ਪਤਿਤਪੁਣੇ ਨੂੰ ਰੋਕਣ ਲਈ ਭਾਈ ਗੁਰਇਕਬਾਲ ਸਿੰਘ ਜੀ ਦਾ ਉਪਰਾਲਾ ਸ਼ਲਾਘਾਯੋਗ -ਸਿੰਘ ਸਾਹਿਬ

ਅੰਮ੍ਰਿਤਸਰ, 20 ਮਾਰਚ (ਪ੍ਰੀਤਮ ਸਿੰਘ) – ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿੱਤ ‘350 ਸਾਲ ਸਿੱਖੀ ਸਰੂਪ ਦੇ ਨਾਲ’ ਲਹਿਰ ਤਹਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਜੀ ਤੱਕ ਲਿਜਾਏ ਗਏ ਨਗਰ ਕੀਰਤਨ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਸਿੱਖੀ ਤੋਂ ਪਤਿਤ ਹੋ ਚੁੱਕੇ ਨੌਜਵਾਨਾਂ ਨੂੰ ਪ੍ਰੇਰਨਾ ਦੇ ਕੇ ਮੁੜ ਸਿੱਖੀ ਸਰੂਪ ਵਿੱਚ ਵਾਪਸ ਲਿਆਉਣ ਦਾ ਉਪਰਾਲਾ ਕੀਤਾ ਗਿਆ। ਨਗਰ ਕੀਰਤਨ ਦਾ ਅਯੋਜਨ ਸ਼ੌ੍ਰ. ਗੁ. ਪ੍ਰ. ਕਮੇਟੀ ਅਤੇ ਸਿੰਘ ਸਾਹਿਬ ਗਿ. ਮੱਲ ਸਿੰਘ (ਜੱਥੇ. ਤਖਤ ਸ੍ਰੀ ਕੇਸਗੜ ਸਾਹਿਬ ਜੀ) ਦੇ ਸਹਿਯੋਗ ਨਾਲ ਕੀਤਾ ਗਿਆ। ਸਿੰਘ ਸਾਹਿਬ ਗਿ. ਮੱਲ ਸਿੰਘ ਨੇ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਵੱਲੋਂ ਨਗਰ ਕੀਰਤਨ ਦੌਰਾਨ 350 ਸਾਲ ਸਿੱਖੀ ਸਰੂਪ ਦੇ ਨਾਲ ਲਹਿਰ ਦੇ ਅਧੀਨ ਪਤਿਤ ਹੋਏ ਨੌਜਵਾਨਾਂ ਨੂੰ ਮੁੜ ਸਿੱਖੀ ਸਰੂਪ ਵਿੱਚ ਲਿਆਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ ਉਹ ਸਲਾਘਾਯੋਗ ਹੈ। ਭਾਈ ਸਾਹਿਬ ਜੀ ਵੱਲੋਂ ਜੋ ਪੰਜ ਨਗਰ ਕੀਰਤਨ ਕੱਢੇ ਜਾ ਰਹੇ ਹਨ ਉਹ ਪੰਜਾਬ ਦੇ ਪਿੰਡਾਂ ਰਾਹੀਂ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜ ਰਹੇ ਹਨ। ਜਿਸ ਦਾ ਲਾਭ ਇਹ ਹੋ ਰਿਹਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਜੋ ਨੌਜਵਾਨ ਸਿੱਖੀ ਤੋਂ ਬੇਮੁੱਖ ਹੋ ਕੇ ਪਤਿਤ ਹੋ ਚੁੱਕੇ ਹਨ ਉਹ ਇਸ ਸਿੱਖੀ ਪ੍ਰਚਾਰ ਰਾਹੀਂ ਪ੍ਰੇਰਿਤ ਹੋ ਕੇ ਮੁੜ ਸਿੱਖੀ ਸਰੂਪ ਵਿੱਚ ਵਾਪਸ ਆ ਰਹੇ ਹਨ।ਸਿੱਖੀ ਸਰੂਪ ਵਿੱਚ ਵਾਪਸ ਆਉਣ ਵਾਲੇ ਸਭ ਨੌਜਵਾਨਾਂ ਨੂੰ ਸਿਰੋਪੇ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਯਾਦਗਾਰੀ ਚਿੰਨ੍ਹ ਉਹਨਾਂ ਨੌਜਵਾਨਾਂ ਨੂੰ ਹਰ ਸਮੇ ਪ੍ਰੇਰਿਤ ਕਰਦਾ ਰਹੇ।ਸਿੰਘ ਸਾਹਿਬ ਗਿ. ਗੁਰਬਚਨ ਸਿੰਘ (ਜੱਥੇ. ਸ੍ਰੀ ਅਕਾਲ ਤਖਤ ਸਾਹਿਬ ਜੀ) ਨੇ ਭਾਈ ਗੁਰਇਕਬਾਲ ਸਿੰਘ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਭਾਈ ਸਾਹਿਬ ਜੀ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਸਿੱਖੀ ਪ੍ਰਚਾਰ ਕਰ ਕੇ ਪਤਿਤਪੁਣੇ ਨੂੰ ਰੋਕਿਆ ਜਾ ਸਕੇ।
Punjab Post Daily Online Newspaper & Print Media