ਬਟਾਲਾ, 2 ਫਰਵਰੀ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗਾ ਅਤੇ ਨਗਰ ਕੌਂਸਲ ਬਟਾਲਾ ਦਾ ਅਗਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੀ ਹੋਵੇਗਾ।ਅੱਜ ਬਟਾਲਾ ਵਿਖੇ ਪਾਰਟੀ ਦਫਤਰ ‘ਚ ਨਗਰ ਕੌਂਸਲ ਚੋਣਾਂ ਸਬੰਧੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਸੀਨੀਅਰ ਅਕਾਲੀ ਆਗੂ ਤੇ ਬਟਾਲਾ ਦੇ ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਅਕਾਲੀ ਦਲ ਆਪਣੇ ਇਮਾਨਦਾਰ ਤੇ ਮਿਹਨਤੀ ਵਰਕਰਾਂ ਨੂੰ ਮੈਦਾਨ ‘ਚ ਉਤਾਰੇਗਾ ਜੋ ਕਿ ਵੱਡੀ ਜਿੱਤ ਪ੍ਰਾਪਤ ਕਰਨਗੇ। ਸ. ਲੋਧੀਨੰਗਲ ਨੇ ਕਿਹਾ ਕਿ ਪਾਰਟੀ ਵੱਲੋਂ ਨੌਜਵਾਨ, ਪੜ੍ਹੇ ਲਿਖੇ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਨ ਦੇ ਨਾਲ ਹਰ ਵਰਗ ਨੂੰ ਬਰਾਬਰ ਪ੍ਰਤੀਨਿਧਤਾ ਦਿੱਤੀ ਜਾਵੇਗੀ। ਸ. ਲੋਧੀਨੰਗਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ‘ਚ ਉਨ੍ਹਾਂ ਨੇ ਇਮਾਨਦਾਰੀ ਨਾਲ ਬਟਾਲਾ ਸ਼ਹਿਰ ਦੀ ਸੇਵਾ ਕੀਤੀ ਹੈ ਅਤੇ ਉਨ੍ਹਾਂ ਨੇ ਕਦੀ ਵੀ ਕਿਸੇ ਨਾਲ ਬੇਇਸਾਫੀ ਜਾਂ ਧੱਕੇਸ਼ਾਹੀ ਨਹੀਂ ਕੀਤੀ ਜੋ ਕਿ ਹਲਕੇ ਦੇ ਲੋਕ ਭਲੀਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਬਟਾਲਾ ਹਲਕੇ ਦੀ ਇਮਾਨਦਾਰੀ ਨਾਲ ਸੇਵਾ ਕਰਨ ਦੇ ਇਵਜ ਵਿੱਚ ਹੀ ਹਲਕਾ ਵਾਸੀਆਂ ਨੇ 2014 ਦੀਆਂ ਲੋਕ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਨਦਾਰ ਜਿੱਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇਸੇ ਪਿਆਰ ਸਦਕਾ ਪਾਰਟੀ ਨਗਰ ਕੌਂਸਲ ਚੋਣਾਂ ‘ਚ ਵੱਡੀ ਸਫਲਤਾ ਹਾਸਲ ਕਰੇਗੀ ਅਤੇ ਬਟਾਲਾ ਸ਼ਹਿਰ ਦੇ ਵਿਕਾਸ ਦਾ ਇੱਕ ਨਵਾਂ ਅਧਿਆਏ ਸ਼ੁਰੂ ਕੀਤਾ ਜਾਵੇਗਾ।
ਸ. ਲੋਧੀਨੰਗਲ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਨ ਦੇ ਹਰ ਫੈਸਲੇ ‘ਤੇ ਫੁੱਲ ਝੜਾਉਣਗੇ ਅਤੇ ਬਟਾਲਾ ਨਗਰ ਕੌਂਸਲ ਜਿੱਤ ਕੇ ਪਾਰਟੀ ਦੀ ਝੋਲੀ ‘ਚ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਟਾਲਾ ਵਿਧਾਨ ਸਭਾ ਹਲਕੇ ਦੀ ਸੇਵਾ ਦੀ ਜਿੰਮੇਵਾਰੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਹੈ ਅਤੇ ਸ਼ਹਿਰ ਦਾ ਵਿਕਾਸ ਤੇ ਲੋਕਾਂ ਦੀ ਸੇਵਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਸੀਟਾਂ ਦੀ ਵੰਡ ਬਾਰੇ ਸ. ਲੋਧੀਨੰਗਲ ਨੇ ਕਿਹਾ ਕਿ ਜਿਵੇਂ ਮੋਗਾ ਵਿਖੇ ਅਕਾਲੀ-ਭਾਜਪਾ ਨੇ ਸੀਟਾਂ ਦਾ ਵਟਾਂਦਰਾ ਕੀਤਾ ਸੀ ਉਸੇ ਅਧਾਰ ‘ਤੇ ਹੀ ਬਟਾਲਾ ਨਗਰ ਕੌਂਸਲ ਸੀਟਾਂ ਦਾ ਵੀ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 67 ਸਾਲਾਂ ‘ਚ ਪਹਿਲੀ ਵਾਰ ਨਗਰ ਕੌਂਸਲ ਬਟਾਲਾ ਦਾ ਪ੍ਰਧਾਨ ਅਕਾਲੀ ਦਲ ਬਣੇਗਾ ਅਤੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਗਤੀ ਦਿੱਤੀ ਜਾਵੇਗੀ। ਸ. ਲੋਧੀਨੰਗਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਕੋ ਇੱਕ ਮਕਸਦ ਬਟਾਲਾ ਸ਼ਹਿਰ ਦਾ ਸਮੁੱਚਾ ਵਿਕਾਸ ਹੈ ਅਤੇ ਬਟਾਲਾ ਨਿਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਨਾਲ ਵਿਕਾਸ ਪੱਖੋਂ ਸ਼ਹਿਰ ਨੂੰ ਮੋਹਰੀ ਬਣਾਇਆ ਜਾਵੇਗਾ।
ਸ. ਲੋਧੀਨੰਗਲ ਨੇ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ ਵਾਸੀਆਂ ਤੋਂ ਦੇਸ ਦੇ ਵਿਕਾਸ ਲਈ 60 ਮਹੀਨੇ ਦਾ ਸਮਾਂ ਮੰਗਿਆ ਹੈ ਉਵੇਂ ਹੀ ਉਹ ਬਟਾਲਾ ਵਾਸੀਆਂ ਕੋਲੋਂ ਸ਼ਹਿਰ ਦੇ ਵਿਕਾਸ ਲਈ ਬਟਾਲਾ ਕਮੇਟੀ ਦੀ ਇੱਕ ਟਰਮ ਦੀ ਮੰਗ ਕਰਦੇ ਹਨ ਤਾਂ ਜੋ ਦਹਾਕਿਆਂ ਤੋਂ ਅਣਗੌਲੇ ਬਟਾਲਾ ਸ਼ਹਿਰ ਦਾ ਵਿਕਾਸ ਕੀਤਾ ਜਾ ਸਕੇ। ਸ. ਲੋਧੀਨੰਗਲ ਨੇ ਕਿਹਾ ਕਿ ਜੇਕਰ ਕਮੇਟੀ ਬਣਾ ਕੇ ਉਹ ਬਟਾਲਾ ਸ਼ਹਿਰ ਦਾ ਵਿਕਾਸ ਨਾ ਕਰ ਸਕੇ ਤਾਂ ਉਹ ਫਿਰ ਕਦੇ ਲੋਕਾਂ ਦੀ ਕਚਿਹਰੀ ‘ਚ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦਾ ਵਿਕਾਸ ਕੇਵਲ ਅਕਾਲੀ ਦਲ ਹੀ ਕਰ ਸਕਦਾ ਹੈ ਅਤੇ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਸ. ਬਾਦਲ ਕੋਲੋਂ ਬਟਾਲਾ ਸ਼ਹਿਰ ਲਈ ਵੱਡੀਆਂ ਯੋਜਨਾਵਾਂ ਤੇ ਗ੍ਰਾਂਟਾ ਲਿਆਂਦੀਆਂ ਜਾਣਗੀਆਂ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …