ਸਬ-ਡਵੀਜ਼ਨ ਪੱਧਰ ਤੇ ਐਸ.ਡੀ.ਐਮ ਵੱਲੋਂ ਚੈਕਿੰਗ
ਫਾਜ਼ਿਲਕਾ, 26 ਜਨਵਰੀ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਫਾਜ਼ਿਲਕਾ ਜਿਲ੍ਹੇ ਵਿਚ ਯੁਰੀਆ ਖਾਦ ਦੀ ਸਪਲਾਈ ਯਕੀਨੀ ਬਨਾਉਣ ਲਈ ਫਾਜ਼ਿਲਕਾ ਵਿਖੇ ਵੱਖ ਵੱਖ ਥਾਂਵਾ ਦੀ ਜਗ੍ਹਾਂ ਤੇ ਸਟੋਰਾਂ ਦੀ ਚੈਕਿੰਗ ਕੀਤੀ ਅਤੇ ਕਿਸਾਨਾਂ ਨੂੰ ਵੰਡੀ ਜਾ ਰਹੀ ਯੁਰੀਆ ਖਾਦ ਦਾ ਜ਼ਾਇਜ਼ਾ ਲਿਆ।ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਸ਼੍ਰੀ ਸੁਭਾਸ਼ ਖਟਕ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਖਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਖਾਦ ਵੰਡ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਹੀ ਆਉਣੀ ਚਾਹੀਦੀ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਖਾਦ ਦੀ ਵੰਡ ਸਮੇਂ ਕਿਸਾਨਾਂ ਦੀਆਂ ਲਾਈਨਾਂ ਲਗਵਾਈਆਂ ਜਾਣ ਅਤੇ ਉਨ੍ਹਾਂ ਨੂੰ ਟੋਕਣ ਜਾਰੀ ਕੀਤੇ ਜਾਣ।ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜਿਲ੍ਹੇ ਵਿੱਚ ਯੂਰੀਆ ਖਾਦ ਦੀ ਕੋਈ ਘਾਟ ਨਹੀਂ ਆਉਂਣ ਦਿੱਤੀ ਜਾਵੇਗੀ ਅਤੇ ਸਰਕਾਰ ਵਲੋਂ ਯੂਰੀਆ ਖਾਦ ਲਗਾਤਾਰ ਇਸ ਜਿਲ੍ਹੇ ਵਿੱਚ ਆ ਰਹੀ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਰੀਆ ਖਾਦ ਪ੍ਰਾਪਤ ਕਰਨ ਲਈ ਆਪਣੇ ਨਾਲ ਆਪਣਾ ਸ਼ਨਾਖਤੀ ਦਸਤਾਵੇਜ ਜਰੂਰ ਲਿਆਉਣ ਤਾਂ ਜੋ ਯੂਰੀਆ ਖਾਦ ਪ੍ਰਾਪਤ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਮਾਹਿਰਾਂ ਦੀ ਸਫਾਰਿਸ਼ਾਂ ਅਨੁਸਾਰ ਹੀ ਯੁਰੀਆ ਖਾਦ ਦੀ ਵਰਤੋਂ ਕਰਨ ਤਾਂ ਜੋ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਤੇ ਉਹ ਕਿਸੇ ਘਬਰਾਟ ਵਿੱਚ ਆ ਕਿ ਆਉਂਦੀ ਸਾਉਣੀ ਦੀ ਫਸਲ ਲਈ ਯੂਰੀਆ ਖਾਦ ਦਾ ਸਟਾਕ ਜਮ੍ਹਾਂ ਨਾ ਕਰਨ, ਕਿਉਂਕਿ ਮੌਸਮ ਸਿਲ੍ਹਾ ਹੋਣ ਕਾਰਨ ਇਹ ਖਾਦ ਜੰਮ ਸਕਦੀ ਹੈ, ਜਿਸ ਦੀ ਬਾਅਦ ਵਿੱਚ ਵਰਤੋ ਕਰਨ ਵਿੱਚ ਕਿਸਾਨਾਂ ਨੂੰ ਮੁਸ਼ਕਲ ਪੇਸ਼ ਆ ਸਕਦੀ ਹੈ।
ਡਿਪਟੀ ਕਮਿਸ਼ਨਰ ਸ. ਬਰਾੜ ਨੇ ਇਸ ਮੌਕੇ ਤੇ ਜਿਲ੍ਹੇ ਦੇ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਦੇ ਨਿਯਮਾਂ ਅਨੁਸਾਰ ਖਾਦ ਦੀ ਵੰਡ ਕਰਨ ਤਾਂ ਜੋ ਜਿਲ੍ਹੇ ਵਿੱਚ ਖਾਦ ਦੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ।ਉਨ੍ਹਾਂ ਖਾਦ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਕਿ ਜੇਕਰ ਕੋਈ ਡੀਲਰ ਨਜਾਇਜ ਤੌਰ ਤੇ ਖਾਦ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਖਾਦ ਨਿਯਮਾਂ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।