Friday, June 12, 2026

21ਵੀਂ ਕਾਨਫਰੰਸ ਆਫ ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੁਸਾਇਟੀ ਆਫ ਇੰਡੀਆ ਸੰਪੰਨ

ਅੰਮ੍ਰਿਤਸਰ, 9 ਮਾਰਚ (ਰੋਮਿਤ ਸ਼ਰਮਾ) – ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੋਸਾਇਟੀ ਆਫ ਇੰਡੀਆ ਦੀ ਚਾਰ ਰੋਜ਼ਾ 21ਵੀਂ ਕਾਨਫਰੰਸ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਸੰਪੰਨ ਹੋ ਗਈ। ਇਸ ਮੌਕੇ ਦੇਸ਼-ਵਿਦੇਸ਼ ਤੋਂ 235 ਨਾਮਵਰ ਵਿਗਿਆਨੀਆਂ ਨੇ ਭਾਗ ਲਿਆ ਅਤੇ ਆਪਣੇ ਖੋਜ ਪੇਪਰ ਪੇਸ਼ ਕੀਤੇ। ਪ੍ਰੋ. ਜੈਫਰੀ ਰੈਮੀਅਰ, ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਨੇ ਐਨ.ਐਮ.ਆਰ ਸਪੈਕਟਰੋਸਕੋਪੀ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਦੀ ਵਰਤੋਂ ਨਾਲ ਈਂਧਨ ਦੇ ਰੂਪ ਵਿਚ ਵਰਤੀਆਂ ਜਾਣ ਵਾਲੀਆਂ ਗੈਂਸਾਂ ਨੂੰ ਸਟੋਰ ਕਰਨ ਲਈ ਪ੍ਰਯੋਗ ਵਿਚ ਲਿਆਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਪ੍ਰਣਾਲੀ ਨਾਲ ਦਿਲ ਤੇ ਦਿਮਾਗ ਦੀਆਂ ਬੀਮਾਰੀਆਂ ਦਾ ਪਤਾ ਲਾਇਆ ਜਾ ਸਕਦਾ ਹੈ ਤਾਂ ਜੋ ਵੇਲੇ ਸਿਰ ਉਨ੍ਹਾਂ ਦਾ ਇਲਾਜ ਹੋ ਸਕੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੋਸਾਇਟੀ ਆਫ ਇੰਡੀਆ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਇਸ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਉਨ੍ਹਾਂ ਨੇ ਐਨ.ਐਮ.ਆਰ. ਸਪੈਕਟਰੋਸਕੋਪੀ ਦੀ ਬਹੁਮੁਖੀ ਪ੍ਰਤੀਭਾ ਅਤੇ ਵਰਤੋਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਐਨਾਲੀਟੀਕਲ ਤਕਨੀਕ ਹੈ ਜਿਹੜੀ ਐਮ.ਆਰ.ਆਈ. ਵਿਚ ਬਾਇਓਮੈਡੀਕਲ ਖੋਜ ਲਈ ਜਿਓਲੋਜੀਕਲ ਸਾਇੰਸਜ਼, ਫਾਰਮਾਸਿਊਟੀਕਲ ਸਾਇੰਸਜ਼, ਕੈਮੀਕਲ ਅਤੇ ਬਾਇਓਲੋਜੀਕਲ ਸਾਇੰਸਜ਼ ਵਿਚ ਵਰਤੀ ਜਾਂਦੀ ਹੈ।

ਉਦਘਾਟਨੀ ਸਮਾਗਮ ਮੌਕੇ ਕੈਨੇਡਾ ਦੀ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਸੇਂਟ ਬੋਨਫੇਸ ਹਾਸਪੀਟਲ ਰੀਸਰਚ ਸੈਂਟਰ ਦੇ ਇੰਸਟੀਚਿਊਟ ਆਫ ਕਾਰਡੀਓਵਾਸਕੁਲਰ ਦੇ ਕਾਰਡੀਓਵਾਸਕੁਲਰ ਸਾਇੰਸਜ਼ ਦੇ ਡਾਇਰੈਕਰ, ਪ੍ਰੋ. ਨਿਰੰਜਨ ਐਸ. ਢੱਲਾ ਨੇ ਕੁੰਜੀਵਤ ਭਾਸ਼ਣ ਦਿੱਤਾ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਦਿਲ ਦੀਆਂ ਬੀਮਾਰੀਆਂ ਵਿਚ ਐਨ.ਐਮ.ਆਰ. ਦੀ ਵਰਤੋਂ ‘ਤੇ ਚਾਨਣਾ ਪਾਇਆ।ਆਰ.ਡਬਲਯੂ.ਟੀ.ਐਚ. ਆਖਨ ਯੂਨੀਵਰਸਿਟੀ, ਜਰਮਨੀ ਤੋਂ ਪ੍ਰਮੁੱਖ ਵਿਗਿਆਨੀ ਪ੍ਰੋਫੈਸਰ ਬਰਨ੍ਹਾਡ ਬਲੂਮਿਸ਼ ਨੇ ਉਦਘਾਟਨੀ ਪ੍ਰੈਸੈਂਟੇਸ਼ਨ ਦਿੱਤੀ।ਉਨ੍ਹਾਂ ਨੇ ਐਨ.ਐਮ.ਆਰ. ਇੰਸਟ੍ਰਮੈਂਟੇਸ਼ਨ ਸਬੰਧੀ ਹੋਈਆਂ ਨਵੀਨ ਖੋਜਾਂ ਬਾਰੇ ਚਾਨਣਾ ਪਾਇਆ।
ਜਰਮਨੀ ਤੋਂ ਪ੍ਰੋ. ਕ੍ਰਿਸਚੀਅਨ ਗ੍ਰੇਸਿੰਗਰ, ਯੂਨੀਵਰਸਿਟੀ ਆਫ ਬਰਕਲੇਅ, ਅਮਰੀਕਾ ਤੋਂ ਪ੍ਰੋ. ਜੈਫ ਰੇਮਰ, ਸਵਿਟਜ਼ਰਲੈਂਡ ਤੋਂ ਪ੍ਰੋ. ਮੈਥੀਅਸ ਅਰਨਸਟ, ਆਸਟਰੀਆ ਤੋਂ ਪ੍ਰੋ. ਕਲੌਜ਼ ਜ਼ੈਂਗਰ, ਆਈ.ਆਈ.ਟੀ. ਚੇਨਈ ਤੋਂ ਪ੍ਰੋ. ਐਸ. ਸਬਰਾਮਨੀਅਮ, ਸੀ.ਬੀ.ਐਮ.ਆਰ. ਲ਼ਖਨਊ ਤੋਂ ਪ੍ਰੋ. ਸੀ.ਐਲ. ਖੇਤਰਪਾਲ, ਆਈ.ਆਈ.ਐਸ.ਸੀ. ਬੰਗਲੌਰ ਤੋਂ ਪ੍ਰੋ. ਅਨਿਲ ਕੁਮਾਰ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਵਿਦਵਾਨਾਂ ਇਸ ਕਾਨਫਰੰਸ ਵਿਚ ਭਾਗ ਲਿਆ। ਕਾਨਫਰੰਸ ਦੇ ਕਨਵੀਨਰ, ਪ੍ਰੋ. ਆਰ.ਕੇ. ਮਹਾਜਨ ਨੇ ਮਹਿਮਾਨਾਂ ਤੇ ਵਿਦਵਾਨਾਂ ਨੂੰ ਜੀ ਆਇਆ ਆਖਿਆ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply