Tuesday, June 17, 2025
Breaking News

ਗੁਰੂ ਨਾਨਕ ਦੇਵ ਯੂੁਨੀਵਰਸਿਟੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ : ਉਦਘਾਟਨ 15 ਫਰਵਰੀ ਨੂੰ

PPN1302201514

ਅੰਮ੍ਰਿਤਸਰ 13 ਫਰਵਰੀ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂੁਨੀਵਰਸਿਟੀ, ਅੰਮ੍ਰਿਤਸਰ ਵਿਖੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ’ ਦਾ ਭਵਨ ਬਣ ਕੇ ਤਿਆਰ ਹੋ ਚੁੱਕਾ ਹੈ। ਜਿਸ ਦਾ ਉਦਘਾਟਨ ਮਾਨਯੋਗ ਸ. ਪ੍ਰਕਾਸ਼ ਸਿੰਘ ਬਾਦਲ, ਮੁੱਖ-ਮੰਤਰੀ ਪੰਜਾਬ ਨੇ ਆਪਣੇ ਕਰ-ਕਮਲਾਂ ਨਾਲ ਕਰਨਗੇ ਅਤੇ ਇਹ ਭਵਨ ਵਿਧੀਵਤ ਰੂਪ ਵਿਚ ਆਪਣਾ ਖੋਜ ਕਾਰਜ ਆਰੰਭ ਕਰ ਦੇਵੇਗਾ। ਇਸ ਮੌਕੇ ਉਨ੍ਹਾਂ ਨਾਲ ਉਚੇਰੀ ਸਿੱਖਿਆ ਦੇ ਮੰਤਰੀ ਮਾਨਯੋਗ ਸ. ਸੁਰਜੀਤ ਸਿੰਘ ਰੱਖੜਾ, ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਅਤੇ ਹੋਰ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਹਸਤੀਆਂ ਤੋਂ ਇਲਾਵਾ ਯੂਨੀਵਰਸਿਟੀ ਅਮਲਾ ਵੀ ਸ਼ਾਮਿਲ ਹੋਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਸਥਾਪਨਾ ਦਾ ਐਲਾਨ ਸਤੰਬਰ 2004 ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਾਣਯੋਗ ਡਾ. ਮਨਮੋਹਨ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਰਾਸ਼ਟਰੀ ਪੱਧਰ ਤੇ ਮਨਾਏ ਜਾਣ ਦੇ ਮੌਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਸੀ। ਇਸ ਕੇਂਦਰ ਨੂੰ ਸਥਾਪਿਤ ਕਰਨ ਲਈ ਇਸਦੇ ਸਰੂਪ, ਖੋਜ ਦੇ ਖੇਤਰ, ਖੋਜ ਲਈ ਲੋੜੀਂਦੀ ਫੈਕਲਟੀ, ਸਾਜੋ-ਸਮਾਨ, ਵਿੱਤੀ ਸਹਾਇਤਾ, ਆਦਿ ਬਾਰੇ ਯੂ.ਜੀ.ਸੀ ਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਤੇ ਵਿਸ਼ਾ-ਮਾਹਿਰਾਂ ਦੀਆਂ ਕਈ ਮੀਟਿੰਗਾਂ ਹੋਈਆਂ। ਇਹਨਾਂ ਮੀਟਿੰਗਾਂ ਦੇ ਸਿਲਸਿਲੇ ਵਿਚ ਸਥਾਪਨਾ ਲਈ ਦੇਰੀ ਹੁੰਦੀ ਗਈ। ਜੁਲਾਈ 2009 ਵਿਚ ਪ੍ਰੋ. ਅਜਾਇਬ ਸਿੰਘ ਬਰਾੜ ਨੇ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਵਜੋਂ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਯੂ.ਜੀ.ਸੀ. ਨੇ ਇਸ ਕੇਂਦਰ ਦੇ ਪਹਿਲੇ ਪੰਜ ਸਾਲਾਂ ਦਾ 47.05 ਕਰੋੜ ਰੁਪਏ ਦਾ ਬਜ਼ਟ ਮਨਜ਼ੂਰ ਕੀਤਾ ਅਤੇ ਫਰਵਰੀ 2011 ਨੂੰ ਕੇਂਦਰ ਦੀ ਸਥਾਪਨਾ ਦੀ ਪ੍ਰਵਾਨਗੀ ਦੇ ਦਿੱਤੀ। ਇਸ ਪਿੱਛੋਂ ਕੇਂਦਰ ਦੀ ਸੰਚਾਲਨਾ ਲਈ ਯੂ.ਜੀ.ਸੀ. ਦੀਆਂ ਸ਼ਰਤਾਂ ਅਨੁਸਾਰ ਗਵਰਨਿੰਗ ਬਾਡੀ ਅਤੇ ਸਲਾਹਕਾਰ ਕਮੇਟੀਆਂ ਗਠਿਤ ਕੀਤੀਆਂ ਗਈਆਂ ਜਿਨ੍ਹਾਂ ਵਿਚ ਸਿੱਖ ਧਰਮ ਅਤੇ ਗੁਰਬਾਣੀ ਅਧਿਐਨ ਨਾਲ ਸੰਬੰਧਿਤ ਗਿਆਨਵਾਨ ਤੇ ਨਾਮਵਰ ਵਿਦਵਾਨਾਂ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ।
ਅਪ੍ਰੈਲ 2011 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਬਕਾਇਦਾ ਰੂਪ ਵਿਚ ਚਾਲੂ ਕੀਤਾ ਗਿਆ ਅਤੇ ਇਸ ਦੇ ਕੰਮ-ਕਾਜ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਯੂਨੀਵਰਸਿਟੀ ਕੈਂਪਸ ਵਿਚ ਏ-1 (ਜੋ ਪਹਿਲਾਂ ਪਰੋ-ਵਾਈਸ ਚਾਂਸਲਰ ਸਾਹਿਬ ਦੀ ਰਿਹਾਇਸ਼ਗਾਹ ਹੋਇਆ ਕਰਦੀ ਸੀ) ਵਿਚ ਸਥਾਪਿਤ ਕੀਤਾ ਗਿਆ। ਇਸੇ ਤਰ੍ਹਾਂ 2 ਨਵੰਬਰ, 2012 ਨੂੰ ਕੇਂਦਰ ਦੀ ਇਮਾਰਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ’ ਦੀ ਉਸਾਰੀ ਦਾ ਕੰਮ ਆਰੰਭ ਹੋਇਆ ਅਤੇ ਦੋ ਸਾਲ ਦੇ ਅਰਸੇ ਵਿਚ ਇਹ 82668 ਫੁੱਟ ਦਾ ਵੱਡ-ਆਕਾਰੀ ਭਵਨ ਬਣ ਕੇ ਤਿਆਰ ਹੋ ਗਿਆ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਸਿੱਖ ਭਵਨ ਨਿਰਮਾਣ ਕਲਾ ਦੇ ਆਧਾਰ ਤੇ ਉਸਾਰਿਆ ਗਿਆ ਹੈ ਅਤੇ ਇਸ ਦੀ ਦਿੱਖ ਯੂਨੀਵਰਸਿਟੀ ਵਿਚ ਵਿਲੱਖਣ ਤੇ ਨਿਵੇਕਲੀ ਹੈ। ਇਸ ਭਵਨ ਵਿਚ ਇਕ ਡਾਇਰੈਕਟਰ ਦਾ ਦਫ਼ਤਰ, 18 ਫੈਕਲਟੀ ਰੂਮ, 22 ਰਿਸਰਚ ਸਕਾਲਰ ਰੂਮ, 2 ਕੰਪਿਊਟਰ ਰੂਮ, 2 ਗੁਰਮਤਿ ਸੰਗੀਤ ਰੂਮ, ਇਕ ਆਡੀਟੋਰੀਅਮ, 2 ਕਾਨਫਰੰਸ ਹਾਲ, ਇਕ ਲਾਇਬ੍ਰੇਰੀ ਰੈਫਰੈਂਸ ਸੈਕਸ਼ਨ ਸਮੇਤ, ਇਕ ਮਿਊਜ਼ਿਅਮ, ਇਕ ਮੀਟਿੰਗ ਰੂਮ ਅਤੇ ਰਿਸੈਪਸ਼ਨ ਰੂਮ ਆਦਿ ਦੀ ਵਿਵਸਥਾ ਹੈ।
ਸ੍ਰੀ ਗ੍ਰੰਥ ਸਾਹਿਬ ਅਧਿਐਨ ਕੇਂਦਰ ਅਧਿਆਪਨ ਕਾਰਜ ਤੋਂ ਹਟ ਕੇ ਨਿਰੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਐਨ ਨਾਲ ਸੰਬੰਧਿਤ ਹੈ ਜਿਸ ਦਾ ਉਦੇਸ਼ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਲਈ ਵਿਭਿੰਨ ਅਕਾਦਮਿਕ ਪੱਖਾਂ ਨਾਲ ਸੰਬੰਧਿਤ ਉੱਚ ਕੋਟੀ ਤੇ ਮਿਆਰੀ ਖੋਜ ਪ੍ਰੋਜੈਕਟਾਂ ਨੂੰ ਸੰਪੰਨ ਕਰਨਾ ਹੈ, ਉਥੇ ਨਾਲ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਐਨ ਵਿਚ ਰੁਚੀ ਰੱਖਣ ਵਾਲੇ ਨੌਜੁਆਨ ਖੋਜਾਰਥੀਆਂ ਦੇ ਹੁਨਰ ਤੇ ਗਿਆਨ ਨੂੰ ਵਿਕਸਿਤ ਕਰਨਾ ਵੀ ਹੈ। ਖੋਜ-ਕਾਰਜ ਦੇ ਪੱਖੋਂ ਕੇਂਦਰ ਨੇ ਛੇ ਖੋਜ-ਖੇਤਰ ਨਿਰਧਾਰਿਤ ਕੀਤੇ ਹਨ ਜਿਨ੍ਹਾਂ ਵਿਚ ਗੁਰਬਾਣੀ ਦਾ ਸਿਧਾਂਤਗਤ ਤੇ ਦਾਰਸ਼ਨਿਕ ਅਧਿਐਨ, ਗੁਰਬਾਣੀ ਦਾ ਸਮਾਜਿਕ ਤੇ ਸਭਿਆਚਾਰਕ ਅਧਿਐਨ, ਗੁਰਬਾਣੀ ਵਿਆਖਿਆਕਾਰੀ, ਗੁਰਬਾਣੀ ਅਤੇ ਅੰਤਰ ਧਰਮ ਸੰਵਾਦ, ਗੁਰਬਾਣੀ ਸੰਗੀਤ ਅਤੇ ਗੁਰਬਾਣੀ ਦਾ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਤਰਜ਼ਮਾ ਸ਼ਾਮਿਲ ਹੈ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply