ਅਧਿਕਾਰੀਆਂ ਨੂੰ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼

ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ‘ਸਾਂਸਦ ਆਦਰਸ਼ ਗ੍ਰਾਮ ਯੋਜਨਾ’ ਤਹਿਤ ਚੋਣ ਕੀਤੇ ਗਏ ਪਿੰਡ ਧੋਲ ਕਲਾਂ, ਬਲਾਕ ਵੇਰਕਾ ਦਾ ਦੌਰਾ ਕੀਤਾ ਗਿਆ ਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਸਬੰਧਿਤ ਅਧਿਕਾਰੀਆਂ ਨੂੰ ਮੁਸ਼ਕਿਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਸਮੂਹ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ’ ਸਾਂਸਦ ਆਦਰਸ਼ ਗ੍ਰਾਮ ਯੋਜਨਾ’ ਮਾਣਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਵਲੋਂ ਆਰੰਭ ਕੀਤੀ ਗਈ ਸਕੀਮ ਹੈ, ਜਿਸ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ, ਸਾਂਸਦ ਲੋਕ ਸਭਾ ਹਲਕਾ ਅੰਮ੍ਰਿਤਸਰ ਵਲੋਂ ਪਿੰਡ ਧੋਲ ਕਲਾਂ ਬਲਾਕ ਵੇਰਕਾ ਦੀ ਚੋਣ ਕੀਤੀ ਗਈ ਹੈ। ਇਸ ਦੇ ਮੱਦੇਨਜਰ ਵੱਖ-ਵੱਖ ਵਿਭਾਗਾਂ ਵਲੋਂ ਪਿੰਡ ਦੀ ਜਰੂਰਤਾਂ ਨੂੰ ਸਨਮੁਖ ਰਖਦੇ ਹੋਏ ਇਕ ‘ਵਿਲੇਜ ਡਿਵੈਲਪਮੈਂਟ ਪਲਾਨ’ ਤਿਆਰ ਕੀਤਾ ਜਾਣਾ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕੀ ਉਹ ਪਿੰਡ ਵਾਸੀਆਂ ਦੀ ਜਰੂਰਤਾਂ ਨੂੰ ਮੁੱਖ ਰਖਦੇ ਹੋਏ ਇਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ।
ਡਿਪਟੀ ਕਮਿਸ਼ਨਰ ਵਲੋਂ ਪਿੰਡ ਵਾਸੀਆਂ ਦੀ ਮੁਸ਼ਕਿਲਾਂ ਸੁਣੀਆਂ ਗਈਆਂ, ਪਿੰਡ ਵਾਸੀਆਂ ਵਲੋਂ ਡਿਪਟੀ ਕਮਿਸ਼ਨਰ ਦੇ ਸਾਹਮਣੇ ਬੁਢਾਪਾ, ਵਿਧਵਾ ਤੇ ਅੰਗਹੀਣਾਂ ਦੀਆਂ ਪੈਨਸ਼ਨਾਂ ਬਣਾਉਣ, ਪਿੰਡ ਦੇ ਪਾਣੀ ਦੇ ਨਿਕਾਸ ਦਾ ਪੁਖਤਾ ਹੱਲ ਕਰਨ, ਬਿਜਲੀ ਦੀ ਸਪਲਾਈ ਹੋਰ ਬਿਹਤਰ ਬਣਾਉਣ, ਪੀਣ ਲਈ ਸ਼ੁੱਧ ਪਾਣੀ, ਸਕੂਲ ਅਪਗ੍ਰੇਡ ਕਰਨ, ਸਿਹਤ ਤੇ ਪਸ਼ੂਆਂ ਲਈ ਡਿਸਪੈਸਰੀਆਂ ਖੋਲ੍ਹਣ ਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਲਾਟ ਆਦਿ ਦੇਣ ਸਬੰਧੀ ਮੁਸ਼ਕਿਲਾਂ ਰੱਖੀਆਂ ਗਈਆਂ।
ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਵਾਸਤੇ ਹੀ ਇਸ ਪਿੰਡ ਨੂੰ ‘ਸਾਂਸਦ ਆਦਰਸ਼ ਗ੍ਰਾਮ ਯੋਜਨਾ’ ਤਹਿਤ ਚੁਣਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਪਿੰਡ ਨੂੰ ਨਾ ਸਿਰਫ ਜ਼ਿਲ੍ਹੇ ਦਾ ਬਲਕਿ ਪੰਜਾਬ ਦਾ ਨੰਬਰ ਇਕ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨਾਂ ਪੈਨਸ਼ਨ ਲਗਾਉਣ ਲਈ ਸਬੰਧਿਤ ਅਧਿਕਾਰੀਆਂ ਨੂੰ 24 ਮਾਰਚ 2015 ਦਿਨ ਮੰਗਲਾਵਰ ਨੂੰ ਪਿੰਡ ਧੋਲ ਕਲਾਂ ਵਿਖੇ ਕੈਂਪ ਲਗਾਉਣ ਦੀ ਹਦਾਇਤ ਕੀਤੀ ਤੇ ਕਿਹਾ ਕਿ ਉਸ ਦਿਨ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ ਦੇਣ ਲਈ ਫਾਰਮ ਪੁਰ ਕੀਤੇ ਜਾਣ।ਉਨਾਂ ਦੱਸਿਆ ਕਿ ਆਧਾਰ ਕਾਰਡ ਬਣਾਉਣ ਲਈ ਪਿੰਡ ਵਿਚ ਮਸ਼ੀਨ ਲਗਾ ਦਿੱਤੀ ਜਾਵੇਗੀ, ਪਿੰਡ ਦੇ ਨਿਕਾਸੀ ਪਾਣੀ ਲਈ, ਬਿਜਲੀ ਦੀ ਸਪਲਾਈ ਹੋਰ ਬਿਹਤਰ ਕਰਨ ਲਈ, ਸਕੂਲ ਅਪਗ੍ਰੇਡ ਕਰਨ, ਡਿਸਪੈਸਰੀਆਂ ਖੋਲ੍ਹਣ ਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਲਾਟ ਦੇਣ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਹਰ ਮੁਸ਼ਕਿਲ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਸਾਲ 2017 ਤੋਂ ਪਹਿਲਾਂ ਇਸ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਪਿੰਡ ਵਾਸੀਆਂ ਦੀ ਮੰਗ ਪੂਰੀ ਕਰਦਿਆਂ ਹੋਇਆਂ ਪਿੰਡ ਵਿਚ ਪੰਚਾਇਤ ਘਰ ਦੀ ਉਸਾਰੀ ਸ਼ੁਰੂ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਵੀ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਬਲਦੇਵ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਐਸ.ਪੀ ਆਂਗਰਾ ਡੀ.ਡੀ.ਪੀ.ਓ, ਸ੍ਰੀ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ, ਸ੍ਰੀ ਬਾਜ਼ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਸ੍ਰੀ ਸੈਮਸਨ ਮਸੀਹ ਕੁਆਰਡੀਨੇਟ ਨਹਿਰੂ ਯੁਵਾ ਕੇਂਦਰ, ਸ੍ਰੀ ਪਵਨ ਕੁਮਾਰ ਮਲਹੋਤਰਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸ੍ਰੀ ਨਰਿੰਦਰਜੀਤ ਸਿੰਘ ਡੀ.ਐਸ.ਐਸ.ਓ, ਸ੍ਰੀ ਐਮ.ਪੀ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ, ਸ੍ਰੀਮਤੀ ਹਰਪਾਲ ਜੀਤ ਕੌਰ ਜ਼ਿਲ੍ਹਾ ਖੇਡ ਅਫ਼ਸਰ, ਡੀ.ਐਫ.ਐਸ.ਓ ਸ੍ਰੀ ਬਾਠ, ਸ੍ਰੀ ਕੰਵਰ ਸੁਖਜਿੰਦਰ ਸਿੰਘ ਏ.ਪੀ.ਓ, ਸ੍ਰੀ ਦਿਲਰਾਜ ਸਿੰਘ ਸਰਪੰਚ ਪਿੰਡ ਧੋਲ ਕਲਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।
Punjab Post Daily Online Newspaper & Print Media