
ਹੁਸ਼ਿਆਰਪੁਰ, 18 ਮਾਰਚ (ਸਤਵਿੰਦਰ ਸਿੰਘ) – ਕੌਮੀ ਸਿਹਤ ਮਿਸ਼ਨ ਪੰਜਾਬ ਚੰਡੀਗੜ ਵੱਲੋ ਸੂਬੇ ਦੇ ਐਨ.ਐਚ.ਐਮ. ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਉਣ ਦੇ ਫੈਸਲੇ ਦੇ ਵਿਰੋਧ ਵਿੱਚ ਐਨ.ਐਚ.ਐਮ. ਕਰਮਚਾਰੀ ਯੂਨਿਅਨ ਹੁਸ਼ਿਆਰਪੁਰ ਵੱਲੋਂ ਜਾਰੀ ਕੰਮ ਛੱਡੋ ਹੜਤਾਲ ਅੱਜ ਪੰਜਵੇ ਦਿਨ ਵਿੱਚ ਦਾਖਿਲ ਹੋ ਗਈ। ਕੌਮੀ ਸਿਹਤ ਮਿਸ਼ਨ ਹੁਸ਼ਿਆਰਪੁਰ ਦੇ ਮੁਲਾਜ਼ਮਾ ਵੱਲੋਂ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਅੱਗੇ ਧਰਨਾ ਦਿੱਤਾ ਗਿਆ। ਹੜਤਾਲ ਦੌਰਾਨ ਐਨ.ਐਚ.ਐਮ. ਅਧੀਨ ਕੰਮ ਕਰਦੀਆਂ ਏ.ਐਨ.ਐਮਜ ਵੱਲੋਂ ਮਮਤਾ ਦਿਵਸ, ਟੀਕਾਕਰਣ ਅਤੇ ਹੋਰ ਸਿਹਤ ਸਹੂਲਤਾਂ ਸਬੰਧੀ ਸੇਵਾਵਾਂ ਪੂਰੀ ਤਰ੍ਹਾਂ ਠੱਪ ਰੱਖੀਆਂ ਗਈਆਂ ਜਿਸ ਦੇ ਸਿੱਟੇ ਵੱਜੋਂ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ। ਜ਼ਿਕਰਯੋਗ ਹੈ ਕਿ ਕੌਮੀ ਸਿਹਤ ਮਿਸ਼ਨ ਪੰਜਾਬ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਸੂਬੇ ਭਰ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਹੜਤਾਲਾਂ ਜਾਰੀ ਹਨ ਅਤੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਮੁਹੰਮਦ ਆਸਿਫ ਅਤੇ ਤਜਿੰਦਰ ਸਿੰਘ ਪ੍ਰਧਾਨ ਨੇ ਕਿਹਾ ਕਿ ਸਮੂਚੇ ਕੈਡਰ ਵੱਲੋਂ ਇੱਕ ਜੁਟ ਅਤੇ ਲਾਮਬੰਦ ਹੋ ਕੇ ਇਸ ਸਘੰਰਸ਼ ਨੂੰ ਜਾਰੀ ਰੱਖਿਆ ਜਾਵੇ। ਉਨ੍ਹਾਂ ਆਖਿਆ ਕਿ ਮੁਲਾਜਮ ਏਕਤਾ ਨਾਲ ਹੀ ਸੰਘਰਸ਼ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਸ ਮੌਕੇ ਪੈਰਾਮੈਡੀਕਲ ਯੂਨਿਅਨ ਦੇ ਸੂਬਾਈ ਚੇਅਰਮੈਨ ਇੰਦਰਜੀਤ ਸਿੰਘ ਬਿਰਦੀ ਵੱਲੋਂ ਕੌਮੀ ਸਿਹਤ ਮਿਸ਼ਨ ਹੁਸ਼ਿਆਰਪੁਰ ਦੇ ਮਲਾਜ਼ਮਾਂ ਨੂੰ ਸੰਘਰਸ਼ ਦੌਰਾਨ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਗਿਆ। ਉਨ੍ਹਾਂ ਇਕੱਤਰ ਮੁਲਾਜ਼ਮਾਂ ਨੂੰ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਦਾ ਉਸ ਵੇਲੇ ਤੱਕ ਡੱਟ ਕੇ ਕੜਾ ਵਿਰੋਧ ਕੀਤਾ ਜਾਵੇ ਜਦ ਤੱਕ ਮੁਲਾਜਮਾਂ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਹਾਂ ਪੱਖੀ ਹੁੰਗਾਰਾ ਨਹੀਂ ਮਿਲ ਜਾਂਦਾ।
ਅੱਜ ਦੇ ਧਰਨੇ ਦੌਰਾਨ ਐਨ.ਐਚ.ਐਮ. ਮੈਨੇਜਮੈਂਟ ਯੂਨਿਟ ਦੇ ਕਰਮਚਾਰੀ, ਏ.ਐਨ.ਐਮਜ਼, ਦਫਤਰੀ ਸਟਾਫ, ਸਟਾਫ ਨਰਸਾਂ ਤੋਂ ਇਲਾਵਾ ਕੌਮੀ ਸਿਹਤ ਮਿਸ਼ਨ ਅਧੀਨ ਚਲ ਰਹੇ ਸਮੂਹ ਪ੍ਰੋਗਰਾਮ ਜਿਵੇਂ ਆਈ.ਡੀ.ਐਸ. ਪੀ, ਟੀ.ਬੀ. ਕੰਟਰੋਲ ਪ੍ਰੋਗਰਾਮ, ਆਰ.ਐਨ.ਟੀ.ਸੀ.ਪੀ. ਕੈਂਸਰ ਕੰਟਰੋਲ ਪ੍ਰੋਗਰਾਮ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਨਾਰ੍ਹੇ ਲਗਾ ਕੇ ਰੋਸ ਪ੍ਰਗਟਾਇਆ ਗਿਆ। ਐਨ.ਐਚ.ਐਮ. ਦੇ ਮੁਲਾਜ਼ਮਾਂ ਨੇ ਇੱਕ ਜੁੱਟ ਹੋ ਕੇ ਮੰਗ ਕੀਤੀ ਕਿ ਸਮੂਚੇ ਕੈਡਰ ਨੂੰ ਬਣਦਾ ਪੇ-ਸਕੇਲ ਦਿੱਤਾ ਜਾਵੇ ਅਤੇ ਕੇਂਦਰ ਸਰਕਾਰ ਦੇ ਪੈਟਰਨ ਤੇ ਮਾਸਟਰ ਸਕੇਲ ਅਨੁਸਾਰ ਤਨਖਾਹਾਂ ਅਤੇ ਭੱਤੇ ਦਿੱਤੇ ਜਾਣ। ਸਟਾਫ ਨਰਸਾਂ ਅਤੇ ਏ.ਐਨ.ਐਮਜ਼ ਨੂੰ ਫਰਵਰੀ 2014 ਵਿੱਚ ਜਾਰੀ ਹੋਏ ਨੋਟਿਫਿਕੇਸ਼ਨ ਅਨੁਸਾਰ ਤੁੰਰਤ ਪੱਕਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਧਰਨੇ ਵਿੱਚ ਅਨੁਰਾਧਾ ਠਾਕੁਰ, ਰਾਣੀ, ਰੀਨਾ ਸੰਧੂ, ਨਿਸ਼ਾ, ਗੁਰਵਿੰਦਰ ਕੌਰ, ਰਾਹੁਲ ਕੁਮਾਰ, ਸੁਮੀਤ ਸ਼ਰਮਾ, ਗਿਰੀਸ਼, ਤਰਨਜੀਤ ਸਿੰਘ, ਪਲਵਿੰਦਰ ਸਿੰਘ, ਨਵਦੀਪ ਕੌਰ, ਅਭਯ ਮੌਹਨ ਸ਼ਰਮਾ ਤੋਂ ਇਲਾਵਾ ਐਨ.ਐਚ.ਐਮ. ਯੂਨਿਅਨ ਦੇ ਸਮੂਹ ਕਰਮਚਾਰੀ ਹਾਜਿਰ ਸਨ।
Punjab Post Daily Online Newspaper & Print Media