ਫਾਜ਼ਿਲਕਾ, 28 ਮਾਰਚ (ਵਨੀਤ ਅਰੋੜਾ) – ਖੇਤੀਬਾੜੀ ਵਿਭਾਗ ਵੱਲੋਂ ਨਵੀਂ ਦਾਣਾ ਮੰਡੀ ਵਿਖੇ ਸਾਉਣੀ 2015 ਦੀਆਂ ਫਸਲਾਂ, ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਆਤਮਾ ਸਕੀਮ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਪੂਰਵਕ ਨਵੀਨਤਮ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਜਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਜਿਲ੍ਹੇ ਭਰ ਦੇ ਕਿਸਾਨਾ ਨੇ ਭਾਗ ਲਿਆ ।
ਸ. ਚਰਨਦੇਵ ਸਿੰਘ ਮਾਨ ਡਿਪਟੀ ਕਮਿਸ਼ਨਰ ਫਾਜਿਲਕਾ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਆਏ ਹੋਏ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ ਵੱਲੋਂ ਸਿਫਾਰਿਸ਼ ਕੀਤੀਆਂ ਸਕੀਮਾਂ ਦੀ ਹੀ ਕਾਸ਼ਤ ਕੀਤੀ ਜਾਵੇ । ਉਨ੍ਹਾ ਕਿਹਾ ਕਿ ਕੀੜੇਮਾਰ ਜਹਿਰਾਂ ਦੀ ਵਰਤੋਂ ਵੀ ਮਾਹਿਰਾਂ ਦੀ ਸਲਾਹ ਮੁਤਾਬਿਕ ਕਰਨ ਅਤੇ ਮਹਿਕਮੇ ਵੱਲੋਂ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਪਾਂ ਵਿਚ ਵੱਧ ਚੜ ਕੇ ਹਿੱਸਾ ਲੈਣ । ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਗੁਰਤੇਜ ਸਿੰਘ ਘੁੜਿਆਣਾ ਐਮ.ਐਲ.ਏ . ਬੱਲੂਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਜਿਲ੍ਹਾ ਪੱਧਰ ਤੇ ਲਗਾਏ ਜਾ ਰਹੇ ਕਿਸਾਨ ਮੇਲੇ ਕਿਸਾਨਾਂ ਨੂੰ ਖੇਤੀ ਸਬੰਧੀ ਨਵੀਆਂ ਤਕਨੀਕਾਂ ਅਤੇ ਨਵੀਆਂ ਖੋਜਾਂ ਬਾਰੇ ਵੱਡਮੁੱਲੀ ਜਾਣਕਾਰੀ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਵਿਗਿਆਣੀਆਂ ਤੋਂ ਸੇਧ ਲੈ ਕੇ ਫਸਲਾਂ ਦੇ ਮੰਡੀਕਰਨ, ਖੇਤੀ ਵਿਭਿਨਤਾ ਅਤੇ ਖੇਤੀ ਅਧਾਰਿਤ ਸਹਾਇਕ ਧੰਦੇ ਅਪਨਾ ਕੇ ਆਪਣਾ ਆਰਥਿਕ ਪੱਧਰ ਉੱਚਾ ਚੁਕਣਾ ਚਾਹੀਦਾ ਹੈ।ਉਨ੍ਹਾਂ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ, ਕੀਟਨਾਂਸ਼ਕਾਂ ਦੀ ਘੱਟ ਵਰਤੋ ਕਰਨ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਦੀ ਵੀ ਅਪੀਲ ਕੀਤੀ ।
ਡਾ. ਮੰਗਲ ਸਿੰਘ ਸੰਧੂ ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਕੈਂਪ ਦੀ ਪ੍ਰਧਾਨਗੀ ਕੀਤੀ ਅਤੇ ਉਨ੍ਹਾਂ ਨੇ ਕਿਸਾਨਾ ਨੂੰ ਸੰਬੋਧਨ ਕਰਦਿਆਂ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਸਬੰਧੀ ਲੋੜੀਂਦੀ ਖੇਤੀ ਸਮੱਗਰੀ ਦੇ ਪ੍ਰਬੰਧਾਂ ਅਤੇ ਖੇਤੀਬਾੜੀ ਵਿਕਾਸ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
ਡਾ. ਪਰਮਜੀਤ ਸਿੰਘ ਸੰਧੂ ਮੁੱਖ ਖੇਤੀਬਾੜੀ ਅਫਸਰ, ਫਾਜਿਲਕਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਜਿਲ੍ਹਾ ਫਾਜਿਲਕਾ ਵਿਚ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਸਾਉਣੀ 2015 ਦੋਰਾਨ ਵੱਖ ਵੱਖ ਫਸਲਾਂ ਲਈ ਲੋੜੀਂਦੀ ਯੂਰੀਆ ਅਤੇ ਡੀ.ਏ.ਪੀ. ਸਮੇਂ ਸਿਰ ਸਪਲਾਈ ਲਈ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ।ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਸਾਉਣੀ ਸੀਜਨ ਦੋਰਾਨ ਕਿਸਾਨਾਂ ਨੂੰ ਕਿਸੇ ਵੀ ਖਾਦ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਸਮੱਗਰੀ ਖਰੀਦ ਕਰਨ ਤੋਂ ਪਹਿਲਾਂ ਵਿਭਾਗ ਦੀ ਸਲਾਹ ਲੈਣ ਲਈ ਕਿਹਾ ਅਤੇ ਸਬੰਧਤ ਡੀਲਰ ਤੋਂ ਬਿੱਲ ਲੈਣ ਲਈ ਵੀ ਕਿਹਾ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰੀ ਕੈਂਪ ਤੋਂ ਬਾਅਦ ਸਮੇਂ ਸਮੇਂ ਤੇ ਬਲਾਕ ਪੱਧਰ ਤੇ ਅਤੇ ਪਿੰਡ ਪੱਧਰ ਦੇ ਕੈਂਪ ਵੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਲਗਾਏ ਜਾਣਗੇ ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਈ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਵਿਸ਼ਿਆਂ ਅਤੇ ਫਸਲਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਸਾਨਾ ਵੱਲੋਂ ਖੇਤੀ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ।
ਸਟੇਜ ਦਾ ਸੰਚਾਲਨ ਸ਼੍ਰੀ ਭੁਪਿੰਦਰ ਕੁਮਾਰ ਖੇਤਬਾੜੀ ਵਿਕਾਸ ਅਫਸਰ ਅਬੋਹਰ ਵੱਲੋਂ ਬਾਖੂਬੀ ਕੀਤਾ ਗਿਆ । ਅੰਤ ਵਿਚ ਡਾ. ਪਰਮਜੀਤ ਸਿੰਘ ਸੰਧੂ ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਵੱਲੋਂ ਮੁੱਖ ਮਹਿਮਾਨ ਸ. ਗੁਰਤੇਜ ਸਿੰਘ ਘੁੜਿਆਣਾ ਐਮ.ਐਲ.ਏ. ਬੱਲੂਆਣਾ, ਸ. ਚਰਨਦੇਵ ਸਿੰਘ ਮਾਨ ਡਿਪਟੀ ਕਮਿਸ਼ਨਰ ਫਾਜਿਲਕਾ, ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਯੂਨੀਵਰਸਿਟੀ ਦੇ ਆਏ ਹੋਏ ਮਾਹਿਰਾਂ ਦਾ ਧੰਨਵਾਦ ਕੀਤਾ । ਉਨ੍ਹਾਂ ਕਿਸਾਨਾ ਤੋਂ ਉਮੀਦ ਕੀਤੀ ਕਿ ਉਹ ਮਾਹਿਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਦਾ ਭਰਪੂਰ ਫਾਇਦਾ ਉਠਾਉਣਗੇ ਅਤੇ ਇਸ ਦੇ ਨਾਲ ਨਾਲ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਕੈਪਾਂ ਵਿਚ ਵੱਧ ਚੜ ਕੇ ਹਿੱਸਾ ਲੈਣਗੇ। ਇਸ ਮੋਕੇ ਐਸ.ਡੀ.ਐਮ. ਫਾਜਿਲਕਾ ਸ਼੍ਰੀ ਸੁਭਾਸ਼ ਖਟਕ, ਸ.ਪਰਮਿੰਦਰ ਸਿੰਘ ਧੰਜੂ ਏ.ਡੀ.ਓ. ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ, ਪੰਚ, ਸਰਪੰਚ ਤੇ ਕਿਸਾਨ ਵੀ ਹਾਜਰ ਸਨ ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …