ਪਠਾਨਕੋਟ, 25 ਮਾਰਚ ( ਪੱਤਰ ਪ੍ਰੇਰਕ) – ਭਾਰਤ ਸਰਕਾਰ ਦੇ ਆਦੇਸ਼ਾਂ ‘ਤੇ ਸਾਲ 2011 ਵਿੱਚ ਜ਼ਿਲ੍ਹਾ ਪਠਾਨਕੋਟ ਦੇ ਪੇਂਡੂ, ਅਰਧ ਸ਼ਹਿਰੀ ਅਤੇ ਸ਼ਹਿਰੀ ਇਲਾਕਿਆਂ ਵਿੱਚ ਸਮਾਜਿਕ ਆਰਥਿਕ ਜਾਤੀ ਜਨਗਣਨਾ ਦਾ ਸਰਵੇਖਣ ਕੀਤਾ ਗਿਆ ਸੀ। ਇਸ ਜਨਗਣਨਾ ‘ਤੇ ਅਧਾਰਿਤ ਤਿਆਰ ਕੀਤੀਆਂ ਗਈਆਂ ਸੂਚੀਆਂ ‘ਤੇ ਦਾਅਵੇ ਅਤੇ ਇਤਰਾਜ ਮੰਗਣ ਹਿੱਤ ਇੱਕ ਵਿਸ਼ੇਸ਼ ਮੀਟਿੰਗ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਸੈਂਸਸਿਜ਼ ਅਫ਼ਸਰ ਦੀ ਪ੍ਰਧਾਨਗੀ ਹੇਠ ਇੱਥੇ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸਮੂਹ ਚਾਰਜ ਅਫ਼ਸਰ, ਅਤੇ ਸਮੂਹ ਬਲਾਕ ਤੇ ਪੰਚਾਇਤ ਅਫ਼ਸਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਸੈਂਸਸਿਜ਼ ਅਫ਼ਸਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਰਵੇਖਣ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 27 ਮਾਰਚ, 2015 ਨੂੰ ਪੇਂਡੂ, ਅਰਧ ਸ਼ਹਿਰੀ ਅਤੇ ਸ਼ਹਿਰੀ ਖੇਤਰ (ਨਗਰ ਨਿਗਮ) ਦੀਆਂ ਵੱਖ ਵੱਖ ਜਨਤਕ ਥਾਵਾਂ ‘ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 27 ਮਾਰਚ ਨੂੰ ਹਰ ਗ੍ਰਾਮ ਪੰਚਾਇਤ ਦੀ ਸੂਚੀ ਪਿੰਡ ਦੇ ਪੰਚਾਇਤ ਘਰ ਜਾਂ ਜੰਝਘਰ ਵਿਖੇ ਚਸਪਾ ਕੀਤੀ ਜਾਵੇਗੀ ਜਦਕਿ ਨਗਰ ਕੌਂਸਲ, ਸੁਜਾਨਪੁਰ ਦੀ ਸੂਚੀ ਨਗਰ ਕੌਂਸਲ ਦੇ ਦਫ਼ਤਰ ਵਿਖੇ ਆਮ ਲੋਕਾਂ ਦੇ ਵੇਖਣ ਲਈ ਚਸਪਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਦੀਆਂ ਸੂਚੀਆਂ ਪੁਰਾਣੇ 1 ਤੋਂ 33 ਵਾਰਡਾਂ ਅਨੁਸਾਰ ਸ਼ਹਿਰ ਦੇ ਜੋਨਾਂ ਵਿੱਚ ਚਸਪਾ ਕੀਤੀਆਂ ਜਾਣਗੀਆਂ। ਇੰਨ੍ਹਾਂ ਜੋਨਾਂ ਵਿੱਚ ਵਾਰਡ ਨੰ: 1 ਤੋਂ 11 ਤੱਕ ਦਫ਼ਤਰ ਨਗਰ ਨਿਗਮ ਪਠਾਨਕੋਟ, ਵਾਰਡ ਨੰ:12 ਤੋਂ 22 ਤੱਕ ਦਫ਼ਤਰ ਉਪ ਮੰਡਲ ਮੈਜਿਸਟਰੇਟ ਪਠਾਨਕੋਟ ਅਤੇ ਵਾਰਡ ਨੰ: 23 ਤੋਂ 33 ਤੱਕ ਤਹਿਸੀਲ ਦਫ਼ਤਰ ਪਠਾਨਕੋਟ ਵਿਖੇ ਸੂਚੀਆਂ ਆਮ ਲੋਕਾਂ ਦੇ ਵੇਖਣ ਲਈ ਚਸਪਾ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਸੂਚੀਆਂ ਪੇਂਡੂ ਖੇਤਰ ਲਈ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ, ਸਬੰਧਤ ਉਪ ਮੰਡਲ ਮੈਜਿਸਟਰੇਟ, ਸਬੰਧਤ ਚਾਰਜ ਅਫ਼ਸਰ(ਤਹਿਸੀਲਦਾਰ ਪਠਾਨਕੋਟ ਤੇ ਧਾਰਕਲਾਂ, ਕਮਿਸ਼ਨਰ ਨਗਰ ਨਿਗਮ, ਕਾਰਜ ਸਾਧਕ ਅਫ਼ਸਰ ਸੁਜਾਨਪੁਰ) ਅਤੇ ਦਫ਼ਤਰ ਡਿਪਟੀ ਕਮਿਸ਼ਨਰ, ਪਠਾਨਕੋਟ ਪਾਸ ਵੀ ਉਪਲਬੱਧ ਰਹਿਣਗੀਆਂ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਸੈਂਸਸਿਜ਼ ਅਫ਼ਸਰ ਨੇ ਕਿਹਾ ਕਿ ਕੋਈ ਵੀ ਵਿਅਕਤੀ 27 ਅਪ੍ਰੈਲ, 2015 ਤੱਕ ਆਪਣੇ ਦਾਅਵੇ/ਇਤਰਾਜ ਪਿੰਡਾਂ ਲਈ ਆਪਣੇ ਸਬੰਧਤ ਪੰਚਾਇਤ ਸਕੱਤਰ ਜਾਂ ਸੁਪਰਡੰਟ ਦਫ਼ਤਰ ਬੀ.ਡੀ.ਪੀ.ਓ., ਨਗਰ ਕੌਂਸਲ ਸੁਜਾਨਪੁਰ ਲਈ ਸਬੰਧਤ ਵਾਰਡ ਦੇ ਸੈਨੀਟੇਰੀ ਇੰਸਪੈਕਟਰ ਜਾਂ ਕਾਰਜ ਸਾਧਕ ਅਫ਼ਸਰ ਅਤੇ ਨਗਰ ਨਿਗਮ ਲਈ ਸਬੰਧਤ ਵਾਰਡ ਦੇ ਸੈਨੀਟੇਰੀ ਇੰਸਪੈਕਟਰ ਨੂੰ ਨਿਰਧਾਰਿਤ ਫਾਰਮ ਵਿੱਚ ਦੇ ਸਕਦੇ ਹਨ। ਇੰਨ੍ਹਾਂ ਦਾਅਵੇ/ਇਤਰਾਜਾਂ ਦਾ ਨਿਪਟਾਰਾ 19 ਮਈ, 2015 ਤੱਕ ਪੇਂਡੂ ਖੇਤਰ ਅਤੇ ਨਗਰ ਕੌਂਸਲ ਸੁਜਾਨਪੁਰ ਲਈ ਸਬੰਧਤ ਉੱਪ ਮੰਡਲ ਮੈਜਿਸਟ੍ਰੇਟ ਅਤੇ ਨਗਰ ਨਿਗਮ ਪਠਾਨਕੋਟ ਲਈ ਸੰਯੁਕਤ ਕਮਿਸ਼ਨਰ/ਵਧੀਕ ਕਮਿਸ਼ਨਰ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਫੈਸਲਿਆਂ ਵਿਰੁੱਧ ਅਗਰ ਕੋਈ ਅਪੀਲ ਕਰਨਾ ਚਾਹੇ ਤਾਂ ਉਹ ਪੇਂਡੂ ਖੇਤਰ ਅਤੇ ਨਗਰ ਕੌਂਸਲ ਸੁਜਾਨਪੁਰ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਨਗਰ ਨਿਗਮ ਲਈ ਕਮਿਸ਼ਨਰ, ਨਗਰ ਨਿਗਮ ਪਠਾਨਕੋਟ ਕੋਲ 27 ਮਈ, 2015 ਤੱਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਪੀਲ ਦਾ ਨਿਪਟਾਰਾ ਸਮਰਥ ਅਧਿਕਾਰੀ ਵੱਲੋਂ 16 ਜੂਨ, 2015 ਤੱਕ ਕਰ ਦਿੱਤਾ ਜਾਵੇਗਾ ਅਤੇ ਅਖੀਰ ਵਿੱਚ ਇਨ੍ਹਾਂ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ 18 ਜੂਨ, 2015 ਤੱਕ ਕਰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਸੈਂਸਸਿਜ਼ ਅਫ਼ਸਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ ਵੱਖ ਕੰਮਾਂ ਲਈ ਨਿਯੁਕਤ ਕੀਤੇ ਗਏ ਅਧਿਕਾਰੀਆਂ/ਕਰਮਚਾਰੀਆਂ ਨੂੰ ਸਹਿਯੋਗ ਦੇਣ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media