Thursday, April 23, 2026

ਨਗਰ ਕੌਂਸਲ ਜੰਡਿਆਲਾ ਗੁਰੂ ਦੀ ਪ੍ਰਧਾਨ ਮਮਤਾ ਤੇ ਮੀਤ ਪ੍ਰਧਾਨ ਸੰਨੀ ਵਿਵਾਦਾਂ ਦੇ ਘੇਰੇ ‘ਚ

ਜੰਡਿਆਲਾ ਗੁਰੁ, 19 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀ ਨਗਰ ਕੌਂਸਲ ਜੰਡਿਆਲਾ ਗੁਰੂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਪ੍ਰਧਾਨ ਮਮਤਾ ਰਾਣੀ ਅਤੇ ਮੀਤ ਪ੍ਰਧਾਨ ਸੰਨੀ ਸ਼ਰਮਾ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਅੱਜ ਇਕ ਸਥਾਨਕ ਰੈਸਟੋਰੈਂਟ ਵਿੱਚ ਪਹੁੰਚੇ ਭਾਜਪਾ ਦੇ ਸੀਨੀ: ਮੀਤ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਆਪਣੇ ਅਸਤੀਫੇ ਦਿੰਦੇ ਹੋਏ, ਹਰਚਰਨ ਸਿੰਘ ਬਰਾੜ ਭਾਜਪਾ ਕੌਂਸਲਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਮੀਤ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੰਡਿਆਲਾ ਗੁਰੂ ਨਗਰ ਕੌਂਸਲ ਵਿੱਚ ਭਾਜਪਾ ਦੀ ਮੀਤ ਪ੍ਰਧਾਨਗੀ ਗਿਣੀ ਮਿਥੀ ਸਾਜਿਸ਼ ਨਾਲ ਅਕਾਲੀ ਦਲ ਦੀ ਝੋਲੀ ਪਾ ਦਿੱਤੀ ਗਈ ਹੈ।ਉਨਾਂ੍ਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਇਕ ਅਨਪੜ੍ਹ ਕੌਂਸਲਰ ਨੂੰ ਪ੍ਰਧਾਨ ਬਣਾ ਦਿੱਤਾ ਗਿਆ, ਫਿਰ ਜਦ ਮੀਤ ਪ੍ਰਧਾਨ ਬਨਣ ਦੀ ਵਾਰੀ ਆਈ ਤਾਂ ਪਹਿਲਾਂ ਹੀ ਹਲਕਾ ਵਿਧਾਇਕ ਅਤੇ ਭਾਜਪਾ ਦੇ ਕੁੱਝ ਸੀਨੀਅਰ ਆਗੂਆਂ ਦੀ ਮਿਲੀਭੁਗਤ ਨਾਲ ਇਕ ਭਾਜਪਾ ਕੌਂਸਲਰ ਵੱਲੋਂ ਹੀ ਅਕਾਲੀ ਕੌਂਸਲਰ ਸੰਨੀ ਸ਼ਰਮਾਂ ਦਾ ਨਾਂ ਪੇਸ਼ ਕੀਤਾ ਗਿਆ। ਜਿਸ ਦਾ ਸ: ਬਰਾੜ ਵੱਲੋਂ ਵਿਰੋਧ ਕੀਤਾ ਗਿਆ।ਪਰ ਹਲਕਾ ਵਿਧਾਇਕ ਨੇ ਇੱਕ ਨਾ ਸੁਣੀ ਅਤੇ ਕਿਹਾ ਕਿ ‘ਆਪਣੀ ਹਾਈ ਕਮਾਨ ਨੂੰ ਪੁੱਛੋ’।ਹਰਚਰਨ ਸਿੰਘ ਬਰਾੜ ਜੋ ਭਾਜਪਾ ਦੇ ਖਾਤੇ ਵਿੱਚ ਨਗਰ ਕੌਂਸਲ ਦੀ ਮੀਤ ਪ੍ਰਧਾਨਗੀ ਦੇ ਪੱਕੇ ਦਾਵੇਦਾਰ ਸਨ, ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਰੋਸ ਉਨਾਂ ਆਪਣੇ ਅਸਤੀਫੇ ਰਜਿੰਦਰ ਮੋਹਨ ਛੀਨਾ ਨੂੰ ਦੇ ਦਿੱਤੇ ਹਨ ਅਤੇ ਅਸਿੱਧੇ ਤੌਰ ਤੇ ਪ੍ਰਧਾਨ ਜ਼ਿਲਾ ਦਿਹਾਤੀ ਅੰਮ੍ਰਿਤਸਰ ਉਤੇ ਦੋਸ਼ਾਂ ਦੀਆਂ ਝੜੀਆਂ ਲਾਉਂਦੇ ਰਹੇ।
ਇਥੇ ਇਹ ਦੱਸਣਯੋਗ ਹੈ ਕਿ ਜੰਡਿਆਲਾ ਗੁਰੂ ਨਗਰ ਕੌਂਸਲ ਦੀ ਪ੍ਰਧਾਨਗੀ ਇਸ ਵਾਰ ਅਨਸੁਚਿਤ ਜਾਤੀ ਲਈ ਰਾਖਵੀਂ ਹੋ ਗਈ ਸੀ।ਜਿਸ ਤੋਂ ਬਾਅਦ ਅਕਾਲੀ ਦਲ ਦੇ ਤਿੰਨ ਮੁੱਖ ਦਾਅਵੇਦਾਰ ਸਾਹਮਨੇ ਆਏ ਸਨ ਜਿਨਾ੍ਹ ਵਿੱਚ ਅਵਤਾਰ ਸਿੰਘ ਕਾਲਾ, ਹਰਜਿੰਦਰ ਸਿੰਘ ਬਾਮਨ ਅਤੇ ਸ਼੍ਰੀਮਤੀ ਮਮਤਾ ਰਾਣੀ ਸ਼ਾਮਿਲ ਸਨ। ਮੀਤ ਪ੍ਰਧਾਨਗੀ ਲਈ ਸਭ ਦੀਆਂ ਨਜ਼ਰਾਂ ਭਾਜਪਾ ਆਗੂ ਅਤੇ ਤੀਸਰੀ ਵਾਰ ਕੌਂਸਲਰ ਬਣੇ ਸੀਨੀਅਰ ਭਾਜਪਾ ਆਗੂ ਹਰਚਰਨ ਸਿੰਘ ਬਰਾੜ ਉਪਰ ਸਨ।ਪਰ ਜਦ ਮੀਟਿੰਗ ਵਿੱਚ ਮੀਤ ਪ੍ਰਧਾਨਗੀ ਦੀ ਵਾਰੀ ਆਈ ਤਾਂ ਪਹਿਲੀ ਵਾਰ ਨਵੇ ਬਣੇ ਕੌਂਸਲਰ ਸੰਨੀ ਸ਼ਰਮਾਂ ਦਾ ਨਾਂ ਐਲਾਨਿਆ ਗਿਆ।
ਹਰਚਰਨ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਵਿੱਚ ਪਈ ਲੱਗਭਗ 7 ਤੋਂ 9 ਕਰੋੜ ਦੀ ਰਾਸ਼ੀ ਉਪਰ ਮਾੜੀ ਨਜ਼ਰ ਰੱਖਦੇ ਹੋਏ ਅਕਾਲੀ ਦਲ ਅਤੇ ਭਾਜਪਾ ਦੇ ਕੁੱਝ ਸੀਨੀਅਰ ਆਗੂਆਂ ਵੱਲੋਂ ਇਕ ਸਾਜਿਸ਼ ਦੇ ਤਹਿਤ ਇਕ ‘ਅਨਪੜ ਪ੍ਰਧਾਨ’ ਬਣਾ ਦਿੱਤੀ ਗਈ ਤਾਂ ਜੋ ਸੰਨੀ ਸ਼ਰਮਾਂ ਮੀਤ ਪ੍ਰਧਾਨਗੀ ਰਾਹੀਂ ਇਸ ਦਾ ਫਾਇਦਾ ਉਠਾ ਕੇ ਨਗਰ ਕੌਂਸਲ ਵਿੱਚ ਪਈ ਰੱਕਮ ਨੂੰ ਹੜੱਪ ਕਰ ਸਕਣ।ਰਜਿੰਦਰ ਮੋਹਨ ਛੀਨਾ ਨੂੰ ਅਸਤੀਫਾ ਦੇਣ ਵਾਲੇ ਭਾਜਪਾਈਆਂ ਵਿੱਚ ਹਰਚਰਨ ਸਿੰਘ ਬਰਾੜ, ਕੁੰਨਣ ਸਿੰਘ, ਭਗਵਾਨ ਦਾਸ, ਰਜਿੰਦਰ ਧੀਰ, ਕਸਤੂਰੀ ਲਾਲ ਸੇਠ, ਨਾਨਕ ਚੰਦ, ਭੁਸ਼ਨ ਅਨੰਦ, ਤੇਜ ਪਾਲ ਲਾਹੌਰੀਆ, ਸ਼ੀਲਾ ਸ਼ਰਮਾਂ, ਸੋਨੀਆ ਸ਼ਰਮਾਂ, ਅਮਰੀਕ ਕੌਰ, ਦਰਸ਼ਨ ਕੌਰ, ਡਾ: ਸੁਖਬੀਰ ਸਿੰਘ ਲਾਡੀ, ਕੁਲਜਿੰਦਰ ਪਾਲ ਸਿੰਘ ਰਾਜਾ, ਲਖਬੀਰ ਕੌਰ, ਗੁਰਦੀਪ ਸਹੋਤਾ, ਗਗਨ ਦੀਪ ਦੁਗਲ ਅਤੇ ਸਰੋਜ ਰਾਣੀ ਸ਼ਾਮਲ ਹਨ।

Check Also

ਸਾਹਿਲਦੀਪ ਨੇ ਏਸ਼ੀਆ ਪੈਸਿਫਿਕ ਡੈਫ ਜੂਡੋ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨੇ ਦਾ ਤਗਮਾ

ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ) – ਭਗਤ ਪੂਰਨ ਸਿੰਘ ਸਕੂਲ ਫਾਰ ਦ ਡੈਫ ਦਾ ਹੋਣਹਾਰ …

Leave a Reply