
ਅੰਮ੍ਰਿਤਸਰ, 05 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਉਚੇਰੀ ਸਿਖਿਆ ਤੇ ਖੋਜ ਗ੍ਰਾਂਟ ਦੇ ਪ੍ਰਬੰਧਨ, ਨਵੀਂ ਨੀਤੀ ‘ਤੇ ਵਰਕਸ਼ਾਪ ਅਕਾਦਮਿਕ ਸਟਾਫ ਕਾਲਜ ਵਿਖੇ ਸੰਪੰਨ ਹੋ ਗਈ।ਇਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਅਧਿਆਪਨ ਵਿਭਾਗਾਂ ਤੋਂ 29 ਮੁਖੀਆਂ/ਡੀਨਜ਼/ਆਉਣ ਵਾਲੇ ਮੁਖੀਆਂ ਨੇ ਭਾਗ ਲਿਆ। ਪ੍ਰੋ: ਅਜਾਇਬ ਸਿੰਘ ਬਰਾੜ, ਵਾਈਸ-ਚਾਂਸਲਰ ਇਸ ਮੌਕੇ ਮੁੱਖ ਮਹਿਮਾਨ ਸਨ।ਅਕਾਦਮਿਕ ਸਟਾਫ ਕਾਲਜ ਦੇ ਡਾਇਰੈਕਟਰ, ਪ੍ਰੋ. ਅਵਿਨਾਸ਼ ਨਾਗਪਾਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਇਹ ਵਰਕਸ਼ਾਪ ਉਹਨਾਂ ਦੀਆਂ ਉਮੀਦਾਂ ਤੇ ਖਰੀ ਉੱਤਰੀ ਹੋਵੇਗੀ। ਕੋਆਰਡੀਨੇਟਰ, ਪ੍ਰੋ: ਪਰਮਜੀਤ ਸਿੰਘ, ਡੀਨ ਵਿਦਿਅਕ ਮਾਮਲੇ ਨੇ ਵਰਕਸ਼ਾਪ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਭਵਿਖ ਵਿਚ ਵੀ ਇਸ ਤਰ੍ਹਾਂ ਦੇ ਹੋਰ ਕੋਰਸ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਅਧਿਆਪਕਾਂ ਨੂੰ ਹੋਰ ਵੀ ਲਾਭ ਮਿਲ ਸਕੇ।ਡਾ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਪ੍ਰੋ: ਬਰਾੜ ਨੇ ਕੋਰਸ ਦੀ ਸਫਲ ਸਮਾਪਤੀ ਤੇ ਖੁਸ਼ੀ ਜ਼ਾਹਿਰ ਕੀਤੀ।ਮੁਖੀਆਂ ਅਤੇ ਡੀਨਜ਼ ਨੂੰ ਯੂਨੀਵਰਸਿਟੀ ਦੇ ਸਤੰਭ ਕਰਾਰ ਦਿੰਦੇ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਧਿਆਪਕ ਦੀ ਦੋਹਰੀ ਡਿਊਟੀ ਹੈ, ਪੜਾਉਣਾ ਵੀ ਅਤੇ ਪ੍ਰਬੰਧਨ ਵੀ । ਉਹਨਾਂ ਨੇ ਕਿਹਾ ਕਿ ਆਧੁਨਿਕ ਯੁਗ ਵਿਚ ਪ੍ਰਾਈਵੇਟ ਯੂਨੀਵਰਸਿਟੀਆਂ ਦੁਆਰਾ ਸਟੇਟ ਯੂਨੀਵਰਸਿਟੀਆਂ ਨੂੰ ਚੁਨੌਤੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ, ਕਹਿਣ ਦਾ ਭਾਵ ਹੈ ਕਿ ਮੁਕਾਬਲਾ ਵਧ ਰਿਹਾ ਹੈ । ਪ੍ਰੋ: ਐਸ.ਪੀ. ਗੌਤਮ, ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਨੇ ਆਧੁਨਿਕ ਯੁੱਗ ਵਿਚ ਵੱਖ-ਵੱਖ ਵਿਸ਼ਿਆਂ ਨੂੰ ਇਸ ਦੂਸਰੇ ਨਾਲ ਸਹਿਯੋਗ ਤੇ ਜ਼ੋਰ ਦਿੱਤਾ ।
Punjab Post Daily Online Newspaper & Print Media