ਹੁਸ਼ਿਆਰਪੁਰ, 12 ਮਾਰਚ (ਸਤਵਿੰਦਰ ਸਿੰਘ) – ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਰਬਨ ਪ੍ਰਾਈਮਰੀ ਹੈਲਥ ਸੈਂਟਰ ਅਸਲਾਮਾਬਾਦ ਵਿਖੇ ਮੈਡੀਕਲ ਅਫਸਰ ਡਾ. ਰੇਨੂੰ ਭਾਟੀਆ ਦੀ ਅਗਵਾਈ ਹੇਠ ਮਹਿਲਾਵਾਂ ਅਤੇ ਬੱਚਿਆਂ ਦੀ ਸਰੀਰਕ ਜਾਂਚ ਲਈ ਇੱਕ ਵਿਸ਼ੇਸ਼ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ। ਵਿਸ਼ਵ ਮਹਿਲਾ ਦਿਵਸ ਨੂੰ ਸਮਰਪਿਤ ਲਗਾਏ ਗਏ ਇਸ ਕੈਂਪ ਦੌਰਾਨ ਹਾਜ਼ਿਰ ਗਰਭਵਤੀ ਮਹਿਲਾਵਾਂ ਦੀ ਗਰਭ ਦੌਰਾਨ ਅਤੇ ਜਣੇਪੇ ਸਬੰਧੀ ਕਾਉਂਲਿੰਗ ਕੀਤੀ ਗਈ। ਮਹਿਲਾਵਾਂ ਦੇ ਖੂਨ, ਪਿਸ਼ਾਬ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ ਅਤੇ ਮਹਿਲਾਵਾਂ ਨੂੰ ਗਰਭ ਦੌਰਾਨ ਆਇਰਨ ਦੀਆਂ ਗੋਲੀਆਂ ਅਤੇ ਪੋਸ਼ਟਿਕ ਖੁਰਾਕ ਦੀ ਮਹਤੱਤਾ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਸ਼ਾਲਿਨੀ ਗੁਪਤਾ ਵੱਲੋਂ ਮਹਿਲਾਵਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਗਰਭ ਦੌਰਾਨ ਘੱਟ ਤੋਂ ਘੱਟ ਤਿੰਨ ਐਂਟੀ ਨੇਟਲ ਚੈਕਅਪ ਜਰੂਰ ਕਰਵਾਉਣ।ਇਸ ਤੋਂ ਇਲਾਵਾ ਲੋੜੀਂਦੇ ਸਾਰੇ ਟੈਸਟ ਅਤੇ ਸਮੇਂ ਸਮੇਂ ਤੇ ਸਰੀਰਕ ਜਾਂਚ ਕਰਵਾਉਣੀ ਲਾਜ਼ਮੀ ਹੈ ਤਾਂ ਜੋ ਜਣੇਪੇ ਵੇਲੇ ਹੋਣ ਵਾਲੀਆਂ ਸਮੱਸਿਆਵਾਂ ਤੋਂ ਬੱਚਿਆ ਜਾ ਸਕੇ। ਡਾ. ਸ਼ਾਲਿਨੀ ਨੇ ਹੋਰ ਦੱਸਿਆ ਕਿ ਮਹਿਲਾਵਾਂ ਦੀ ਗਰਭ ਦੌਰਾਨ ਅਤੇ ਜਣੇਪਾ ਹੋਣ ਤੱਕ ਸਾਰੇ ਟੈਸਟ, ਜਾਂਚ ਅਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਕੀਤੇ ਜਾਂਦੇ ਹਨ।ਇਸ ਤੋਂ ਇਲਾਵਾ 0 ਤੋਂ 1 ਸਾਲ ਦੇ ਲੜਕਿਆਂ ਅਤੇ 0 ਤੋਂ 5 ਸਾਲ ਤੱਕ ਦੀਆਂ ਲੜਕੀਆਂ ਦੀ ਸੰਪੂਰਨ ਜਾਂਚ ਅਤੇ ਇਲਾਜ ਵੀ ਮੁਫਤ ਕੀਤੇ ਜਾਂਦੇ ਹਨ।ਕੈਂਪ ਦੌਰਾਨ ਬੱਚਿਆਂ ਦੇ ਮਾਹਿਰ ਡਾ.ਅਸ਼ਵਨੀ ਜੁਨੇਜਾ ਵੱਲੋਂ ਬੱਚਿਆਂ ਦੀ ਜਾਂਚ ਦੌਰਾਨ ਦੱਸਿਆ ਗਿਆ ਕਿ ਬੱਚੇ ਨੂੰ 6 ਮਹੀਨੇ ਸਿਰਫ ਮਾਂ ਦੇ ਦੁੱਧ ਦੇਣਾ ਚਾਹੀਦਾ ਹੈ ਤੇ 6 ਮਹੀਨੇ ਤੋਂ ਬਾਅਦ ਪੂਰਕ ਆਹਾਰ ਦੇਣਾ ਚਾਹੀਦਾ ਹੈ। ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਸਬੰਧੀ ਲਗਾਏ ਗਏ ਇਸ ਵਿਸ਼ੇਸ਼ ਸਿਹਤ ਕੈਂਪ ਦੌਰਾਨ ਪਹਿਲੇ ਦਿਨ 190 ਅਤੇ ਦੂਸਰੇ ਦਿਨ 213 ਮਹਿਲਾਵਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਮੁੱਖ ਉਦੇਸ਼ ਮਹਿਲਾਵਾਂ ਅਤੇ ਬੱਚਿਆਂ ਨੂੰ ਸਿਹਤ ਸੰਭਾਲ ਪ੍ਰਤੀ ਜਾਣਕਾਰੀ ਮੁੱਹਈਆ ਕਰਵਾ ਕੇ ਜਾਗਰੂਕ ਕਰਨਾ ਸੀ। ਕੈਂਪ ਦੌਰਾਨ ਲੋੜਵੰਦ ਔਰਤਾਂ ਅਤੇ ਬੱਚਿਆਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ।
Check Also
ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …
Punjab Post Daily Online Newspaper & Print Media