
ਬਟਾਲਾ, 23 ਫਰਵਰੀ (ਨਰਿੰਦਰ ਬਰਨਾਲ) – ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਵੋਟਾਂ ਪਾਉਣ ਦੇ ਸਮੇਂ ਵਿਚ ਇਕ ਘੰਟੇ ਦਾ ਵਾਧਾ ਕੀਤਾ ਗਿਆ ਹੈ ਅਤੇ ਹੁਣ 25 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਧਿਕਾਰੀ ਨਗਰ ਕੌਂਸਲ ਬਟਾਲਾ ਸ. ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਚੋਣ ਨਤੀਜਿਆਂ ਦਾ ਐਲਾਨ ਵੀ ਵੋਟਾਂ ਵਾਲੇ ਦਿਨ 25 ਫਰਵਰੀ ਸ਼ਾਮ ਨੂੰ ਹੀ ਕਰ ਦਿੱਤਾ ਜਾਵੇਗਾ।
ਅੱਜ ਸਥਾਨਕ ਬੇਰਿੰਗ ਕਾਲਜ ਵਿਖੇ ਚੋਣ ਪ੍ਰਬੰਧਾਂ ਦਾ ਜਾਇਜਾ ਲੈਣ ਵਧੀਕ ਡਿਪਟੀ ਕਮਿਸ਼ਨਰ ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਬਟਾਲਾ ਨਗਰ ਕੌਂਸਲ ਦੀਆਂ ਵੋਟਾਂ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਚੋਣ ਅਮਲੇ ਨੂੰ ਵੋਟਿੰਗ ਮਸ਼ੀਨਾਂ ਆਦਿ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੱਲ 24 ਫਰਵਰੀ ਨੂੰ ਬਾਅਦ ਦੁਪਿਹਰ ਸਾਰੀਆਂ ਪੋਲਿੰਗ ਪਾਰਟੀਆਂ ਨੂੰ ਈ.ਵੀ.ਐੱਮ. ਮਸ਼ੀਨਾਂ ਤੇ ਹੋਰ ਚੋਣ ਸਮੱਗਰੀ ਦੇ ਕੇ ਪੋਲਿੰਗ ਬੂਥਾਂ ਵੱਲ ਰਵਾਨਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਮੁੱਚਾ ਚੋਣ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਪਾਲ ਸਿੰਘ ਸੰਧੂ ਨੇ ਬਟਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਭੈਅ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਅਤੇ ਆਪਣੀ ਮਨਪਸੰਦ ਦੇ ਉਮੀਦਵਾਰਾਂ ਦੀ ਚੋਣ ਕਰਨ।
ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਬਟਾਲਾ ਸ. ਅਰਵਿੰਦਰਪਾਲ ਸਿੰਘ, ਬੀ.ਡੀ.ਪੀ.ਓ. ਬਟਾਲਾ ਸਰਬਜੀਤ ਸਿੰਘ, ਕਾਰਜਸਾਧਕ ਅਧਿਕਾਰੀ ਨਗਰ ਸੁਧਾਰ ਟਰੱਸਟ, ਖੇਤੀਬਾੜੀ ਵਿਕਾਸ ਅਫਸਰ ਸ. ਕਾਹਲੋਂ, ਸ. ਮੁਖਤਿਆਰ ਸਿੰਘ ਆਈ.ਟੀ.ਆਈ. ਬਟਾਲਾ ਤੋਂ ਇਲਾਵਾ ਹੋਰ ਚੋਣ ਅਮਲਾ ਵੀ ਹਾਜ਼ਰ ਸੀ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media