ਪੋਲਿੰਗ ਬੂਥਾਂ ਨੇੜੇ ਕਈ ਪਾਰਟੀ ਵਰਕਰ ਬੀੜੀ ਸਿਗਰੇਟਾਂ ਦਾ ਧੂੰਆਂ ਉਡਾਦੇ ਆਮ ਵੇਖੇ ਗਏ

ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨਗਰ ਨਿਗਮ ਦੀਆਂ ਇੰਨ੍ਹਾਂ ਚੋਣਾਂ ਵਿਚ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਗੱਠਜੋੜ, ਕਾਂਗਰਸ ਅਤੇ ਅਜ਼ਾਦ ਉਮੀਦਵਾਰਾਂ ਸਮੇਤ 225 ਉਮੀਦਵਾਰਾਂ ਦੀ ਕਿਸਮਤ ਪੋਲਿੰਗ ਪ੍ਰਕਿਆ ਖ਼ਤਮ ਹੋਣ ਤੇ ਮਸ਼ੀਨਾਂ ਵਿਚ ਬੰਦ ਹੋ ਗਈ ਜਿਸ ਦੇ ਨਤੀਜੇ 26 ਫ਼ਰਵਰੀ ਨੂੰ ਐਲਾਨੇ ਜਾਣਗੇ।ਸਥਾਨਕ ਸ਼ਹਿਰ ਦੀ ਨਗਰ ਨਿਗਮ ਦੇ 50 ਵਾਰਡਾਂ ਲਈ ਵੋਟਾਂ ਪਾਉਣ ਸਮੇਂ ਇਕਾ-ਦੁੱਕਾ ਘਟਨਾਵਾਂ ਤੋ ਇਲਾਵਾ ਅਮਨ-ਅਮਾਨ ਨਾਲ ਨੇਪਰੇ ਚੜ ਗਿਆ। ਬਠਿੰਡਾ ਦੀਆਂ ਨਗਰ ਨਿਗਮ ਚੋਣਾਂ ਵਿੱਚ ਵੋਟਿੰਗ 67 ਫ਼ੀਸਦੀ ਤੋਂ ਵੱਧ ਰਹੀ ਜਦਕਿ ਪਿਛਲੀਆਂ ਚੋਣਾਂ ਵਿੱਚ 65.82 ਫ਼ੀਸਦੀ ਵੋਟਰਾਂ ਨੇ ਆਪਣੇ ਮੱਤ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ 12 ਵਜੇ ਤੱਕ 33 ਫ਼ੀਸਦੀ, 4 ਵਜੇ ਤੱਕ 61 ਫ਼ੀਸਦੀ ਵੋਟਾਂ ਪੋਲ ਹੋਈਆਂ ਕੁੱਲ ਵੋਟਾਂ ਦੀ ਪੋਲਿੰਗ 67 ਪ੍ਰਤੀਸ਼ਤ ਦੇ ਕਰੀਬ ਰਹੀ।ਇਸ ਦੌਰਾਨ ਵੱਖ਼ ਅਧਿਕਾਰੀਆਂ, ਕਰਮਚਾਰੀਆਂ ਅਤੇ ਸ਼ਹਿਰ ਦੇ ਵੱਖ਼ ਵੱਖ਼ ਵਾਰਡਾਂ ‘ਚ ਰਹਿੰਦੇ ਸਿਆਸੀ ਆਗੂਆਂ ਨੇ ਆਪੋ-ਆਪਣੇ ਵਾਰਡਾਂ ਵਿਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
ਸਮੁੱਚੇ ਚੋਣ ਅਮਲ ਦੌਰਾਨ ਕੁਝ ਇੱਕ ਥਾਵਾਂ ਤੇ ਕੁੱਟਮਾਰ, ਬਹਿਸਬਾਜ਼ੀ ਤੋਂ ਇਲਾਵਾ ਮੁਲਤਾਨੀਆਂ ਰੋਡ ਤੇ ਸੱਤਾਧਾਰੀ ਪਾਰਟੀ ਦੇ ਅਕਾਲੀ ਉਮੀਦਵਾਰ ਦੇ ਸਮੱਰਥਕਾਂ ਅਤੇ ਪੁਲਿਸ ਵਲੋਂ ਪੱਤਰਕਾਰਾਂ ਨਾਲ ਦੁਰਵਿਵਹਾਰ ਦਾ ਮਾਮਲਾ ਵੀ ਸਾਹਮਣੇ ਆਇਆ, ਜਦਕਿ ਕੁੱਲ ਮਿਲਾ ਕੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਤੇ ਪੁਲਿਸ ਵਲੋਂ ਕੀਤੇ ਸੁਰੱਖਿਆਂ ਦੇ ਪ੍ਰਬੰਧਾ ਤਹਿਤ ਸਥਿੱਤੀ ਅਮਨ ਅਮਾਨ ਰਹੀ।ਇਸ ਦੌਰਾਨ ਜਿਲ੍ਹਾ ਪੁਲਿਸ ਦੀ ਰਿਜ਼ਰਵ ਪੁਲਿਸ ਫ਼ੋਰਸ ਜੋ ਐਸ.ਐਸ.ਪੀ ਸ: ਇੰਦਰਮੋਹਨ ਸਿੰਘ ਭੱਟੀ ਨਾਲ ਜਿਲ੍ਹਾ ਪੁਲਿਸ ਦੇ ਇੰਸਪੈਕਟਰ ਦੀ ਅਗੁਵਾਈ ਵਿਚ ਸਾਰਾ ਦਿਨ ਗਸ਼ਤ ਤੇ ਰਹੀ ਦੀਆਂ ਸੇਵਾਵਾਂ ਵੀ ਸ਼ਲਾਘਾਯੋਗ ਰਹੀਆਂ ਜਿਸ ਕਾਰਨ ਵੀ ਸ਼ਹਿਰ ਦੇ ਸੰਵੇਦਨਸ਼ੀਲ ਬੂਥਾਂ ਤੇ ਜੋਰਦਾਰ ਵੋਟਿੰਗ ਸੰਭਵ ਹੋ ਸਕੀ।ਸ਼ਹਿਰ ਦੇ ਸਾਰੇ 50 ਵਾਰਡਾਂ ਵਿਚ ਕਈ ਥਾਂਈ ਪ੍ਰਮੁੱਖ ਵਾਰਡਾਂ ਵਿੱਚ ਮੁਕਾਬਲਾ ਤਿੰਨ ਧਿਰਾਂ ਦਰਮਿਆਨ ਅਤੇ ਕਈ ਥਾਈ ਸੱਤਾਧਾਰੀ ਗੱਠਜੋੜ ਦਾ ਆਪਣੇ ਹੀ ਪਾਰਟੀ ਦੇ ਬਾਗੀ ਉਮੀਦਵਾਰਾਂ ਨਾਲ ਸਿੱਧਾ ਮੁਕਾਬਲਾ ਸੀ ਅਤੇ ਜਿਆਦਾਤਰ ਵਾਰਡਾਂ ਵਿਚ ਸਿੱਧਾ ਮੁਕਾਬਲਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਅਤੇ ਪਾਰਟੀ ਬਾਗੀ ਅਜ਼ਾਦ ਉਮੀਦਵਾਰਾਂ ਦਰਮਿਆਨ ਹੀ ਵੇਖਿਆ ਗਿਆ। ਕਈ ਵਾਰਡਾਂ ਵਿਚ ਅਜ਼ਾਦ ਉਮੀਦਵਾਰਾਂ ਪ੍ਰਤੀ ਵੋਟਰਾਂ ਨੇ ਖੁੱਲ੍ਹ ਕੇ ਆਪਣਾ ਵਿਸਵਾਸ਼ ਪ੍ਰਗਟ ਕਰਦਿਆਂ ਅਜ਼ਾਦ ਉਮੀਦਵਾਰਾਂ ਦੇ ਹੱਕ ਵਿਚ ਪੋਲਿੰਗ ਕਰਨ ਦੀਆਂ ਪੁਖ਼ਤਾ ਰਿਪੋਰਟਾਂ। ਸਾਰੇ ਹੀ ਚੋਣ ਅਮਲ ਦੌਰਾਨ ਉਮੀਦਵਾਰਾਂ ਨੇ ਆਪੋ ਆਪਣੇ ਸਮੱਰਥਕਾਂ ਸਮੇਤ ਮੌਕੇ ਤੇ ਹਾਜ਼ਰ ਰਹੇ ਅਤੇ ਵੋਟਾਂ ਭੁਗਤਾਉਣ ਲਈ ਆਪਣੇ ਸਮੱਰਥਕਾਂ ਨੂੰ ਦਿਸ਼ਾਂ ਨਿਰਦੇਸ਼ ਦਿੰਦੇ ਵੇਖ਼ੇ ਗਏ। ਇਸ ਦੌਰਾਨ ਵੱਖ ਵੱਖ ਵਾਰਡਾਂ ਵਿਚ ਬੀਮਾਰਾਂ, ਅਪਾਹਿਜ਼ਾਂ ਅਤੇ ਬਿਰਧਾਂ ਨੂੰ ਕਰੀਬ-ਕਰੀਬ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ ਆਪਣੇ ਹੱਕ ਵਿਚ ਭੁਗਤਾਉਣ ਲਈ ਉਨ੍ਹਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਲਿਜ਼ਾਦੇ ਰਹੇ। ਨਗਰ ਨਿਗਮ ਦੀਆਂ ਵੋਟਾਂ ਪੋਲਿੰਗ ਕਰਵਾਉਣ ਲਈ ਉਮੀਦਵਾਰਾਂ ਨੇ ਆਪਣੇ ਵਲੋਂ ਵੋਟਰਾਂ ਨੂੰ ਵੋਟ ਭਗਤਾਉਣ ਲਈ ਆਟੋ ਰਿਕਸ਼ੇ ਜਿਨ੍ਹਾਂ ‘ਤੇ ਪਾਰਟੀਆਂ ਦੇ ਝੰਡੇ ਅਤੇ ਚੋਣ ਨਿਸ਼ਾਨ ਵਾਲੇ ਝੰਡੇ ਅਤੇ ਬੈਨਰ ਵੀ ਲਗਾਏ ਹੋਏ ਸਨ। ਪਬਲਿਕ ਸਥਾਨਾਂ ‘ਤੇ ਸਿਗਰਟਨੋਸ਼ੀ ‘ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਪੋਲਿੰਗ ਬੂਥਾਂ ਨੇੜੇ ਕਈ ਪਾਰਟੀ ਵਰਕਰ ਬੀੜੀ ਸਿਗਰੇਟਾਂ ਦਾ ਧੂੰਆਂ ਉਡਾਦੇ ਆਮ ਵੇਖੇ ਗਏ।
ਪੋਲਿੰਗ ਅਮਲ ਦੇ ਕੁੱਲ ਮਿਲਾ ਕੇ ਅਮਨ-ਅਮਾਨ ਨਾਲ ਨੇਪਰੇ ਚੜਨ ਤੇ ਜਿਲ੍ਹਾ ਚੋਣ ਅਧਿਕਾਰੀ ਡਾ. ਬਸੰਤ ਗਰਗ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰ ਇਸੇ ਪ੍ਰਕਾਰ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ 25 ਫਰਵਰੀ ਨੂੰ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।ਉਨ੍ਹਾਂ ਸਮੁੱਚੇ ਚੋਣ ਅਮਲੇ ਨੂੰ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਭਗਤਾਉਣ ‘ਤੇ ਵਧਾਈ ਦਿੱਤੀ।ਉਨ੍ਹਾਂ ਦੱਸਿਆ ਕਿ 26 ਫਰਵਰੀ ਨੂੰ ਪੋਲੀਟੈਕਨਿਕ ਕਾਲਜ ਵਿਖੇ ਇਨ੍ਹਾਂ ਵੋਟਾਂ ਦੀ ਗਿਣਤੀ ਹੋਵੇਗੀ, ਜਿਸ ਲਈ ਈ.ਵੀ.ਐਮ ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖ ਦਿੱਤਾ ਗਿਆ ਹੈ।ਪੁਲਿਸ ਫ਼ੋਰਸ, ਹੋਮਗਾਰਡ ਜਵਾਨਾਂ ਤੋਂ ਇਲਾਵਾ ਰਿਜ਼ਰਵ ਫ਼ੋਰਸ ਨੇ ਸਾਰਾ ਦਿਨ ਗਸ਼ਤ ਤੇ ਰਹਿ ਕੇ ਸਮੁੱਚੇ ਸੁਰੱਖਿਆ ਪ੍ਰਬੰਧਾਂ ਕੀਤਾ ਹੋਇਆ ਸੀ।
Punjab Post Daily Online Newspaper & Print Media