ਪੈਦਲ ਸੰਗ ਲਈ ਕੀਤੇ ਗਏ ਪ੍ਰਬੰਧਾਂ ਦਾ ਡਿਪਟੀ ਕਮਿਸ਼ਨਰ ਵੱਲੋਂ ਜਾਇਜ਼ਾ
ਹੁਸ਼ਿਆਰਪੁਰ, 1 ਮਾਰਚ (ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪਿੰਡ ਖਡਿਆਲਾ ਸੈਣੀਆਂ ਤੋਂ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੇ ਚਾਰ ਰੋਜ਼ਾ ਪੈਦਲ ਸੰਗ ਦੇ ਰਸਤੇ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ। ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਏ ਐਸ ਪੀ ਧਰੂਵ ਦਹਿਆ, ਐਸ ਐਚ ਓ ਟਾਂਡਾ ਅਤੇ ਦਸੂਹਾ, ਤਹਿਸੀਲਦਾਰ ਤਰਸੇਮ ਸਿੰਘ, ਨਾਇਬ ਤਹਿਸੀਲਦਾਰ ਨਿਰਮਲ ਸਿੰਘ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਖਡਿਆਲਾ ਸੈਣੀਆਂ ਤੋਂ ਲੈ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੱਦ ਬਿਆਸ ਦਰਿਆ ਦੇ ਬੰਨ ਤੱਕ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੇ ਪੈਦਲ ਸੰਗ ਦੀ ਸਹੂਲਤ ਲਈ ਸਾਰੇ ਰਸਤੇ ਵਿੱਚ ਟਰੈਫਿਕ ਵਿਵਸਥਾ ਕਾਇਮ ਰੱਖਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇਣ ਲਈ 24 ਘੰਟੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਡਿਊਟੀ ਨਿਭਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਾਰੇ ਰਸਤੇ ਦੀ ਸੁਰੱਖਿਆ ਲਈ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੂੰ ਡਿਊਟੀ ਮੈਜਿਸਟਰੇਟ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਰਿਆ ਬਿਆਸ ਤੋਂ ਕਿਸ਼ਤੀਆਂ ਰਾਹੀਂ ਜਾਣ ਵਾਲੀਆਂ ਸੰਗਤਾਂ ਲਈ ਕਿਸ਼ਤੀਆਂ ਆਦਿ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ ਅਤੇ ਸੰਗਤਾਂ ਦੀ ਸੁਰੱਖਿਆ ਲਈ ਮੋਟਰ ਬੋਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਪੈਦਲ ਸੰਗ ਵਿੱਚ ਡੈਕ ਲੱਗੇ ਟਰੈਕਟਰਾਂ ਅਤੇ ਮੋਟਰ ਸਾਈਕਲਾਂ ਨੂੰ ਇਸ ਸੰਗ ਵਿੱਚ ਨਾ ਚਲਾਇਆ ਜਾਵੇ। ਇਸ ਤੋਂ ਇਲਾਵਾ ਸੰਗ ਦੇ ਰਸਤੇ ਵਿੱਚ ਡੀ ਜੇ ਆਦਿ ਨਾ ਲਗਾਏ ਜਾਣ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸੰਗ ਦੇ ਰਸਤੇ ਵਿੱਚ 24 ਘੰਟੇ ਪੈਟਰੋਲਿੰਗ ਕੀਤੀ ਜਾਵੇ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਵੱਲੋਂ ਡਿਪਟੀ ਕਮਿਸ਼ਨਰ, ਐਸ ਡੀ ਐਮ ਅਤੇ ਹੋਰ ਪਤਵੰਤਿਆਂ ਨੂੰ ਸਰੋਪਾ ਦੇ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।