Thursday, April 16, 2026

ਗੁ: ਸਾਹਿਬ ਦੇ 29ਵੇਂ ਸਥਾਪਨਾ ਦਿਵਸ ਮੌਕੇ ਡਾ. ਗੁਲਜ਼ਾਰ ਸਿੰਘ ਕੰਗ ਨੂੰ ਭਾਈ ਨੰਦ ਲਾਲ ਗੋਯਾ ਸਨਮਾਨ

PPN1903201510

ਅੰਮ੍ਰਿਤਸਰ, 19 ਮਾਰਚ (ਰੋਮਿਤ ਸ਼ਰਮਾ) – ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਦੇ 29ਵੇਂ ਸਾਲਾਨਾ ਗੁਰਮਤਿ ਸਮਾਗਮ (ਸਥਾਪਨਾ ਦਿਵਸ ਸਮਾਗਮ) ਮੌਕੇ ‘ਭਾਈ ਨੰਦ ਲਾਲ ਗੋਯਾ ਸਨਮਾਨ’ ਜੋ ਕਿ ਚਿੰਤਨ, ਸਾਹਿਤ, ਕਲਾ, ਇਤਿਹਾਸ ਤੇ ਵਿਗਿਆਨ ਆਦਿ ਖੇਤਰਾਂ ਵਿੱਚ ‘ਸ਼ਬਦ’ ਦੀ ਨੇੜਤਾ ਵਾਲੀਆਂ ਮੌਲਿਕ ਦਿਸ਼ਾਵਾਂ ਪੈਦਾ ਕਰਨ ਵੱਲ ਯਤਨਸ਼ੀਲ ਕਿਸੇ ਸਿੱਖ ਵਿਦਵਾਨ  ਨੂੰ ਪ੍ਰਦਾਨ ਕੀਤਾ ਜਾਂਦਾ ਹੈ, ਇਸ ਵਾਰ ਸ਼ਬਦ-ਸੁਰਤਿ ਦੀ ਪਰਪੱਕ ਸਿੱਖ ਚਿੰਤਨ ਪਰੰਪਰਾ ਦੇ ਨਾਮਵਰ ਚਿੰਤਕ ਡਾ. ਗੁਲਜ਼ਾਰ ਸਿੰਘ ਕੰਗ, ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਨੂੰ ਸਿੱਖ-ਚਿੰਤਨ, ਵਿਆਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਕੀਤੇ ਖੋਜ ਕਾਰਜ ਸਦਕਾ ਭੇਂਟ ਕੀਤਾ ਗਿਆ।
ਡਾ. ਗੁਲਜ਼ਾਰ ਸਿੰਘ ਕੰਗ ਨੇ ਅਕਾਦਮਿਕ ਖੋਜ ਸਿਧਾਂਤਾਂ ਦੀ ਪ੍ਰਪੱਕਤਾ ‘ਚ ਰਹਿੰਦੇ ਹੋਏ, ਤੁਲਨਾਤਮਕ ਤੇ ਵਿਸ਼ਲੇਸ਼ਣੀ ਵਿਧੀ ਨੂੰ ਰਹੱਸ ਤੇ ਅਧਿਆਤਮਿਕਤਾ ਦੇ ਸਹਿਜ ਸੁਮੇਲ ਨਾਲ ਸੰਯੋਜਿਤ ਕੀਤਾ ਹੈ। ਇਥੇ ਤੁਲਨਾਤਮਕ ਧਰਮ ਅਧਿਐਨ ਮੌਲਿਕਤਾ ਪ੍ਰਗਟਾਉਣ ਵੱਲ ਰੁਚਿਤ ਹੈ। ਵਿਸ਼ਵ ਧਰਮਾਂ ਅਤੇ ਰਹੱਸਵਾਦੀ ਚਿੰਤਨ (ਭਾਰਤੀ, ਯੂਨਾਨੀ, ਸਾਮੀ, ਚੀਨੀ ਤੇ ਪਾਰਸੀ) ਦੀਆਂ ਸ਼ਬਦ ਪਰੰਪਰਾਵਾਂ ਦੀ ਚਰਚਾ ਕਰ ਗੁਰਮਤਿ ਵਿਚ ਸ਼ਬਦ ਦੀ ਧਾਰਨਾ ਨੂੰ ਪੇਸ਼ ਕੀਤਾ ਗਿਆ ਹੈ। ਸ਼ਬਦ ਦੀ ਮਹਿਮਾ ਦਾ ਅਧਿਆਤਮਕ ਸੰਕਲਪਨਾਵਾਂ (ਗੁਰੂ, ਹੁਕਮ, ਨਾਮ) ਨਾਲ ਸੂਖਮ ਰਿਸ਼ਤਾ ਅਨੁਭਵੀ ਅਤੇ ਦਾਰਸ਼ਨਿਕ ਇਕਸੁਰਤਾ ਵਿਚ ਪ੍ਰਸਤੁਤ ਕੀਤਾ ਹੈ। ਸ਼ਬਦ ਦੀ ਸਾਧਨਾ ਦੀ ਪ੍ਰਕਿਰਤੀ, ਪਰੰਪਰਾ, ਤੱਤ, ਜੁਗਤਿ, ਸਾਧਨ ਅਤੇ ਅਵਸਥਾਵਾਂ ਦਾ ਵਿਸਥਾਰ ਪੂਰਵਕ ਅਧਿਐਨ ਕਰ ਸ਼ਬਦ ਦੇ ਅਨੁਭਵੀ ਪੱਖ ਦੀ ਪਰਾਭੌਤਿਕਤਾ ਅਤੇ ਭੌਤਿਕਤਾ ਦੇ ਫੈਲਾਅ ਉਜਾਗਰ ਕਰਨ ਲਈ ਤਤਪਰ ਹਨ।
ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਦੀਵਾਨ ਗਏ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੋਂ ਇਲਾਵਾ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ, ਸ. ਰਜਿੰਦਰ ਸਿੰਘ ਮਹਿਤਾ, ਬੀਬੀ ਕਿਰਨਜੀਤ ਕੌਰ, ਬਾਬਾ ਅਵਤਾਰ ਸਿੰਘ ਸੁਰਸਿੰਘ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਟੀ.ਐਸ. ਬੇਨੀਪਾਲ ਤੋਂ ਇਲਾਵਾ ਹੋਰ ਸਿੱਖ ਸੰਪਰਦਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਯੂਨੀਵਰਸਿਟੀ, ਪ੍ਰਸਿੱਧ ਧਾਰਮਿਕ, ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਦੇ ਅਹੁਦੇਦਾਰ ਇਸ ਮੌਕੇ ਹਾਜ਼ਰ ਸਨ। ਇਹ ਸਮਾਗਮ ਹਰ ਸਾਲ ਸਮੂਹ ਸੰਗਤ, ਯੂਨੀਵਰਸਿਟੀ ਪ੍ਰਸ਼ਾਸ਼ਨ, ਸਾਰਾ ਅਧਿਆਪਕੀ ਤੇ ਗੈਰ-ਅਧਿਆਪਕੀ ਅਮਲਾ, ਖੋਜਾਰਥੀ, ਵਿਦਿਆਰਥੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ।
ਇਸ ਮੌਕੇ ਪ੍ਰੋ. ਅਵਤਾਰ ਸਿੰਘ, ਰਾਮਗੜ੍ਹੀਆ ਕਾਲਜ ਦੇ ਵਿਚਾਰਾਂ ਤੋਂ ਇਲਾਵਾ, ਭਾਈ ਕੇਵਲ ਸਿੰਘ ਮਹਿਤਾ ਵੱਲੋਂ ਕਵੀਸ਼ਰੀ, ਭਾਈ ਗੁਰਮੀਤ ਸਿੰਘ ‘ਸ਼ਾਂਤ’, ਹਜ਼ੂਰੀ ਰਾਗੀ, ਸ੍ਰੀ ਹਰਿਮੰਦਰ ਸਾਹਿਬ ਵੱਲੋਂ ਨਿਰਧਾਰਤ ਰਾਗਾਂ ‘ਤੇ ਕੀਰਤਨ ਕੀਤਾ ਗਿਆ।ਪ੍ਰਦਰਸ਼ਨੀਆਂ ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ, ਜਿਨ੍ਹਾਂ ਵਿਚ ਨਾਦ-ਪ੍ਰਗਾਸ, ਸ੍ਰੀ ਅੰਮ੍ਰਿਤਸਰ ਵੱਲੋਂ ਵਿਸ਼ਵ ਦੇ ਚੋਣਵੇਂ ਸਾਹਿਤ ਦੀ ਪ੍ਰਦਰਸ਼ਨੀ; ਕੇਂਦਰੀ ਖ਼ਾਲਸਾ ਯਤੀਮਖ਼ਾਨਾ (ਚੀਫ਼ ਖ਼ਾਲਸਾ ਦੀਵਾਨ), ਸ੍ਰੀ ਅੰਮ੍ਰਿਤਸਰ ਵੱਲੋਂ ਆਦਿ ਕੀਰਤਨ ਪਰੰਪਰਾ ਸੰਬੰਧੀ ਤੰਤੀ ਸਾਜ਼ਾਂ ਦੀ ਪ੍ਰਦਰਸ਼ਨੀ; ਧਰਮ ਪ੍ਰਚਾਰ ਕਮੇਟੀ(ਸ਼੍ਰੋ.ਗੁ.ਪz.ਕ), ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ ਇਤਿਹਾਸ ਬਾਰੇ ਚਿੱਤਰ ਪ੍ਰਦਰਸ਼ਨੀ: ਡਾ. ਬਲਵਿੰਦਰ ਸਿੰਘ (ਪ੍ਰੋਫ਼ੈਸਰ, ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਿੱਖ-ਭਵਨ ਨਿਰਮਾਣ ਕਲਾ ਅਤੇ ਵਿਰਾਸਤ ਬਾਰੇ ਚਿੱਤਰ ਪ੍ਰਦਰਸ਼ਨੀ: ਸਰਦਾਰ ਹਰਦੀਪ ਸਿੰਘ, ਕੈਲੀਗ੍ਰਾਫ਼ਿਸਟ, ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ-ਕੈਲੀਗ੍ਰਾਫ਼ੀ ਬਾਰੇ ਪ੍ਰਦਰਸ਼ਨੀ; ਸਰਦਾਰ ਤੇਜਿੰਦਰ ਸਿੰਘ, ਸ੍ਰੀ ਅੰਮ੍ਰਿਤਸਰ ਅਕਾਲ ਗਤਕਾ ਸਟੋਰ, ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ-ਸ਼ਸਤਰ ਕਲਾ ਬਾਰੇ ਪ੍ਰਦਰਸ਼ਨੀ: ਸ. ਮਨਪ੍ਰੀਤ ਸਿੰਘ (ਖੋਜਾਰਥੀ, ਧਰਮ-ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਵੱਲੋਂ ਸਿੱਖ ਫੋਟੋਗ੍ਰਾਫ਼ੀ ਬਾਰੇ ਪ੍ਰਦਰਸ਼ਨੀ ਸ਼ਾਮਿਲ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply