Tuesday, March 17, 2026

ਅਵਤਾਰ ਸਿੰਘ ਹਿੱਤ ਨੂੰ ਆਪਣੀ ਜਿੱਤ ਦਾ ਭਰੋਸਾ

PPN3001201514
ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਹਰੀ ਨਗਰ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਟਕਸਾਲੀ ਜਰਨੈਲ ਅਵਤਾਰ ਸਿੰਘ ਹਿੱਤ ਆਪਣੇ ਹਲਕੇ ਦੇ ਲੋਕਾਂ ਤੋਂ ਮਿਲ ਰਹੇ ਭਰਵੇਂ ਸਮਰਥਨ ਸਦਕਾ ਆਪਣੀ ਜਿੱਤ ਯਕੀਨੀ ਦੱਸ ਰਹੇ ਹਨ। ਹਰੀ ਨਗਰ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੀਤੇ 25 ਸਾਲ ਤੋਂ ਮੈਂਬਰ ਹੋਣ ਕਰਕੇ ਜਿਥੇ ਉਹ ਸਿੱਖ ਵੋਟਾਂ ਦੇ ਇਕ ਪਾਸੜ ਉਨ੍ਹਾਂ ਦੇ ਹੱਕ ‘ਚ ਭੁਗਤਣ ਦਾ ਦਾਅਵਾ ਕਰ ਰਹੇ ਹਨ ਉਥੇ ਹੀ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਤੋਂ ਮੁੱਖਮੰਤਰੀ ਦੀ ਗਠਬੰਧਨ ਦੀ ਉਮੀਦਵਾਰ ਕਿਰਣ ਬੇਦੀ ਦੇ ਪ੍ਰਸ਼ਾਸਨਿਕ ਤਜਰਬੇ ਅਤੇ ਸਾਫ ਛਵੀ ਦਾ ਫਾਇਦਾ ਸਮੂਹ ਭਾਈਚਾਰਿਆਂ ਤੋਂ ਮਿਲਣ ਦੀ ਵੀ ਹਿੱਤ ਨੂੰ ਆਸ ਹੈ।
ਜਨਸੰਪਰਕ ਦੌਰਾਨ ਹਲਕੇ ਦੇ ਲੋਕਾਂ ਤੋਂ ਮਿਲ ਰਹੇ ਭਰਵੇਂ ਹੁੰਗਾਰੇ ਦਾ ਜ਼ਿਕਰ ਕਰਦੇ ਹੋਏ ਹਿੱਤ ਨੇ ਕਿਹਾ ਕਿ ਉਹ ਨਿਗਮ ਪਾਰਸ਼ਦ ਅਤੇ ਪੱਛਮ ਦਿੱਲੀ ਨਗਰ ਨਿਗਮ ਜ਼ੋਨ ਦੇ ਚੇਅਰਮੈਨ ਵਜੋਂ ਲਗਭਗ 5 ਸਾਲ ਸੇਵਾ ਨਿਭਾ ਚੁੱਕੇ ਹਨ ਤੇ ਇਲਾਕੇ ਦੇ ਲੋਕਾਂ ਨੇ ਇਸ ਵਾਰ ਤਜ਼ਰਬੇ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਉਸਾਰੂ ਕਾਰਜਾਂ ਨੂੰ ਅਧਾਰ ਬਨਾਉਂਦੇ ਹੋਏ ਵੱਡੇ ਫਰਕ ਨਾਲ ਜਿਤਾਉਣ ਦਾ ਮੰਨ ਬਨਾ ਲਿਆ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਗਦੀਪ ਸਿੰਘ ਤੇ ਬੀਬੀਆਂ ਨਾਲ ਮੰਦਭਾਗਾ ਵਿਵਹਾਰ ਕਰਨ ਦੀਆਂ ਸ਼ਿਕਾਇਤਾਂ ਕਰਕੇ ਉਨ੍ਹਾਂ ਬੀਬੀਆਂ ਦੇ ਵੋਟ ਵੱਡੀ ਤਾਦਾਤ ‘ਚ ਆਪਣੇ ਹੱਕ ‘ਚ ਭੁਗਤਣ ਦੀ ਗੱਲ ਵੀ ਕਹੀ। ਹਿੱਤ ਨੇ ਜਾਣਕਾਰੀ ਦਿੱਤੀ ਕਿ ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ, ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ ਅਤੇ ਸਾਬਕਾ ਅਕਾਲੀ ਉਮੀਦਵਾਰ ਸ਼ਾਮ ਸ਼ਰਮਾ ਵੱਲੋਂ ਹਿੱਤ ਦੀ ਵੱਡੀ ਜਿੱਤ ਲਈ ਵਿਉਂਤਬੰਦੀ ਭਾਜਪਾ ਅਤੇ ਅਕਾਲੀ ਕਾਰਕੂੰਨਾਂ ਦੇ ਸਹਿਯੋਗ ਨਾਲ ਕਰਨ ਦੀ ਤਿਆਰੀ ਵੀ ਕਰ ਲਈ ਗਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply