Monday, March 30, 2026

ਦਿਲੀ ਵਿਧਾਨ ਸਭਾ ਨਤੀਜੇ ਚੋਣ ਸਰਵੇਖਣ ਅਨੁਸਾਰ ਆਉਣ ਦਾ ਅਨੁਮਾਨ ਘੱਟ-ਸੁਖਬੀਰ ਬਾਦਲ

ਆਪ ਦਾ ਪੰਜਾਬ ਵਿਚ ਕੋਈ ਪ੍ਰਭਾਵ ਨਹੀਂ ਪਵੇਗਾ

PPN0802201504

ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ, ਜੋ ਕਿ 10 ਫਰਵਰੀ ਨੂੰ ਆਉਣੇ ਹਨ, ਬਾਰੇ ਆਪਣਾ ਪ੍ਰਤੀਕਰਮ ਪ੍ਰਗਟ ਕਰਦੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਨਤੀਜੇ ਚੋਣ ਸਰਵੇਖਣ ਅਨੁਸਾਰ ਆਉਣ ਦੇ ਅਸਾਰ ਬਹੁਤ ਘੱਟ ਹਨ, ਕਿਉਂਕਿ ਤਿੰਨ ਧਿਰੀ ਮੁਕਾਬਲਾ ਹੋਣ ਕਾਰਨ ਕੁੱਝ ਵੀ ਕਹਿ ਸਕਣਾ ਮੁਸ਼ਿਕਲ ਹੈ। ਉਨਾਂ ਕਿਹਾ ਕਿ ਜਿਵੇਂ 2012 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਨਤੀਜੇ ਚੋਣ ਸਰਵੇਖਣਾਂ ਦੇ ਉਲਟ ਗਏ ਸਨ, ਉਸੇ ਤਰਾਂ ਦਿੱਲੀ ਦੇ ਨਤੀਜੇ ਆਉਣ ਦੀ ਆਸ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ. ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦੀ ਸਿਆਸਤ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਤਲਵੰਡੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿਚ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਅਤੇ ਧੂਰੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿਚ ਆਪ ਦੀ ਅਸਲੀਅਤ ਦਾ ਸਾਰਿਆਂ ਨੂੰ ਪਤਾ ਲੱਗ ਜਾਵੇਗਾ।
ਅੰਮ੍ਰਿਤਸਰ ਵਿਚ ਸਾਬਕਾ ਲੋਕ ਸਭਾ ਮੈਂਬਰ ਨਤਜੋਤ ਸਿੰੰਘ ਸਿੱਧੂ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਪ੍ਰਾਜੈਕਟਾਂ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਉਹ ਪ੍ਰਾਜੈਕਟ ਕਿਸੇ ਇਕ ਰਾਜਸੀ ਵਿਅਕਤੀ ਦੇ ਨਹੀਂ ਸਨ, ਬਲਕਿ ਅੰਮ੍ਰਿਤਸਰ ਦੇ ਲੋਕਾਂ ਲਈ ਇਥੋਂ ਦੇ ਚੁਣੇ ਹੋਏ ਪ੍ਰਤੀਨਿਧੀ ਤੇ ਸਰਕਾਰ ਦੇ ਸਨ, ਜੋ ਕਿ ਪੜਾਅ ਵਾਰ ਚੱਲ ਰਹੇ ਹਨ ਅਤੇ ਛੇਤੀ ਹੀ ਹੋਰ ਰਹਿੰਦੇ ਪ੍ਰਾਜੈਕਟਾਂ ‘ਤੇ ਵੀ ਕੰਮ ਸ਼ੁਰੂ ਹੋ ਜਾਵੇਗਾ। ਉਨਾਂ ਕਿਹਾ ਕਿ ਅੰਮ੍ਰਿਤਸਰ ਦੀ ਮਹੱਤਤਾ ਅਤੇ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਇੱਥੇ ਵੱਡੇ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਇੰਨਾਂ ਦੇ ਮੁਕੰਮਲ ਹੋਣ ਨਾਲ ਸ਼ਹਿਰ ਦੀ ਕਾਇਆ ਕਲਪ ਹੋ ਜਾਵੇਗਾ।
ਉਨਾਂ ਅੱਜ ਸਵੇਰੇ ਆਪਣੀ ਪਤਨੀ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਅਤੇ ਬੱਚਿਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਪਰਿਵਾਰ ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਵੀ ਸ਼ਾਮਿਲ ਹੋਏ। ਇਸ ਮੌਕੇ ਹੋਰ ਪਤਵੰਤੇ ਤੇ ਅਧਿਕਾਰੀ ਵੀ ਉਨਾਂ ਨਾਲ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply