ਛੇਹਰਟਾ, 15 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਹਮਣੇ ਉਸ ਸਮੇਂ ਗੋਲੀਆਂ ਚੱਲ ਗਈਆਂ ਜਦ ਆਯੋਜਿਤ ਕੀਤੇ ਜਾ ਰਹੇ ਜਸ਼ਨ 2015 ਦੌਰਾਨ ਵਿਦਿਆਰਥੀਆਂ ਵਿਚ ਤੂੰ-ਤੂੰ, ਮੈਂ-ਮੈਂ ਵਿਦਿਆਰਥੀਆਂ ਦੇ ਯੂਨੀਵਰਸਿਟੀ ਤੋਂ ਬਾਹਰ ਨਿਕਲਦਿਆਂ ਹੀ ਖੂਨੀ ਝੜਪ ਦਾ ਰੂਪ ਅਖਤਿਆਰ ਕਰ ਗਈ। ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਸਾਹਮਣੇ ਸ਼ਾਪਿੰਗ ਕੰਪਲੈਕਸ ਕਬੀਰ ਪਾਰਕ ‘ਚ ਦੋਵੇਂ ਵਿਦਿਆਰਥੀ ਧੜੇ ਸਾਹਮਣੇ-ਸਾਹਮਣੇ ਹੋ ਗਏ ਅਤੇ ਚੱਲੀਆਂ ਗੋਲੀਆਂ ਵਿਚ ਤਿੰਨ ਵਿਦਿਆਰਥੀ ਜਖਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਮੌਕੇ ਤੇ ਪੁੱਜੀ ਪੁਲਸ ਨੇ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਅਨੁਸਾਰ ਭਿੜੇ ਵਿਦਿਆਰਥੀ ਸੱਤਾ ਤੇ ਵਿਰੋਧੀ ਧਿਰ ਨਾਲ ਸਬੰਧਤ ਹਨ।ਪੁਲਿਸ ਦੇ ਆਈ.ਪੀ.ਐਸ ਅਧਿਕਾਰੀ ਅਤੇ ਥਾਣਾ ਕੈਂਟ ਦੇ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਰਬਜੀਤ ਸਿੰਘ ਵਾਸੀ ਤਰਨਤਾਰਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ।ਉਹ ਆਪਣੇ ਸਾਥੀਆਂ ਦੇ ਨਾਲ ਯੂਨੀਵਰਸਿਟੀ ਵਿਚ ਚੱਲ ਰਹੇ ਜਸ਼ਨ-2015 ਪ੍ਰੋਗਰਾਮ ਵਿਚ ਸ਼ਾਮਿਲ ਹੋਇਆ।ਉਥੇ ਉਸ ਦਾ ਝਗੜਾ ਯੂਨੀਵਰਸਿਟੀ ਦੇ ਵਿਦਿਆਰਥੀ ਬਬਲੂ, ਮਹਿਕ, ਚੇਤਨ, ਨਵਰੂਪ ਅਤੇ ਉਸ ਦੇ ਸਾਥੀਆਂ ਨਾਲ ਹੋਇਆ।ਸ਼ਾਮ ਚਾਰ ਵਜੇ ਦੇ ਕਰੀਬ ਦੋਵੇਂ ਧੜੇ ਯੂਨੀਵਰਸਿਟੀ ਦੇ ਬਾਹਰ ਆਏ ਤਾਂ ਇਥੇ ਹੋਈ ਬਹਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਗੱਡੀਆਂ ਵਿਚੋਂ ਹਥਿਆਰ ਨਿਕਲ ਆਏ ਅਤੇ ਬੱਬਲੂ ਧੜੇ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ।ਗੋਲੀਆਂ ਦੀ ਅਵਾਜ ਸੁਣ ਕੇ ਉਥੇ ਦਹਿਸ਼ਤ ਫੈਲ ਗਈ।ਝੜਪ ਦੌਰਾਨ ਸਰਬਜੀਤ ਦੇ ਹੱਥ ‘ਤੇ ਦਾਤਰ ਅਤੇ ਲੱਤ ਤੇ ਗੋਲੀਆਂ ਲੱਗੀਆਂ ਹਨ।ਉਨਾਂ ਕਿਹਾ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਝਗੜਾ ਕਰਨ ਵਾਲੇ ਵਿਦਿਆਰਥੀ ਫਰਾਰ ਹੋ ਗਏ।ਸ੍ਰੀ ਲਾਂਬਾ ਨੇ ਦੱਸਿਆ ਕਿ ਜਖਮੀ ਹੋਏ ਸਰਬਜੀਤ ਨੂੰ ਇਲਾਜ ਦੇ ਲਈ ਅਮਨਦੀਪ ਹਸਪਤਾਲ ਲਿਆਂਦਾ ਗਿਆ, ਜਿਥੋਂ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।ਉਨਾਂ ਕਿਹਾ ਕਿ ਸਰਬਜੀਤ ਦੀ ਗੱਡੀ ‘ਤੇ ਗੋਲੀਆਂ ਲੱਗੀਆਂ ਹਨ ਅਤੇ ਪੁਲਿਸ ਨੇ ਜਾਂਚ ਲਈ ਗੱਡੀ ਵੀ ਕਬਜ਼ੇ ਵਿਚ ਲੈ ਲਈ ਹੈ।ਜਦਕਿ ਮਹਿਕ, ਨਵਰੂਪ, ਚੇਤਨ ਤੇ ਬੱਬੂ ਖਿਲਾਫ ਮੁਕਦਮਾ ਦਰਜ ਕਰਕੇ ਪੁਲਸ ਟੀਮਾਂ ਗਠਿਤ ਕਰਕੇ ਕਥਿਤ ਦੋਸ਼ੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਪੁਲਸ ਦੇ ਸਾਹਮਣੇ ਪੱਤਰਕਾਰ ਨਾਲ ਕੀਤੀ ਧੱਕਾਮੁੱਕੀ
ਮੌਕੇ ‘ਤੇ ਕਵਰੇਜ਼ ਕਰਨ ਗਏ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਨਾਲ ਪੁਲਿਸ ਪਾਰਟੀ ਦੇ ਸਾਹਮਣੇ ਧੱਕਾ ਮੁੱਕੀ ਕੀਤੀ ਗਈ ਤੇ ਉਸ ਦਾ ਕੈਮਰਾ ਖੋਹ ਕੇ ਝੜਪ ਦੀਆਂ ਖਿੱਚੀਆਂ ਫੋਟੋਆਂ ਡਲੀਟ ਕਰ ਦਿੱਤੀਆਂ ਗਈਆਂ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media