Saturday, March 14, 2026

ਖ਼ਾਲਸਾ ਕਾਲਜ ਵਿਖੇ ‘ਕੌਮਾਂਤਰੀ ਮਾਤ ਭਾਸ਼ਾ ਦਿਵਸ’ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ

ਪੰਜਾਬੀ ਸਾਹਿਤ ਜਗਤ ਦੇ ਨਾਮਵਰ ਕਥਾਕਾਰ ਮਨਮੋਹਨ ਬਾਵਾ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ

PPN2102201536 PPN2102201537
ਅੰਮ੍ਰਿਤਸਰ, 21 ਫਰਵਰੀ (ਪ੍ਰੀਤਮ ਸਿੰਘ) – ਸਥਾਨਕ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਵਿਭਾਗ ਵਲੋਂ ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਦੇ ਸਾਂਝੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਰਹਿਨੁਮਾਈ ਹੇਠ ”ਕੌਮਾਂਤਰੀ ਮਾਤ ਭਾਸ਼ਾ ਦਿਵਸ” ਦੇ ਮੌਕੇ ‘ਤੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬੀ ਸਾਹਿਤ ਜਗਤ ਦੇ ਨਾਮਵਰ ਕਥਾਕਾਰ ਸ਼੍ਰੀ ਮਨਮੋਹਨ ਬਾਵਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਬੀਰ ਸਿੰਘ ਨੇ ਬਾਹਰੋਂ ਆਏ ਮਹਿਮਾਨਾਂ, ਬੁੱਧੀਜੀਵੀਆਂ ਅਤੇ ਸਰੋਤਿਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਵਿਭਾਗ ਵਲੋਂ ਸਮੇਂ-ਸਮੇਂ ‘ਤੇ ਅਜਿਹੇ ਸਮਾਗਮ ਆਯੋਜਿਤ ਕਰਕੇ ਜਿਥੇ ਨਾਮਵਰ ਪੰਜਾਬੀ ਸਹਿਤਕਾਰਾਂ ਨੂੰ ਵਿਦਿਆਰਥੀਆਂ ਅਤੇ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਰੂ-ਬ-ਰੂ ਕਰਵਾਇਆ ਜਾਂਦਾ ਹੈ ਉਥੇ ਨਾਲ ਹੀ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਪੰਜਾਬੀ ਕਦਰਾਂ-ਕੀਮਤਾਂ ਸੰਬੰਧੀ ਵੀ ਮਿਆਰੀ ਵਿਚਾਰ ਚਰਚਾ ਕਰਵਾਈ ਜਾਂਦੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੋ ਸਕੇ।
ਇਸ ਉਪਰੰਤ ਨਾਮਵਰ ਕਥਾਕਾਰ ਮਨਮੋਹਨ ਬਾਵਾ ਨੇ ਮਾਤ ਭਾਸ਼ਾ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆ ਆਪਣੇ ਜੀਵਨ ਸਫ਼ਰ ਅਤੇ ਸਾਹਿਤਕ ਸਫ਼ਰ ਸੰਬੰਧੀ ਸਰੋਤਿਆਂ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਬੇਸ਼ੱਕ ਉਨ੍ਹਾਂ ਨੇ ਪੰਜਾਬੀ ਦੀ ਮੁੱਢਲੀ ਸਿੱਖਿਆ ਪ੍ਰਾਪਤ ਨਹੀਂ ਕੀਤੀ, ਪਰ ਉਨ੍ਹਾਂ ਨੇ ਬਚਪਨ ਵਿਚ ਹੀ ਇਸ ਗੱਲ ਪ੍ਰਤੀ ਸੰਕਲਪ ਲਿਆ ਸੀ ਕਿ ਉਹ ਜਦੋਂ ਵੀ ਲਿਖਣਗੇ ਤਾਂ ਪੰਜਾਬੀ ਭਾਸ਼ਾ ਵਿਚ ਲਿਖਣਗੇ। ਇਸ ਕਾਰਨ ਉਨ੍ਹਾਂ ਨੇ ਆਪਣੀ ਸਾਰੀ ਰਚਨਾ ਪੰਜਾਬੀ ਵਿਚ ਹੀ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਹਰਿਭਜਨ ਸਿੰਘ ਭਾਟੀਆ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬੀ ਭਾਸ਼ਾ ਦੀ ਅਮੀਰੀ ਹਰ ਕਾਲ ਵਿਚ ਆਪਣੇ ਸਿਖ਼ਰ ‘ਤੇ ਰਹੀ ਹੈ ਅਤੇ ਇਸਨੂੰ ਕੋਈ ਵੀ ਕਾਲ ਪ੍ਰਭਾਵਿਤ ਨਹੀਂ ਕਰ ਸਕਿਆ। ਅਜੋਕੇ ਸਮੇਂ ਵਿਚ ਭਾਸ਼ਾ ਪ੍ਰਤੀ ਆਪਣੇ ਨਜ਼ਰੀਏ ਨੂੰ ਸਮਝਣ ਦੀ ਲੋੜ ਹੈ। ਇਸੇ ਤਰ੍ਹਾਂ ਪੰਜਾਬੀ ਆਲੋਚਕ ਡਾ. ਆਤਮ ਸਿੰਘ ਰੰਧਾਵਾ ਨੇ ਤੱਥਾਂ ਦੇ ਆਧਾਰ ‘ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹਰ ਮਾਤ ਭਾਸ਼ਾ ਦਾ ਆਪਣਾ ਇਤਿਹਾਸ ਅਤੇ ਭਵਿੱਖ ਹੁੰਦਾ ਹੈ। ਸੰਸਾਰ ਪੱਧਰ ‘ਤੇ ਉਹ ਹੀ ਕੌਮਾਂ ਅਮਰ ਹਨ ਜਿਨ੍ਹਾਂ ਨੇ ਆਪਣੀ ਮਾਤ ਭਾਸ਼ਾ ਨੂੰ ਸੰਭਾਲੀ ਰੱਖਿਆ ਹੈ।
ਸਮਾਗਮ ਦੇ ਅੰਤ ਵਿਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਅਤੇ ਮਾਤ ਭਾਸ਼ਾ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਪੰਜਾਬੀ ਮਾਤ ਭਾਸ਼ਾ ਨੂੰ ਹੋਰ ਕਿਸੇ ਵੀ ਭਾਸ਼ਾਵਾਂ ਤੋਂ ਕਿਸੇ ਵੀ ਪ੍ਰਕਾਰ ਦਾ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਪੰਜਾਬੀ ਭਾਸ਼ਾ ਦਾ ਅਸਤਿਤਵ ਇਨ੍ਹਾਂ ਮਜ਼ਬੂਤ ਹੈ ਕਿ ਇਹ ਦੂਜੀਆਂ ਭਾਸ਼ਾਵਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਸਕਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਮਾਤ ਭਾਸ਼ਾ ਦੀ ਤਰੱਕੀ ਸੰਬੰਧੀ ਹੋਰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਇਸ ਮੌਕੇ ‘ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਜਨਵਾਦੀ ਲੇਖਕ ਸੰਘ ਦੇ ਅਹੁਦੇਦਾਰਾਂ ਵਲੋਂ ਸਾਂਝੇ ਤੌਰ ‘ਤੇ ਮਨਮੋਹਨ ਬਾਵਾ ਨੂੰ ‘ਤਲਵਿੰਦਰ ਸਿੰਘ ਯਾਦਗਾਰੀ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ‘ਤੇ ਉਨ੍ਹਾਂ ਦੀ ਪੁਸਤਕ ”ਭਾਰਤੀ ਇਤਿਹਾਸ, ਮਿਥਿਹਾਸ” ਦੀ ਘੁੰਡ ਚੁਕਾਈ ਕੀਤੀ ਗਈ। ਇਸ ਸਮਾਗਮ ਵਿਚ ਡਾ. ਊਧਮ ਸਿੰਘ ਸ਼ਾਹੀ, ਡਾ. ਬਲਜੀਤ ਕੌਰ ਰਿਆੜ, ਹਜਾਰਾ ਸਿੰਘ ਚੀਮਾ, ਹਿਰਦੈਪਾਲ ਸਿੰਘ ਪ੍ਰੀਤਲੜੀ, ਦੀਪ ਦਵਿੰਦਰ ਸਿੰਘ, ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਦਾ ਸੰਚਾਲਨ ਦੇਵ ਦਰਦ ਨੇ ਬਾਖੂਬੀ ਨਿਭਾਇਆ।ਪੰਜਾਬੀ ਚਿੰਤਕ ਮੰਚ ਤੋਂ ਜਸਬੀਰ ਸਿੰਘ ਸੱਗੂ, ਪ੍ਰੋ. ਭੁਪਿੰਦਰ ਸਿੰਘ ਜੌਲੀ,ਮਨਮੋਹਨ ਸਿੰਘ ਢਿਲੋਂ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply