Sunday, March 22, 2026

ਦਿੱਲੀ ਚੋਣਾਂ ਨੇ ਲੋਕਾਂ ਨੂੰ ਕੀਤਾ ਹੈਰਾਨ – ਡੇਰਾ ਸਿਰਸਾ ਦੀ ਵੀ ਨਿਕਲੀ ਫੂਕ

ਆਮ ਆਦਮੀ ਪਾਰਟੀ ਦੀ ਜਿੱਤ ‘ਤੇ ਲੋਕ ਹੋ ਰਹੇ ਹਨ ਖੁਸ਼

PPN1002201504

ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੁਆਰਾ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿੱਥੇ ਵੱਡੇ ਵੱਡੇ ਦਿੱਗਜਾਂ ਨੂੰ ਪਲਟਣੀ ਲਵਾ ਦਿੱਤੀ ਹੈ ਉੱਥੈ ਹੀ ਆਮ ਲੋਕਾਂ ਨੂੰ ਵੀ ਹੈਰਾਨੀ ਵਿੱਚ ਪਾ ਦਿੱਤਾ ਹੈ। ਆਮ ਆਦਮੀ ਪਾਰਟੀ ਦੁਆਰਾ ਰਚੇ ਇਸ ਇਤਿਹਾਸ ਨੂੰ ਲੋਕ ਆਪਣੇ ਆਪਣੇ ਨਜ਼ਰੀਏ ਨਾਲ ਦੇਖਕੇ ਖੁਸ਼ੀ ਪ੍ਰਗਟ ਕਰ ਰਹੇ ਹਨ। ਅੱਜ ਸ਼ਹਿਰ ਵਿੱਚ ਦੇਖਿਆ ਗਿਆ ਕਿ ਦਿੱਲੀ ਦੇ ਨਤੀਜਿਆਂ ਨਾਲ ਜਿੱਥੇ ਸੱਤਾਧਾਰੀ ਪਾਰਟੀ ਅਕਾਲੀ ਭਾਜਪਾ ਆਗੂ ਖਾਮੋਸ਼ ਰਹੇ ਉੱਥੈ ਹੀ ਆਮ ਲੋਕ ਡੇਰਾ ਸਿਰਸਾ ਮੁਖੀ ਦੁਆਰਾ ਭਾਜਪਾ ਨੂੰ ਦਿੱਤੇ ਸਮੱਰਥਨ ਨੂੰ ਵੀ ਕਈ ਕੋਣਾਂ ਤੋਂ ਦੇਖ ਰਹੇ ਹਨ। ਲੋਕਸਭਾ ਚੋਣਾਂ ਤੋਂ ਬਾਅਦ ਕੇਂਦਰ ਸਰਕਾਰ ਦੁਆਰਾ ਪੰਜਾਬ ਸਰਕਾਰ ਦੀ ਅਣਦੇਖੀ ਕਰਨ ਨਾਲ ਜਿੱਥੇ ਬਾਦਲ ਸਰਕਾਰ ਦਾ ਅਕਸ ਲੋਕਾਂ ਵਿੱਚ ਖਰਾਬ ਹੋਇਆ ਹੈ ਉੱਥੇ ਹੀ ਅਕਾਲੀ ਆਗੂ ਇਸ ਗੱਲੋਂ ਨਿਰਾਸ਼ ਵੀ ਸਨ। ਕਈ ਲੋਕ ਸੋਚ ਰਹੇ ਹਨ ਕਿ ਬਾਦਲ ਸਾਹਿਬ ਚਾਹੁੰਦੇ ਸਨ ਕਿ ਕੇਂਦਰ ਸਰਕਾਰ ਨੂੰ ਝਟਕਾ ਦਿੱਤਾ ਜਾਵੇ ਇਸ ਲਈ ਬਾਦਲ ਨੇ ਹੀ ਸਿਰਸਾ ਡੇਰਾ ਮੁਖੀ ਨੂੰ ਕਹਿ ਕੇ ਭਾਜਪਾ ਲਈ ਸਮੱਰਥਨ ਦਿਵਾਇਆ ਹੈ ਜਿਸ ਕਾਰਨ ਸਿੱਖ ਵੋਟ ਭਾਜਪਾ ਦੇ ਹੱਕ ਵਿੱਚ ਭੁਗਤਣ ਦੀ ਬਜਾਏ ਆਪ’ ਨੂੰ ਭੁਗਤੀ ਤੇ ਇਤਿਹਾਸਿਕ ਨਤੀਜੇ ਸਾਹਮਣੇ ਆਏ। ਆਮ ਕਰਕੇ ਇਹ ਸਮਝਿਆ ਜਾਂਦਾ ਹੈ ਕਿ ਡੇਰਾ ਸਿਰਸਾ ਦਾ ਅਸਰ ਪੂਰੇ ਉੱਤਰੀ ਭਾਰਤ ਵਿੱਚ ਹੈ ਜਿਸ ਕਾਰਨ ਇਹ ਹਰ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਰਖਦਾ ਹੈ ਪਰ ਦਿੱਲੀ ਵਿਧਾਨ ਸਭਾ ਨੇ ਇਹ ਭਰਮ ਵੀ ਦੂਰ ਕਰ ਦਿੱਤਾ ਹੈ ਤੇ ਡੇਰਾ ਸਿਰਸਾ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਸਿੱਖ ਇਸ ਗੱਲੋਂ ਖੁਸ਼ ਵੀ ਹਨ ਕਿ ਡੇਰਾ ਸਿਰਸਾ ਦੀ ਵੀ ਫੂਕ ਨਿਕਲ ਗਈ ਹੈ ਤੇ ਉਸਦਾ ਦਿੱਲੀ ਵਿੱਚ ਲੱਖਾਂ ਸ਼ਰਧਾਲੂ ਅਤੇ ਵੋਟਾਂ ਹੋਣ ਦਾ ਭਰਮ ਵੀ। ਕਈ ਥਾਂਵਾਂ ਉੱਪਰ ਲੋਕ ਆਪਣੇ ਤਰੀਕੇ ਨਾਲ ਖੁਸ਼ੀ ਮਨਾਉਂਦੇ ਲੱਡੂ ਵੰਡਦੇ ਵੀ ਨਜ਼ਰ ਆਏ।

                        ਇਸ ਤੋਂ ਇਲਾਵਾ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਅਤੇ ਸਕੱਤਰ ਜਨਰਲ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ ਅਤੇ ਦਿਹਾਤੀ ਜਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਦਾਨ ਸਿੰਘ ਵਾਲਾ, ਪਾਰਟੀ ਸਕੱਤਰ ਗੁਰਮੀਤ ਸਿੰਘ ਬੱਜੋਆਣਾ ਨੇ ਇਕ ਲਿਖਤੀ ਬਿਆਨ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ , ਭਾਜਪਾ ਅਤੇ ਅਕਾਲੀ ਦਲ ਦੀ ਹੋਈ ਤਕੜੀ ਹਾਰ ਨੂੰ ਪਰਿਵਾਰਵਾਦ , ਭ੍ਰਿਸ਼ਟਾਚਾਰ ਅਤੇ ਮਾਫੀਆਂ ਸੱਭਿਆਚਾਰ ਦੀ ਹਾਰ ਦੱਸਦੇ ਹੋਏ ਕਿਹਾ ਕਿ ਇਸ ਨਾਲ ਦੇਸ ਭਰ ਦੀਆਂ ਸੰਘਰਸਸ਼ੀਲ ਜੱਥੇਬੰਦੀਆਂ ਅਤੇ ਵਰਕਰਾਂ ਦੇ ਹੌਸਲਿਆਂ ਵਿੱਚ ਵਾਧਾ ਹੋਇਆ ਹੈ ਅਤੇ ਇਹ ਸਿੱਧ ਹੋ ਗਿਆ ਹੈ ਕਿ ਦੇਸ਼ ਵਿੱਚ ਸ਼ਾਤਮਈ ਢੰਗ ਨਾਲ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਹਨ। ਯੂਨਾਈਟਿਡ ਅਕਾਲੀ ਦਲ ਨੇ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸਮੁੱਚੀ ਪਾਰਟੀ ਨੂੰ ਵਧਾਈ ਦਿੰਦੇ ਹੋਏ ਆਸ ਪ੍ਰਗਟ ਕੀਤੀ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਭਰੋਸੇ ਤੇ ਪੂਰਾ ਉਤਰੇਗੀ। ਬਿਆਨ ਵਿੱਚ ਅੱਗੇ ਕਿਹਾ ਕਿ ਯੂਨਾਈਟਿਡ ਅਕਾਲੀ ਦਲ ਆਉਂਦੀਆਂ ਨਗਰ ਨਿਗਮ ਚੋਣਾਂ ਅਤੇ ਮਿਊਂਸਪਲ ਕਮੇਟੀ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ ਅਤੇ ਨਾ ਹੀ ਕਿਸੇ ਪਾਰਟੀ ਨਾਲ ਗੱਠਜੋੜ ਕਰੇਗੀ। ਪਾਰਟੀ ਵਰਕਰ ਢੰਗੇ ਅਕਸ਼ ਵਾਲੇ ਉਮੀਦਵਾਰਾਂ ਦੀ ਮਦਦ ਕਰਨ ਲਈ ਅਜਾਦ ਹਨ। ਇਸ ਮੌਕੇ ਗਮਦੂਰ ਸਿੰਘ ਜਿਲ੍ਹਾ ਸ਼ਹਿਰੀ ਪ੍ਰਧਾਨ, ਗੁਰਜੰਟ ਸਿੰਘ ਬੁਰਜ ਮਹਿਮਾਂ, ਹਰਚੰਦ ਸਿੰਘ ਕੋਟ ਗੁਰੂ, ਨਛੱਤਰ ਸਿੰਘ ਮਲੂਕਾ, ਸੀਤਾ ਰਾਮ ਦੀਪਕ ਰਾਮਪੁਰਾ ਆਦਿ ਹਾਜਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply