
ਨਵੀਂ ਦਿੱਲੀ, 27 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸਿੱਖ ਦੀ ਸ਼ਾਨ ਅਤੇ ਗੁਰਸਿੱਖੀ ਦੀ ਨਿਸ਼ਾਨੀ ਦਸਤਾਰ ਸਜਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਪ ਜਾਪ ਸੇਵਾ ਟਰੱਸਟ ਦੇ ਸਹਿਯੋਗ ਨਾਲ ਦਸਤਾਰ ਬੰਦੀ ਪ੍ਰਤਿਯੋਗਿਤਾ ਕਰਵਾਈ ਗਈ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਡੇ ਪੱਧਰ ਤੇ ਕਰਵਾਈ ਗਈ ਇਸ ਪ੍ਰਤਿਯੋਗਿਤਾ ‘ਚ 6 ਤੋਂ 17 ਸਾਲ ਦੇ ਲਗਭਗ 350 ਬੱਚਿਆਂ ਨੇ ਹਿੱਸਾ ਲਿਆ। ਜਿਨ੍ਹਾਂ ਨੂੰ ਇਨਾਮਾਂ ਦੀ ਤਕਸੀਮ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਕੀਤੀ ਗਈ।
ਜਿਥੇ ਸੀਨੀਅਰ ਵਰਗ ‘ਚ ਜੇਤੂਆਂ ਨੂੰ ਟੈਬ ਅਤੇ ਪ੍ਰਿੰਟਰ ਦਿੱਤੇ ਗਏ ਉਥੇ ਹੀ ਜੁਨੀਅਰ ਅਤੇ ਦੁਮਾਲਾ ਵਰਗ ‘ਚ ਜੇਤੂਆਂ ਨੂੰ ਸਾਈਕਲਾਂ ਦੀ ਵੰਡ ਕੀਤੀ ਗਈ। ਜੇਤੂਆਂ ਤੋਂ ਇਲਾਵਾ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵੀ ਇਨਾਮ ਦਿੱਤੇ ਗਏ। ਦਸਤਾਰ ਨੂੰ ਸਿੱਖੀ ਦਾ ਅਣਖਿੜਵਾ ਅੰਗ ਦੱਸਦੇ ਹੋਏ ਜੀ.ਕੇ. ਨੇ ਸਮੂਹ ਬੱਚਿਆਂ ਨੂੰ ਦਸਤਾਰ ਦੀ ਲੋੜ ਅਤੇ ਨਿਆਰੀ ਪਛਾਣ ਬਾਰੇ ਵੀ ਜਾਣੂੰ ਕਰਵਾਇਆ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਬੀਬੀ ਧੀਰਜ ਕੌਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ ਗੁਰਮੀਤ ਸਿੰਘ ਬੋਬੀ ਆਦਿਕ ਮੌਜੂਦ ਸਨ।
Punjab Post Daily Online Newspaper & Print Media