ਜੀ.ਕੇ ਦੀ ਅਗਵਾਈ ਹੇਠ ਵਫਦ ਵਲੋਂ ਜਸਟਿਸ ਮਾਥੁਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ
ਨਵੀਂ ਦਿੱਲੀ, 1 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਅੱਜ ਇੱਕ ਵਫਦ ਨੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਐਸ.ਆਈ.ਟੀ. ਬਣਾਉਣ ਦੀ ਮੰਗ ਕੀਤੀ। ਅੱਜ ਚੋਣਵੇਂ ਮੀਡੀਆ ਖਬਰਾਂ ਵਿੱਚ ਬੀਤੇ ਦਿਨੀਂ ਗ੍ਰਹਿ ਮੰਤਰਾਲੇ ਵੱਲੋਂ ਇਸ ਮਸਲੇ ‘ਤੇ ਐਸ.ਆਈ.ਟੀ. ਬਣਾਉਣ ਦੀ ਸੰਭਾਵਨਾ ਤਲਾਸਣ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਜੀ.ਪੀ. ਮਾਥੁਰ ਦੀ ਅਗਵਾਈ ਵਿੱਚ ਬਣਾਈ ਗਈ ਕਮੇਟੀ ਵੱਲੋਂ ਗ੍ਰਹਿ ਮੰਤਰਾਲੇ ਨੂੰ ਐਸ.ਆਈ.ਟੀ. ਬਣਾਉਣ ਦੀ ਸਿਫਾਰਿਸ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਅੱਜ ਦਿੱਲੀ ਕਮੇਟੀ ਵਫਦ ਨੇ ਗ੍ਰਹਿ ਮੰਤਰੀ ਨਾਲ ਮੁਲਕਾਤ ਕੀਤੀ। 27 ਦਸੰਬਰ 2014 ਨੂੰ ਗ੍ਰਹਿ ਮੰਤਰਾਲੇ ਵੱਲੋਂ ਇਸ ਮਸਲੇ ‘ਤੇ ਸੰਭਾਵਨਾ ਤਲਾਸ਼ਣ ਲਈ ਬਣਾਈ ਗਈ ਜਸਟਿਸ ਮਾਥੁਰ ਕਮੇਟੀ ਨੇ ਦਿੱਲੀ ਕਮੇਟੀ ਵੱਲੋਂ ਇਸ ਮਸਲੇ ‘ਤੇ ਕੌਮ ਦਾ ਪੱਖ ਰੱਖਣ ਤੋਂ ਬਾਅਦ 1 ਮਹੀਨੇ ਬਾਅਦ ਹੀ ਗ੍ਰਹਿ ਮੰਤਰਾਲੇ ਨੂੰ ਸਿਫਾਰਿਸ ਭੇਜਣ ਦਾ ਫੈਸਲਾ ਕੀਤਾ।
ਗ੍ਰਹਿ ਮੰਤਰੀ ਦਾ ਜਸਟਿਸ ਮਾਥੁਰ ਕਮੇਟੀ ਬਣਾਉਣ ‘ਤੇ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਬੀਤੇ 30 ਸਾਲਾਂ ਤੋਂ ਪੀੜ੍ਹਤਾਂ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਵੱਲੋਂ ਲੜੀ ਗਈ ਲੜ੍ਹਾਈ ਬਾਰੇ ਵੀ ਜਾਣੂੰ ਕਰਵਾਇਆ। ਜਸਟਿਸ ਮਾਥੁਰ ਨੂੰ ਬੀਤੇ ਦਿਨੀ ਦਿੱਲੀ ਕਮੇਟੀ ਵੱਲੋਂ ਸਹਿਯੋਗ ਦੀ ਦਿੱਤੀ ਗਈ ਪੇਸ਼ਕਸ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਇੱਕ ਮੰਗ ਪੱਤਰ ਵੀ ਗ੍ਰਹਿ ਮੰਤਰੀ ਨੂੰ ਸੌਂਪਿਆ, ਜਿਸ ਵਿੱਚ ਸਰਕਾਰੀ ਆਂਕੜਿਆਂ ਮੁਤਾਬਿਕ ਇਸ ਕਤਲੇਆਮ ਵਿੱਚ ਮਾਰੇ ਗਏ 2733 ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਐਸ.ਆਈ.ਟੀ. ਛੇਤੀ ਐਲਾਨਣ ਦੀ ਅਪੀਲ ਕੀਤੀ ਗਈ ਹੈ। ਜੀ.ਕੇ. ਨੇ ਰਾਜਨਾਥ ਨੂੰ ਸਿੱਖ ਦੰਗਿਆਂ ਦੀ ਥਾਂ ਕਤਲੇਆਮ ਕਹਿਣ ਦੇ ਦਿੱਤੇ ਗਏ ਬਿਆਨ ‘ਤੇ ਵੀ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਇਨਸਾਫ ਅਤੇ ਸੱਚ ਦੀ ਲੜਾਈ ਵਿੱਚ ਯੋਗ ਸਹਿਯੋਗ ਦੇਣ ਦੀ ਅਪੀਲ ਕੀਤੀ। ਬੰਦ ਹੋ ਚੁੱਕੇ ਕੇਸਾਂ ਨੂੰ ਮੁੜ ਤੋਂ ਖੋਲਣ ਅਤੇ ਪੀੜ੍ਹਤ ਪਰਿਵਾਰਾਂ ਦੇ ਮੁੜ ਵਸੇਬੇ ਦੀ ਵੀ ਜੀ.ਕੇ. ਵੱਲੋਂ ਸਲਾਹ ਦਿੱਤੀ ਗਈ ਹੈ।
ਰਾਜਨਾਥ ਨੇ ਵਫਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਉਪਰੰਤ ਦਿੱਲੀ ਚੋਣਾਂ ਕਰਕੇ ਲੱਗੇ ਚੋਣ ਜਾਬਤੇ ਦੇ ਹੱਟਣ ਉਪਰੰਤ ਇਨਸਾਫ ਸਿੱਖਾਂ ਨੂੰ ਦਿਵਾਉਣ ਵਾਸਤੇ ਲੋੜੀਂਦੀ ਕਾਰਵਾਈ ਕਰਨ ਦਾ ਇਸ਼ਾਰਾ ਦਿੱਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਚੰਨੀ, ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਮੁੱਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਅਕਾਲੀ ਆਗੂ ਵਿਕਰਮ ਸਿੰਘ ਸਣੇ ਪੀੜ੍ਹਤ ਪਰਿਵਾਰਾਂ ਦੇ ਮੁੱਖੀ ਵੀ ਮੌਜ਼ੂਦ ਸਨ।