
ਅੰਮ੍ਰਿਤਸਰ, 3 ਮਾਰਚ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬਘਰ ਵਿੱਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਬ੍ਰਿਟੇਨ ਦੇ ਥੈਟਫ਼ੋਰਡ ਪੁਰਾਤਨ ਅਜਾਇਬਘਰ ਤੋਂ ਕੇਰੇਨ ਐਮਾ ਵਾਈਟ ਪਹੁੰਚੀ।ਉਨ੍ਹਾਂ ਨੂੰ ਸ. ਇਕਬਾਲ ਸਿੰਘ ਐਡੀਸ਼ਨਲ ਮੈਨੇਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬਘਰ ਸੰਨ 1958 ਵਿੱਚ ਸਥਾਪਿਤ ਕੀਤਾ ਗਿਆ।1956 ਤੋਂ ਲੈ ਕੇ ਹੁਣ ਤੱਕ 700 ਤੋਂ ਵੱਧ ਹੱਥ ਨਾਲ ਤਿਆਰ ਚਿੱਤਰ ਕੇਂਦਰੀ ਸਿੱਖ ਅਜਾਇਬਘਰ ਵਿਚ ਮੋਜੂਦ ਹਨ ਜਿਸ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਬਾਰੇ, ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ, ਸਿੱਖ ਕੌਮ ਦੇ ਧਾਰਮਿਕ, ਸੇਵਾ ਭਾਵਨਾ ਅਤੇ ਜੁਰਮ ਦਾ ਸਾਹਮਣਾ ਕਰਦੇ ਹੋਏ ਦੂਸਰੇ ਪ੍ਰਤੀ ਆਪਣਾ ਜੀਵਨ ਕੁਰਬਾਨ ਕਰਦੇ ਹੋਏ ਸ਼ਹੀਦਾਂ ਦੀਆਂ ਤਸਵੀਰਾਂ ਆਦਿ ਮੌਜੂਦ ਹਨ।ਇਨ੍ਹਾਂ ਚਿੱਤਰਾਂ ਨੂੰ ਚਿੱਤਰਕਾਰ ਸ. ਸੋਭਾ ਸਿੰਘ, ਸ. ਕ੍ਰਿਪਾਲ ਸਿੰਘ, ਸ. ਠਾਕਰ ਸਿੰਘ, ਮਾਸਟਰ ਗੁਰਦਿੱਤ ਸਿੰਘ, ਸ੍ਰੀ ਬੋਧਰਾਜ, ਸ. ਅਮਰ ਸਿੰਘ, ਸ. ਮੇਹਰ ਸਿੰਘ, ਸ. ਦਵਿੰਦਰ ਸਿੰਘ, ਸ. ਅਮੋਲਕ ਸਿੰਘ, ਸ. ਭੁਪਿੰਦਰ ਸਿੰਘ, ਸ. ਗੁਰਵਿੰਦਰਪਾਲ ਸਿੰਘ ਅਤੇ ਸ. ਸੁਖਵਿੰਦਰ ਸਿੰਘ ਆਦਿ ਨੇ 1956 ਤੋਂ ਲੈ ਕੇ ਅੱਜ ਤੱਕ ਤਿਆਰ ਕਰਦੇ ਹੋਏ ਆਪਣੀਆਂ ਸੇਵਾਵਾਂ ਦਾ ਯੋਗਦਾਨ ਪਾਇਆ ਹੈ।ਉਨ੍ਹਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਕੰਗਾ, ਗਾਤਰਾ, ਕਟਾਰ, ਕਮਰਕਸਾ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਕਟਾਰ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਦਸਤਾਰ ਵਿੱਚ ਸਜਾਉਣ ਵਾਲੇ ਚੱਕਰ, ਬਾਬਾ ਆਲਾ ਸਿੰਘ ਜੀ ਦਾ ਤੀਰ ਕਮਾਨ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਕ੍ਰਿਪਾਨ, ਭਾਈ ਮਹਿਤਾਬ ਸਿੰਘ ਜੀ ਦੀ ਕ੍ਰਿਪਾਨ, ਪੁਰਾਤਨ ਸਿੱਕੇ, ਹੱਥ ਲਿਖਤਾਂ, ਪੁਰਾਤਨ ਖੜਤਾਲਾਂ, ਸਾਰੰਗੀ, ਜੋੜੀ-ਧਾਬਾਂ, ਕ੍ਰਿਪਾਨ-ਖੰਡੇ ਤੋਂ ਇਲਾਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਦਿੱਤੀਆਂ ਗਈਆਂ ਚਾਂਦੀ ਦੀਆਂ ਸ਼ਮਿਆਨੇ ਵਾਲੀਆਂ ਪੁਰਾਤਨ ਚੌਬਾ ਜਿਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁੱਲ ਉਪਰ ਚਾਨਨੀਆਂ ਲਗਾ ਕੇ ਸੰਗਤਾਂ ਲਈ ਛਾਂ ਕੀਤੀ ਜਾਂਦੀ ਸੀ ਆਦਿ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਮੈਡਮ ਕੇਰੇਨ ਐਮਾ ਵਾਈਟ ਨੇ ਗੱਲਬਾਤ ਦੌਰਾਨ ਕਿਹਾ ਕਿ ਬ੍ਰਿਟਿਸ਼ ਕੌਂਸਲ ਵੱਲੋਂ ਆਗਿਆ ਮਿਲਣ ‘ਤੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਹਨ।ਉਨ੍ਹਾਂ ਕਿਹਾ ਕਿ ਮੇਰੀ ਇਸ ਯਾਤਰਾ ਦਾ ਮੁਖ ਮਕਸਦ ਸਿੱਖ ਮਿਊਜ਼ੀਅਮ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨਾ ਹੈ।ਉਨ੍ਹਾਂ ਦੱਸਿਆ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਬ੍ਰਿਟਿਸ਼ ਲੋਕਾਂ ਨੂੰ ਸਿੱਖਾਂ ਨਾਲ ਆਪਣੇ ਰਿਸ਼ਤੇ ਬਾਰੇ ਪਤਾ ਚੱਲੇ ਤਾਂ ਕਿ ਆਪਸੀ ਸਬੰਧਾਂ ਵਿੱਚ ਹੋਰ ਮਜ਼ਬੂਤੀ ਆਏ।ਉਨ੍ਹਾਂ ਕਿਹਾ ਮੈਂ ਚਾਹੁੰਦੀ ਹਾਂ ਕਿ ਥੈਟਫ਼ੋਰਡ ਅਜਾਇਬਘਰ ਦਾ ਹੋਰਨਾਂ ਇਤਿਹਾਸਕ ਅਜਾਇਬਘਰਾਂ ਨਾਲ ਅਜਿਹਾ ਸੰਪਰਕ ਕਾਇਮ ਹੋਏ ਕਿ ਬਹੁਮੁੱਲੀ ਜਾਣਕਾਰੀਆਂ ਦਾ ਆਦਾਨ-ਪ੍ਰਦਾਨ ਹਮੇਸ਼ਾ ਜਾਰੀ ਰਹੇ।ਇਸ ਮੌਕੇ ਸ. ਗੁਰਬਚਨ ਸਿੰਘ ਮਾਈਆ ਸਾਬਕਾ ਮੀਤ ਸਕੱਤਰ, ਸ. ਭੁਪਿੰਦਰ ਸਿੰਘ ਹਿਸਟੋਰੀਅਨ ਯੂ.ਕੇ, ਸ. ਰਣਜੀਤ ਸਿੰਘ ਫ਼ਿਲਮ ਮੇਕਰ, ਸ. ਸੁਖਦੇਵ ਸਿੰਘ, ਸ. ਦਮਨਦੀਪ ਸਿੰਘ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ ਤੇ ਸ. ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।
Check Also
ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …
Punjab Post Daily Online Newspaper & Print Media