ਮਰਾਠਾ ਤੇ ਪੰਜਾਬੀ ਸੱਭਿਆਚਾਰਾਂ ਦੀ ਝਲਕ ਪੇਸ਼ ਕਰੇਗਾ ਸੰਮੇਲਨ
ਬਟਾਲਾ, 1 ਅਪ੍ਰੈਲ (ਨਰਿੰਦਰ ਬਰਨਾਲ ) – 88ਵੇਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਲਈ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਤਪੋ-ਭੂਮੀ ਘੁਮਾਣ ਮਹਾਂਰਾਸ਼ਟਰ ਤੋਂ ਆਉਣ ਵਾਲੇ ਮਹਿਮਾਨਾਂ ਨੂੰ ਖੁਸ਼ਾਮਦੀਦ ਕਹਿਣ ਲਈ ਪੂਰੀ ਤਰਾਂ ਤਿਆਰ ਹੈ। 3 ਅਪ੍ਰੈਲ ਨੂੰ ਘੁਮਾਣ ਵਿਖੇ ਮਰਾਠੀ ਸਮਾਜ ਦਾ ਸਾਹਿਤ ਸੰਮੇਲਨ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਉੱਪਰ ਪੂਰੇ ਦੇਸ਼ ਦੀਆਂ ਨਜ਼ਰਾਂ ਹਨ। ਮਰਾਠਾ ਸਮਾਜ ਦੀ ਭਗਤ ਨਾਮਦੇਵ ਜੀ ਅਤੇ ਪਿੰਡ ਘੁਮਾਣ ਪ੍ਰਤੀ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਹ ਮਰਾਠੀ ਸੰਮੇਲਨ ਸਰਕਾਰੀ ਤੌਰ ‘ਤੇ ਕਰਾਇਆ ਜਾ ਰਿਹਾ ਹੈ। ਮਰਾਠੀ ਸੰਮੇਲਨ ਵਿੱਚ ਮਹਾਂਰਸ਼ਟਰ ਤੋਂ ਕਰੀਬ 6 ਹਜਾਰ ਤੋਂ ਵੱਧ ਮਰਾਠਾ ਸਮਾਜ ਦੇ ਲੋਕ ਪਹੁੰਚ ਰਹੇ ਹਨ ਜਿਨ੍ਹਾਂ ਨੂੰ ਲਿਆਉਣ-ਜਾਣ ਦੇ ਪ੍ਰਬੰਧ ਤੋਂ ਇਲਾਵਾ ਉਨ੍ਹਾਂ ਦੇ ਠਹਿਰਨ ਤੇ ਖਾਣੇ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।
3 ਅਪ੍ਰੈਲ ਨੂੰ ਘੁਮਾਣ ਸਟੇਡੀਅਮ ਵਿਖੇ ਠੀਕ ਸਵੇਰੇ 9 ਵਜੇ ਅਖਿਲ ਭਾਰਤੀ ਮਰਾਠੀ ਸਾਹਿਤ ਮਹਾਂਮੰਡਲ ਦੀ ਪ੍ਰਧਾਨ ਡਾ. ਮਾਧਵੀ ਵੈਧਯਾ ਸਮਾਗਮ ਦੀ ਫਲੈਗ ਹੋਸਟਿੰਗ ਕਰਨਗੇ। 10 ਵਜੇ ਸਵੇਰੇ ਗ੍ਰੰਥ ਦਾਂਡੀ ਸ਼ੁਰੂ ਹੋਵੇਗੀ ਜਿਸ ਵਿੱਚ ਪੰਜਾਬ ਸਾਹਿਤ ਦੇ ਪ੍ਰਮੁੱਖ ਸ਼ਾਇਰ ਪਦਮ ਸ੍ਰੀ ਸੁਰਜੀਤ ਪਾਤਰ ਭਾਗ ਲੈਣਗੇ। ਇਸ ਤੋਂ ਬਾਅਦ 2:30 ‘ਤੇ ਪੁਸ਼ਤਕ ਪ੍ਰਦਰਸ਼ਨੀ ਦਾ ਉਦਘਾਟਨ ਐੱਫ.ਐੱਮ. ਸ਼ਿੰਦੇ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਕੀਤਾ ਜਾਵੇਗਾ।
ਮਰਾਠੀ ਸਾਹਿਤ ਸੰਮੇਲਨ ਦਾ ਮੁੱਖ ਉਦਘਾਟਨ ਸ਼ਾਮ 4 ਵਜੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ, ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਕੀਤਾ ਜਾਵੇਗਾ ਅਤੇ ਇਸ ਸਾਮਗਮ ਵਿੱਚ ਪੰਜਾਬੀ ਸਾਹਿਤ ਦੇ ਉੱਘੇ ਲੇਖਕ ਗੁਰਦਿਆਲ ਸਿੰਘ, ਡਾ. ਸਦਾਨੰਦ ਮੋਰੇ, ਐੱਫ.ਐੱਮ. ਸ਼ਿੰਦੇ, ਸਾਬਕਾ ਕੇਂਦਰੀ ਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ, ਸ਼ਰਧ ਪੁਆਰ ਵੀ ਵਿਸ਼ੇਸ਼ ਤੌਰ ‘ਤੇ ਭਾਗ ਲੈਣਗੇ। ਸ਼ਾਮ 6:30 ਵਜੇ ਸੈਮੀਨਾਰ ਹੋਵੇਗਾ ਅਤੇ ਸ਼ਾਮ 7 ਵਜੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਭਗਤ ਨਾਮਦੇਵ ਜੀ ਦੀ ਤਪੋਭੂਮੀ ਘੁਮਾਣ ਵਿਖੇ ਭਗਤ ਨਾਮਦੇਵ ਡਿਗਰੀ ਕਾਲਜ ਦਾ ਨੀਂਹ ਪੱਥਰ ਵੀ ਰੱਖਣਗੇ ਅਤੇ ਘੁਮਾਣ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਦਾ ਐਲਾਨ ਕਰਨਗੇ।
ਮਰਾਠੀ ਸੰਮੇਲਨ ਦੇ ਦੂਸਰੇ ਦਿਨ 9:30 ‘ਤੇ ਪਾਕਿਸਤਾਨੀ ਕਵੀਤਰੀ ਸਲੀਮਾ ਹਾਸ਼ਮੀ, ਹਿੰਦ ਸਮਾਚਾਰ ਗਰੁੱਪ ਦੇ ਸੰਪਾਦਕ ਸ੍ਰੀ ਵਿਜੇ ਚੋਪੜਾ ਵੱਲੋਂ ਵੀ ਸ਼ਿਰਕਤ ਕੀਤੀ ਜਾਵੇਗੀ। ਇਸ ਤੋਂ ਬਾਅਦ 11 ਵਜੇ ਮਰਾਠੀ ਸਾਹਿਤ ਦੇ ਵੱਖ-ਵੱਖ ਪਹਿਲੂਆਂ ‘ਤੇ ਸੈਮੀਨਾਰ ਹੋਵੇਗਾ, ਜਿਸ ਵਿੱਚ ਉਘੇ ਮਰਾਠੀ ਸਾਹਿਤਕਾਰ ਭਾਗ ਲੈਣਗੇ। 2:30 ‘ਤੇ ਭਾਰਤੀ ਭਾਸ਼ਾਵਾਂ ਦੇ ਅਨੁਵਾਦ ਅਤੇ ਲੇਖਣੀ ਬਾਰੇ ਸੈਮੀਨਾਰ ਹੋਵੇਗਾ। 2 ਵਜੇ ਕਵਿਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਗੋਸ਼ਟੀ ਕੀਤੀ ਜਾਵੇਗੀ। 4 ਅਪ੍ਰੈਲ ਨੂੰ ਅਖੀਰ ਵਿੱਚ ਮਹਾਂਰਸ਼ਟਰਾ ਦਾ ਲੋਕ ਨਾਚ ਰਾਂਗੜਾ ਅਤੇ ਪੰਜਾਬੀ ਲੋਕ ਨਾਲ ਭੰਗੜਾ ਪੇਸ਼ ਕੀਤਾ ਜਾਵੇਗਾ।
ਮਰਾਠੀ ਸਾਹਿਤ ਸੰਮੇਲਨ ਦੇ ਆਖਰੀ ਦਿਨ ਸਵੇਰੇ 11 ਵਜੇ ਪਦਮ ਸ੍ਰੀ ਡਾ. ਗਣੇਸ਼ ਦੇਵੀ ਦੀ ਇੰਟਰਵਿਊ ਹੋਵੇਗੀ, ਅਤੇ ਇਸ ਤੋਂ ਸਾਹਿਤ ਦੇ ਵੱਖ-ਵੱਖ ਪਹਿਲੂ ਬਾਰੇ ਵਿਚਾਰ ਗੋਸ਼ਟੀ ਹੋਵੇਗੀ। ਬਾਅਦ ਦੁਪਹਿਰ 2:30 ਵਜੇ ਮਰਾਠੀ ਕਵੀ ਸਮੰੇਲਨ ਹੋਵੇਗਾ। ਮਰਾਠੀ ਸੰੰੇਲਨ ਦਾ ਸਮਾਪਤੀ ਸਮਾਰੋਹ ਸ਼ਾਮ 4:30 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਮਹਾਂਰਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ, ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਮਹਾਂਰਾਸ਼ਟਰ ਦੇ ਸਿੱਖਿਆ ਮੰਤਰੀ ਵਿਨੋਦ ਤਾਵੜੇ, ਸੰਮੇਲਨ ਦੇ ਪ੍ਰਧਾਨ ਡਾ. ਸਦਾਨੰਦ ਮੋਰੇ, ਪ੍ਰੋ. zਹਿਮਾਨ ਰਾਹੀ ਗਿਆਨਪੀਠ ਅਵਾਰਡ ਜੇਤੂ ਅਤੇ ਨਵਾਂ ਜਮਾਨਾਂ ਦੇ ਕਾਰਜਕਾਰੀ ਸੰਪਾਦਕ ਜਤਿੰਦਰ ਪੰਨੂੰ ਭਾਗ ਲੈਣਗੇ।
ਇਹ ਸਮਾਗਮ ਪੰਜਾਬ ਅਤੇ ਮਹਾਂਰਾਸ਼ਟਰ ਦੇ ਲੋਕਾਂ ਸਮੇਤ ਪੂਰੇ ਦੇਸ਼ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਪੰਜਾਬ ਨੂੰ ਇਸ ਗੱਲ ‘ਤੇ ਮਾਣ ਹੈ ਕਿ ਉਹ ਮਰਾਠਾ ਸਮਾਜ ਦੇ ਇੱਕ ਬਹੁਤ ਵੱਡੇ ਸਮਾਗਮ ਦੀ ਮਹਿਮਾਨ ਨਿਵਾਜੀ ਕਰਨ ਜਾ ਰਿਹਾ ਹੈ। ਸਮਾਗਮ ਦੌਰਾਨ ਦੋਵਾਂ ਰਾਜਾਂ ਦੇ ਸੱਭਿਆਚਾਰਾਂ ਦੀ ਝਲਕ ਦੇਖਣ ਨੂੰ ਮਿਲੇਗੀ ਅਤੇ ਸਥਾਨਕ ਲੋਕਾਂ ਵਿੱਚ ਵੀ ਇਸ ਸੰਮੇਲਨ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਇਸ ਸੰਮੇਲਨ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਨੁਮਾਇਸ਼ ਕਰਨ ਲਈ ਵਿਸ਼ੇਸ਼ ਸਟਾਲ ਲਗਾਏ ਜਾਣਗੇ। ਭਗਤ ਨਾਮਦੇਵ ਦੀ ਧਰਤੀ ਘੁਮਾਣ ਮਰਾਠੀ ਸੰਮੇਲਨ ਨੂੰ ਕਰਾਉਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਪੰਜਾਬ ਵਿੱਚ ਹੋ ਰਿਹਾ ਇਹ ਮਰਾਠੀ ਸੰਮੇਲਨ ਪੂਰੀ ਤਰਾਂ ਕਾਮਯਾਬ ਤੇ ਯਾਦਗਾਰ ਹੋਵੇਗਾ।