
ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਨਗਰ ਕੌਂਸਲ ਚੋਣਾਂ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਪਾਰਟੀ ਉਮੀਦਵਾਰਾਂ ਦੀ ਚੋਣ ਸਬੰਧੀ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਕਾਲੀ ਆਗੂਆਂ ਦੀ ਇਕ ਮੀਟਿੰਗ ਜ਼ਿਲ੍ਹਾ ਅਬਜ਼ਰਵਰ ਪੰਜਾਬ ਦੇ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਰਹਿਨਮਈ ਹੇਠ ਸੰਦੀਪ ਗਿਲਹੋਤਰਾ ਮੈਂਬਰ ਵਰਕਿੰਗ ਕਮੇਟੀ ਦੇ ਨਿਵਾਸ ਸਥਾਨ ‘ਤੇ ਹੋਈ। ਜਿਸ ਵਿਚ ਮੈਂਬਰ ਲੋਕ ਸਭਾ ਸ. ਸ਼ੇਰ ਸਿੰਘ ਘਬਾਇਆ, ਚਰਨਜੀਤ ਸਿੰਘ ਬਰਾੜ, ਸਤਿੰਦਰਜੀਤ ਸਿੰਘ ਮੰਟਾ ਦੋਨੋਂ ਓ.ਐੱਸ.ਡੀ. ਉਪ ਮੁੱਖ ਮੰਤਰੀ ਪੰਜਾਬ, ਜਥੇਦਾਰ ਗੁਰਪਾਲ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਦਿਹਾਤੀ, ਅਸ਼ੋਕ ਅਨੇਜਾ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਸ਼ਹਿਰੀ, ਸੰਦੀਪ ਗਿਲਹੋਤਰਾ ਮੈਂਬਰ ਵਰਕਿੰਗ ਕਮੇਟੀ ਦੇ ਆਗੂਆਂ ਨੇ ਮੀਟਿੰਗ ਕਰਕੇ ਸ਼ਹਿਰ ਵਾਰ ਅਕਾਲੀ ਵਰਕਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਿਆ। ਫ਼ਾਜ਼ਿਲਕਾ ਨਗਰ ਕੌਂਸਲ ਲਈ ਸ਼ਹਿਰੀ ਅਕਾਲੀ ਜਥਾ ਫ਼ਾਜ਼ਿਲਕਾ ਦੇ ਪ੍ਰਧਾਨ ਮੁਕੇਸ਼ ਅੰਗੀ ਟੀਟੀ, ਐਡਵੋਕੇਟ ਸਤਿੰਦਰ ਸਿੰਘ ਸਵੀ, ਗੁਰਪ੍ਰੀਤ ਸਿੰਘ ਲਵਲੀ ਆਦਿ ਹਾਜ਼ਰ ਸਨ। ਅਬੋਹਰ ਤੋਂ ਅਸ਼ੋਕ ਅਹੂਜਾ ਪ੍ਰਧਾਨ ਸ਼ਹਿਰੀ ਅਕਾਲੀ ਜਥਾ ਨੇ ਆਪਣੇ ਸਾਥੀਆਂ ਸਮੇਤ ਅਤੇ ਜਲਾਲਾਬਾਦ ਤੋਂ ਸ਼ਹਿਰੀ ਪ੍ਰਧਾਨ ਸੰਜੀਵ ਪਰੂਥੀ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਪੁੱਜੇ ਅਬਜ਼ਰਵਰ ਨੂੰ ਸੌਂਪੀ। ਇਸ ਮੌਕੇ ‘ਤੇ ਗੁਰਜੰਟ ਸਿੰਘ ਚਿਮਨੇਵਾਲਾ, ਬਲਤੇਜ ਸਿੰਘ ਬਰਾੜ, ਸ਼ੰਟੀ ਗਾਂਧੀ ਆਦਿ ਹਾਜ਼ਰ ਸਨ। ਸ. ਬਰਾੜ ਨੇ ਦੱਸਿਆ ਕਿ ਅਕਾਲੀ ਵਰਕਰਾਂ ਤੋਂ ਉਮੀਦਵਾਰਾਂ ਦੇ ਨਾਂਅ ਪ੍ਰਾਪਤ ਕਰ ਲਏ ਗਏ ਹਨ, ਹੁਣ ਭਾਜਪਾ ਆਗੂਆਂ ਨਾਲ ਮੀਟਿੰਗ ਕਰਕੇ ਕਿਸ ਕਿਸ ਵਾਰਡ ਅੰਦਰ ਕਿਸ ਪਾਰਟੀ ਨੇ ਉਮੀਦਵਾਰ ਖੜ੍ਹਾ ਕਰਨਾ ਹੈ, ਉਹ ਤੈਅ ਕੀਤਾ ਜਾਵੇਗਾ। ਇਸ ਮੌਕੇ ਸ. ਬਰਾੜ ਨੇ ਦੱਸਿਆ ਕਿ ਮਿਉਂਸੀਪਲ ਕੌਂਸਲ, ਮਿਉਂਸੀਪਲ ਕਾਰਪੋਰੇਸ਼ਨ ਅਤੇ ਨਗਰ ਪੰਚਾਇਤ ਚੋਣਾਂ ਵਿਚ ਅਕਾਲੀ ਦਲ ਆਪਣੇ ਚੋਣ ਨਿਸ਼ਾਨ ‘ਤੇ ਮੈਦਾਨ ਵਿਚ ਉੱਤਰੇਗਾ।
Punjab Post Daily Online Newspaper & Print Media