Thursday, March 5, 2026

ਸੁਖਬੀਰ ਵਲੋਂ ਬੁੱਧੀਜੀਵੀਆਂ ਨੂੰ ਪੰਜਾਬ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਵਿਰੁੱਧ ਡਟਣ ਦਾ ਸੱਦਾ

3 ਘੰਟੇ ਲੰਬੇ ਸਮਾਗਮ ਦੌਰਾਨ ਮਿੱਥ ਤੇ ਅਸਲੀਅਤ ਦਰਮਿਆਨ ਫਰਕ ਜੱਗ ਜਾਹਿਰ ਕੀਤਾ

2000 ਕਰੋੜ ਰੁਪੈ ਦੀ ਲਾਗਤ ਨਾਲ ਸਾਰੇ ਸ਼ਹਿਰਾਂ ਵਿਚ ਬਿਜਲੀ ਲਾਇਨਾਂ ਜ਼ਮੀਨਦੋਜ਼

PPN020816

ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬੁੱਧਜੀਵੀਆਂ ਤੇ ਮਾਹਿਰਾਂ ਨਾਲ ਸਿੱਧੀ ਗੱਲਬਾਤ ਦੌਰਾਨ ਉਨ੍ਹਾਂ ਨੂੰ ਪੰਜਾਬ ਵਿਰੋੋਧੀ ਤਾਕਤਾਂ ਵਲੋਂ ਸੂਬੇ ਨੂੰ ਕਰਜ਼ਈ, ਨਸ਼ੇੜੀ ਕਹਿਕੇ ਬਦਨਾਮ ਕਰਨ ਦੀ ਮੁਹਿੰਮ ਦਾ ਮੂੰਹ ਤੋੜ ਜਵਾਬ ਦੇਣ ਲਈ ਡਟਣ ਦਾ ਸੱਦਾ ਦਿੱਤਾ ਹੈ। ਉੁਨ੍ਹਾਂ ਕਾਂਗਰਸ ਸਮੇਤ ਹੋਰਨਾਂ ਅਜਿਹੀਆਂ ਤਾਕਤਾਂ ਨੂੰ ਤਾੜਿਆ ਕਿ ਉਹ ਸਾਡੇ ਵਿਰੁੱਧ ਜੋ ਮਰਜ਼ੀ ਕਹਿ ਲੈਣ ਪਰ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਹੋਣ ‘ਤੇ ਮਾਣ ਹੈ ਕਿਉਂਕਿ ਅਸੀਂ ਸਰਬੋਤਮ ਸੀ ਤੇ ਰਹਾਂਗੇ।

ਸੂਬੇ ਦੀਆਂ ਵਿਦਿਅਕ ਸੰਸਥਾਵਾਂ ਵਿਖੇ ਜਨਤਕ ਨੀਤੀ ਸੰਮੇਲਨ ਦੇ ਦੂਜੇ ਪੜਾਅ ਤਹਿਤ ਅੱਜ ਗੁਰੂ ਨਾਨਕ ਦੇਵ ਯੂਨਵਰਸਿਟੀ ਵਿਖੇ ਬੁੱਧੀਜੀਵੀਆਂ ਨੂੰ ਪੰਜਾਬ ਬਾਰੇ ਪੈਦਾ ਕੀਤੀਆਂ ਜਾ ਰਹੀਆਂ ਗਲਤ ਫਹਿਮੀਆਂ ਤੇ ਸੱਚਾਈ ਵਿਚ ਅੰਤਰ ਦੱਸਣ ਲਈ 90 ਮਿੰਟ ਦੀ ਪੇਸ਼ਕਾਰੀ ਦਿਖਾਈ ਗਈ ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਕਿਵੇਂ ਸਿਆਸੀ ਮੁਫਾਦਾਂ ਲਈ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਇਸ ਸੰਮੇਲਨ ਲੜੀ ਦਾ ਮਕਸਦ ਸਿਆਸੀ ਨਹੀਂ ਸਗੋਂ ਕੇਵਲ ਪੰਜਾਬ ਦੀ ਜਾਣਬੁੱਝਕੇ ਵਿਗਾੜੀ ਜਾ ਰਹੀ ਦਿੱਖ ਵਿਰੁੱਧ ਬੁੱਧੀਜੀਵੀਆਂ ਨੂੰ ਸੁਚੇਤ ਕਰਨਾ ਹੈ ਤਾਂ ਜੋ ਉਹ ਅੱਗੋਂ ਲੋਕਾਂ ਨੂੰ ਸੱਚਾਈ ਬਾਰੇ ਜਾਣੂੰ ਕਰਵਾ ਸਕਣ।
ਸ. ਬਾਦਲ ਨੇ ਕਿਹਾ ਕਿ ਸਿਆਸੀ ਤੌਰ ‘ਤੇ ਕੂੜ ਪ੍ਰਚਾਰ ਕਰਨ ਵਾਲਿਆਂ ਦੀ ਉਨ੍ਹਾਂ ਨੂੰ ਕਦੇ ਵੀ ਕੋਈ ਪ੍ਰਵਾਹ ਨਹੀਂ ਸੀ ਪਰ ਉਨ੍ਹਾਂ ਵਲੋਂ ਬੀਤੇ ਦਿਨੀਂ ਸੂਬੇ ਅੰਦਰ ਨਿਵੇਸ਼ ਲਈ ਦੇਸ਼ ਦੇ ਚੋਟੀ ਦੇ ਸਨਅਤਕਾਰਾਂ ਨਾਲ ਮੀਟਿੰਗ ਦੌਰਾਨ ਜੋ ਟਿੱਪਣੀਆਂ ਉਨ੍ਹਾਂ ਵਲੋਂ ਕੁਝ ਆਗੂਆਂ ਦੇ ਗੁੰਮਰਾਹਕੁੰਨ ਬਿਆਨਬਾਜ਼ੀ ਦੇ ਆਧਾਰ ‘ਤੇ ਪੰਜਾਬ ਬਾਰੇ ਕੀਤੀਆਂ ਗਈਆਂ, ਉਹ ਸਹਿਣਯੋਗ ਨਹੀਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਰਜ਼ਈ ਤੇ ਨਸ਼ੇੜੀ ਹੋਣ ਬਾਰੇ ਕੀਤੇ ਜਾ ਕੂੜ ਪ੍ਰਚਾਰ ਕਾਰਨ ਜਿੱਥੇ ਨਿਵੇਸ਼ਕਾਂ ਵਿਚ ਤੌਖਲੇ ਪੈਦਾ ਹੋ ਰਹੇ ਹਨ ਉੱਥੇ ਸਾਰੇ ਦੇਸ਼ ਵਿਚ ਸਾਡੀ ਗਲਤ ਤਸਵੀਰ ਪੇਸ਼ ਕੀਤੀ ਜਾ ਰਹੀ ਹੈ, ਜਿਸ ਕਰਕੇ ਉਨ੍ਹਾਂ ਵਲੋਂ ਅਜਿਹੇ ਸੰਮੇਲਨ ਕਰਨ ਦਾ ਫੈਸਲਾ ਲਿਆ ਗਿਆ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਵਿੱਤੀ ਸਿਹਤ, ਕਰਜ਼, ਸਿੱਖਿਆ, ਬੁਨਿਆਦੀ ਢਾਂਚੇ , ਸਿਹਤ ਬਾਰੇ ਗਲਤਫਹਿਮੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ ਜਦਕਿ ਤੱਥ ਕੁਝ ਹੋਰ ਤਸਵੀਰ ੁਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਮਾਲੀਆ ਇਕੱਤਰ ਕਰਨ ਦੀ ਦਰ ਵਿਚ ਵਾਧਾ 8.94% ਹੈ ਜੋ ਕਿ ਗੁਜਰਾਤ ਤੋਂ ਵੀ ਵੱਧ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਪਰ ਫਿਰ ਵੀ ਸਾਰੀ ਵਿਭਾਗੀ ਵਿਵਸਥਾ ਆਨਲਾਇਨ ਕਰਕੇ ਵੈਟ ਵਸੂਲੀ 20,000 ਕਰੋੜ ਤੱਕ ਪਹੁੰਚ ਗਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੂਬੇ ਸਿਰ ਕਰਜ਼ ਹੋਣ ਬਾਰੇ ਵੀ ਲਗਾਤਾਰ ਗੱਲ ਕੀਤੀ ਜਾਂਦੀ ਹੈ ਜਦਕਿ ਵਿਕਾਸਮੁਖੀ ਤੇ ਉਤਪਾਦਨ ਵੱਲ ਸੇਧਿਤ ਕਰਜ਼ ਕਦੀ ਵੀ ਮਾੜਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਕਰਜ਼ ਕੁੱਲ ਸਕਲ ਘਰੇਲੂ ਉਤਪਾਦ ਦਾ 32 ਫੀਸਦੀ ਹੈ ਜਦਕਿ ਕੇਂਦਰ ਸਰਕਾਰ ਸਿਰ ਇਹ 68.5 % ਹੈ। ਅਮਰੀਕਾ ਜਿਹੇ ਵਿਕਸਤ ਮੁਲਕ ਵਿਚ ਇਹ ਦਰ 92.7 ਤੇ ਜਾਪਾਨ ਵਿਚ 225.9 ਫੀਸਦੀ ਹੈ।
ਸ. ਬਾਦਲ ਨੇ ਕਿਹਾ ਕਿ ਦੇਸ਼ ਦੀ ਟੈਕਸ ਵੰਡ ਦਾ ਢਾਂਚਾ ਸੂਬੇ ਦੀ ਕਾਰਗੁਜ਼ਾਰੀ ‘ਤੇ ਅਧਾਰਿਤ ਹੋਣਾ ਚਾਹੀਦਾ ਹੈ ਨਾ ਕਿ ਜਨਸੰਖਿਆ ਦੇ ਆਧਾਰ ‘ਤੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਕੇਂਦਰੀ ਟੈਕਸਾਂ ਵਿਚੋਂ ਕੇਵਲ 1.38 ਫੀਸਦੀ ਹਿੱਸਾ ਮਿਲ ਰਿਹਾ ਹੈ ਜਦਕਿ ਯੂ.ਪੀ. ਨੂੰ 19.7 ਫੀਸਦੀ, ਜੋ ਕਿ ਪੂਰੀ ਤਰ੍ਹਾਂ ਨਾ ਇਨਸਾਫੀ ਹੈ।
ਸ. ਬਾਦਲ ਨੇ ਆਮ ਤੌਰ ‘ਤੇ ਪੰਜਾਬ ਦੀ ਤੁਲਨਾ ਗੁਆਂਦੀ ਰਾਜ ਹਰਿਆਣਾ ਨਾਲ ਕੀਤੀ ਜਾਂਦੀ ਹੈ ਪਰ ਜਿੱਥੇ ਪੰਜਾਬ ਨੇ ਸਭ ਪਾਸੇ ਤਰੱਕੀ ਕੀਤੀ ਹੈ ਤੇ ਉਹ ਪਿੰਡਾਂ ਤੱਕ ਪਹੁੰਚੀ ਹੈ ਉੱਥੇ ਦੂਜੇ ਰਾਜਾਂ ਵਿਚ ਉਹ ਸ਼ਹਿਰਾਂ ਤੱਕ ਸੀਮਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭੰਡਣ ਵਾਲਿਆਂ ਨੂੰ ਪਹਿਲਾਂ ਦੂਜੇ ਰਾਜਾਂ ਦਾ ਦੌਰਾ ਕਰਨਾ ਚਾਹੀਦਾ ਹੈ ਤਾਂ ਜੋ ਉਹ ਪੰਜਾਬ ਤੇ ਉੱਥੋਂ ਦੀ ਤਰੱਕੀ ਦਾ ਫਰਕ ਪਤਾ ਲਾ ਸਕਣ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਸਰਬਪੱਖੀ ਵਿਕਾਸ ਵਿਚ ਦੂਜੇ, ਸਿਹਤ ਵਿਚ ਚੌਥੇ, ਸਿੱਖਿਆ ਵਿਚ ਤੀਜੇ, ਬੁਨਿਆਦੀ ਢਾਂਚੇ ਵਿਚ ਤੀਜੇ ਅਤੇ ਮਨੁੱਖੀ ਵਿਕਾਸ ਸੂਚਕ ਵਿਚ 5 ਵੇਂ ਸਥਾਨ ‘ਤੇ ਹੈ।
ਸ. ਬਾਦਲ ਨੇ ਕਿਹਾ ਕਿ ਜਦ ਅਸੀਂ 2007 ਵਿਚ ਸਰਕਾਰ ਬਣਾਈ ਸੀ ਤਾਂ ਉਸ ਸਮੇਂ ਅਸੀਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਨਿਸ਼ਾਨਾ ਮਿਥਿਆ ਸੀ ਜੋ ਕਿ ਅੱਜ ਪੂਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2007 ਦੌਰਾਨ ਬਿਜਲੀ ਪੈਦਾਵਾਰ 6201 ਮੈਗਾਵਾਟ ਸੀ ਜੋ ਕਿ ਹੁਣ 12392 ਮੈਗਾਵਾਟ ਹੋ ਗਈ ਹੈ। ਉਨ੍ਹਾਂ ਪਾਵਰਕਾਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੂਬੇ ਵਿਚ ਟਰਾਂਸਮਿਸ਼ਨ ਲਾਸ 15 ਫੀਸਦੀ ਹੈ ਜਦਕਿ ਹਰਿਆਣਾ ਵਿਚ ਇਹ 38 ਫੀਸਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਖੇਤਰ ਵਿਚ ਸਫਲਤਾ ਬਾਰੇ ਜਾਣਨ ਲਈ ਮਹਾਂਰਾਸ਼ਟਰ ਤੋਂ ਇਕ ਟੀਮ ਪੰਜਾਬ ਆ ਰਹੀ ਹੈ।
ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ 2000 ਕਰੋੜ ਰੁਪੈ ਦੀ ਲਾਗਤ ਨਾਲ ਸਾਰੇ ਸ਼ਹਿਰਾਂ ਵਿਚ ਬਿਜਲੀ ਲਾਇਨਾਂ ਜ਼ਮੀਨਦੋਜ਼ ਕੀਤੀਆਂ ਜਾਣਗੀਆਂ ਜੋ ਕਿ ਦੇਸ਼ ਭਰ ਵਿਚ ਪਹਿਲਾ ਪ੍ਰਾਜੈਕਟ ਹੋਵੇਗਾ।
%ਪੰਜਾਬ ਦੇ ਚਾਰੇ ਪਾਸੇ ਜ਼ਮੀਨ ਨਾਲ ਘਿਰਿਆ ਹੋਣ ਕਰਕੇ ਬਿਹਤਰੀਨ ਸੜਕੀ ਸੰਪਰਕ ਜ਼ਰੂਰੀ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਅਗਲੇ 2 ਸਾਲ ਤੱਕ 20,000 ਕਰੋੜ ਦੀ ਲਾਗਤ ਨਾਲ ਸਾਰੇ ਮੁੱਖ ਸ਼ਹਿਰ 4-6 ਮਾਰਗੀ ਸੜਕਾਂ ਨਾਲ ਜੋੜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸ੍ਰੀ ਨਿਤੀਨ ਗਡਕਰੀ ਵਲੋਂ ਬੀਤੇ ਦਿਨੀ 18000 ਕਰੋੜ ਰੁਪੈ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੋ ਕਿ ਅਗਲੇ 3 ਮਹੀਨੇ ਦੌਰਾਨ ਸ਼ੁਰੂ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਮੁਹਾਲੀ ਦਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਜੋ ਕਿ ਜੂਨ 2015 ਨੂੰ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿਸ ਵਿਚ 2 ਅੰਤਰਰਾਸ਼ਟਰੀ ਹਵਾਈ ਅੱਡੇ ਹੋਣਗੇ।
ਸ਼ਹਿਰਾਂ ਦੇ ਸਰਬਪੱਖੀ ਵਿਕਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਲਈ 524.76, ਜਲੰਧਰ ਲਈ 700 ਤੇ ਲੁਧਿਆਣਾ ਲਈ 800 ਕਰੋੜ ਰੁਪੈ ਦੇ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ।
ਲੋਕਾਂ ਨੂੰ ਸਰਕਾਰੀ ਕੰਮਕਾਜ਼ ਵਾਸਤੇ ਸਹੂਲਤ ਦੇਣ ਲਈ ਸ. ਬਾਦਲ ਨੇ ਐਲਾਨ ਕੀਤਾ ਕਿ 6 ਮਹੀਨੇ ਤੱਕ ਸਾਰੇ ਸਰਕਾਰੀ ਕੰਮਾਂ ਲਈ ਸਵੈ ਤਸਦੀਕ ਸ਼ੁਰੂ ਕਰ ਦਿੱਤੀ ਜਾਵੇਗੀ। ਸ. ਬਾਦਲ ਨੇ ਕਿਹਾ ਕਿ ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣੇ ਨਾਗਰਿਕ ‘ਤੇ ਵਿਸ਼ਵਾਸ਼ ਕਰੀਏ ਜਿਸ ਕਰਕੇ ਅਸੀਂ ਪਹਿਲਾਂ ਹਲਫੀਆ ਬਿਆਨ ਖਤਮ ਕੀਤੇ ਹਨ, ਜਿਸਨੂੰ ਹੁਣ ਕੇਂਦਰ ਸਰਕਾਰ ਵਲੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਈ-ਸਟੈਂਪਿੰਗ ਪਿੱਛੋਂ ਹੁਣ ਈ-ਰਜਿਸਟ੍ਰੇਸ਼ਨ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਪੰਜਾਬ ਵਿਚ ਉਦਯੋਗਾਂ ਦੇ ਪਲਾਇਨ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਸ. ਬਾਦਲ ਨੇ ਕਿਹਾ ਕਿ ਬਿਹਤਰੀਨ ਬੁਨਿਆਦੀ ਢਾਂਚਾ ਹੋਣ ਕਰਕੇ ਆਈ. ਟੀ. ਕੰਪਨੀਆਂ ਪੰਜਾਬ ਵਿਚ ਤੇਜੀ ਨਾਲ ਨਿਵੇਸ਼ ਕਰ ਰਹੀਆਂ ਹਨ ਜਿਸ ਤਹਿਤ 23 ਕੰਪਨੀਆਂ ਵਲੋਂ ਮੁਹਾਲੀ ਵਿਖੇ ਪ੍ਰਾਜੈਕਟ ੨ ਸਥਾਪਿਤ ਕੀਤੇ ਜਾ ਰਹੇ ਹਨ।
ਸੂਬੇ ਵਿਚ ਰੇਤੇ ਤੇ ਬੱਜਰੀ ਦੀ ਥੁੜ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਯੂ.ਪੁੀ.ਏ. ਸਰਕਾਰ ਵਲੋਂ ਕਈ ਸਾਲ ਸੂਬੇ ਦੀਆਂ ਖੱਡਾਂ ਨੂੰ ਵਾਤਾਵਰਣ ਮਨਜ਼ੂਰੀ ਹੀ ਨਹੀਂ ਦਿੱਤੀ ਗਈ ਜਦਕਿ ਹੁਣ ਐਨ.ਡੀ.ਏ. ਸਰਕਾਰ ਵਲੋਂ 100 ਖੱਡਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
%ਪੇਸ਼ਕਾਰੀ ਦੌਰਾਨ ਸ. ਬਾਦਲ ਵਲੋਂ ਇਹ ਅੰਕੜੇ ਦਿਖਾਉਂਦਿਆਂ ਦੱਸਿਆ ਕਿ ਸਭ ਤੋਂ ਘੱਟ ਪੁਲਿਸ ਵਲੋਂ ਮਾਮਲੇ ਗੋਆ ਵਿਚ ਦਰਜ ਕੀਤੇ ਗਏ ਹਨ ਜਦਕਿ ਉੱਥੇ ਸਭ ਤੋਂ ਵੱਧ ਨਸ਼ੇ ਦੀ ਖਪਤ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਲੋਂ ਦੇਸ਼ ਵਿਚ ਦਾਖਲ ਹੋਏ ਨਸ਼ਿਆਂ ਨੂੰ ਸਭ ਤੋਂ ਵੱਧ ਫੜਨ ਅਤੇ ਤਸਕਰਾਂ ਨੂੰ ਜੇਲਾਂ ਅੰਦਰ ਸੁੱਟਣ ਬਦਲੇ ਜਿੱਥੇ ਸੂਬੇ ਦੀ ਸਿਫਤ ਹੋਣੀ ਚਾਹੀਦੀ ਸੀ ਉੱਥੇ ਇਕ ਸਾਜਿਸ਼ ਤਹਿਤ ਇਸਨੂੰ ਬਦਨਾਮ ਕੀਤਾ ਗਿਆ।ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੀ ਖਾਤਰ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਹੈ ਜਿਸ ਤਹਿਤ ਨਸ਼ਾ ਤਸਕਰਾਂ ਨੂੰ ਪੰਜਾਬ ਪੁਲਿਸ ਨੇ ਮਦਰਾਸ, ਬੰਬਈ ਤੋਂ ਵੀ ਕਾਬੂ ਕੀਤਾ ਹੈ।
ਸ. ਬਾਦਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਕ ਦੇਸ਼ ਵਿਚ ਦੋ ਕਾਨੂੰਨ ਕਿਵੇਂ ਹੋ ਸਕਦੇ ਹਨ? ਉਨ੍ਹਾਂ ਕਿਹਾ ਕਿ ਜਿਥੇ ਰਾਜਸਥਾਨ ਵਿਚ ਅਫੀਮ ਤੇ ਭੁੱਕੀ ਤੋਂ ਸਰਕਾਰੀ ਮਾਲੀਆ ਉਗਰਾਹਿਆ ਜਾ ਰਿਹਾ ਹੈ ਉੱਥੇ ਦੂਜੇ ਰਾਜਾਂ ਵਿਚ ਇਹੀ ਨਸ਼ਾ ਨੌਜਵਾਨਾਂ ਨੂੰ ਉਜਾੜ ਰਿਹਾ ਹੈ।
ਅੰਮ੍ਰਿਤਸਰ ਸ਼ਹਿਰ ਨੂੰ ਭਾਰਤ ਦਾ ਸਭ ਤੋਂ ਸੁੰਦਰ ਸ਼ਹਿਰ ਬਣਾਉਣ ਦਾ ਦ੍ਰਿੜ ਸੰਕਲਪ ਦੁਹਰਾਉਂਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਕੁੱਲ 2969 ਕਰੋੜ ਰੁਪੈ ਦੀ ਲਾਗਤ ਨਾਲ ਜਿੱਥੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਰਵਾਇਤੀ ਦਿੱਖ ਦਿੱਤੀ ਜਾ ਰਹੀ ਹੈ ਉੱਥੇ ਬੀ.ਆਰ.ਟੀ.ਸੀ. ਵਿਵਸਥਾ, ਸ਼ਹਿਰ ਦੇ ਪ੍ਰਮੁੱਖ ਪ੍ਰਵੇਸ਼ ਦੁਆਰ ਤੋਂ ਇਲਾਵਾ ਗੋਬਿੰਦਗੜ੍ਹ ਕਿਲ੍ਹੇ ਨੂੰ ਵਿਸ਼ਵ ਪੱਧਰ ਦਾ ਸੈਰ ਸਪਾਟਾ ਕੇਂਦਰ ਬਣਾਉਣ ਦਾ ਕੰਮ ਵੀ 60 ਫੀਸਦੀ ਤੱਕ ਮੁਕੰਮਲ ਹੋ ਗਿਆ ਹੈ।
ਬੁੱਧੀਜੀਵੀਆਂ ਵਲੋਂ ਕੀਤੇ ਸਵਾਲਾਂ ਦੇ ਉੱਤਰ ਵਿਚ ਸ. ਬਾਦਲ ਨੇ ਸਬਸਿਡੀਆਂ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਵਾਲੀ ਸਰਕਾਰ ਹੈ ਜਿਸ ਕਰਕੇ ਇਹ ਬਿਲਕੁਲ ਜਾਇਜ਼ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲੇਬਾਜ਼ੀ ਵਿਚ ਆਪਣੇ ਲੋਕਾਂ ਦੇ ਵਪਾਰ, ਖੇਤੀ ਨੂੰ ਬਚਾਉਣ ੨ਲਈ ਸਾਰੇ ਵਿਸ਼ਵ ਵਿਚ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ।
ਔਰਤਾਂ ਦੀ ਸੁਰੱਖਿਆ ਬਾਰੇ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਔਰਤਾਂ ਵਿਰੁੱਧ ਜੁਰਮ ਸਭ ਤੋਂ ਘੱਟ ਹਨ। ਇਸ ਤੋਂ ਇਲਾਵਾ ਜਿੱਥੇ ਅੰਮ੍ਰਿਤਸਰ ਤੇ ਲੁਧਿਆਣਾ ਨੂੰ ਸੇਫ ਸਿਟੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਉੱਥੇ ਪੰਜਾਬ ਪੁਲਿਸ ਵਿਚ 5000 ਮਹਿਲਾ ੁਪੁਲਿਸ ਕਰਮੀਆਂ ਦੀ ਭਰਤੀ ਕੀਤੀ ਗਈ ਹੈ।
ਐਸ.ਸੀ. ਤੇ ਬੀ.ਸੀ. ਵਿਦਿਆਰਥੀਆਂ ਲਈ ਪ੍ਰੀ ਮੈਟਰਿਕ ਸਕਾਲਰਸ਼ਿਪ ਬਾਰੇ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰਿੰਸੀਪਲਾਂ ਲਈ ਇਹ ਜ਼ਰੂਰੀ ਕੀਤਾ ਜਾ ਰਿਹਾ ਹੈ ਕਿ ਉਹ ਵਿਦਿਅਕ ਸ਼ੈਸ਼ਨ ਦੀ ਸ਼ੁਰੂਆਤ ਦੇ ਇਕ ਮਹੀਨੇ ਦੇ ਅੰਦਰ-ਅੰਦਰ ਸਾਰੇ ਯੋਗ ਵਿਦਿਆਰਥੀਆਂ ਦੇ ਆਨਲਾਇਨ ਫਾਰਮ ਭਰਨ ਯਕੀਨੀ ਬਣਾਉਣ।
ਇਸ ਮੌਕੇ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ, ਡਾ. ਪ੍ਰਮੋਦ ਕੁਮਾਰ ਚੇਅਰਮੈਨ ਪੰਜਾਬ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ, ਮੁੱਖ ਸੱਕਤਰ ਸਰਵੇਸ਼ ਕੌਸ਼ਲ, ਰਾਜਿੰਦਰ ਗੁਪਤਾ ਉਪ ਚੇਅਰਮੈਨ ਪੰਜਾਬ ਯੋਜਨਾ ਬੋਰਡ, ਅਜਾਇਬ ਸਿੰਘ ਬਰਾੜ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਬੀ.ਐਸ. ਢਿੱਲੋਂ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪ੍ਰੋ. ਰਾਜ ਬਹਾਦਰ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਦਿ ਮੁੱਖ ਤੌਰ ‘ਤੇ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply