈ ਤਾਂ ਲੀਡਰਸ਼ਿਪ ਇੱਕ ਮੰਚ ਤੇ ਆਵੇ। ਇਹ ਸਾਬਤ ਕਰਦਾ ਹੈ ਕਿ ਕਾਂਗਰਸੀ ਵਰਕਰਾਂ ਵਿੱਚ ਆਪਣੀ ਲੀਡਰਸ਼ਿਪ ਪ੍ਰਤੀ ਨਰਾਜ਼ਗੀ ਤੇ ਨਰਾਸ਼ਤਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਭਲੇ ਦੀ ਗੱਲ ਛੱਡ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਪੂਰੀ ਵਾਹ ਲਗਾ ਰਹੇ ਹਨ ਤੇ ਕਾਂਗਰਸ ਦੀਆਂ ਅਜਿਹੀਆਂ ਕਾਰਵਾਈਆਂ ਹੀ ਭਵਿੱਖ ਵਿੱਚ ਇਸ ਪਾਰਟੀ ਨੂੰ ਹਾਸ਼ੀਏ ਤੇ ਲੈ ਜਾਣਗੀਆਂ।
Punjab Post Daily Online Newspaper & Print Media