Tuesday, November 24, 2026

ਡੀ.ਡੀ.ਏ ਦੀ ਕਾਰਵਾਈ ਦੌਰਾਨ ਸਿੱਖ ਪਰਿਵਾਰਾਂ ਨਾਲ ਹੋਏ ਧੱਕੇ ਦੇ ਖਿਲਾਫ ਦਿੱਲੀ ਕਮੇਟੀ ਹੋਈ ਸਰਗਰਮ

PPN0604201504

ਨਵੀਂ ਦਿੱਲੀ, 6 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) –  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਦਿੱਲੀ ਡਵੈਲਪਮੈਂਟ ਅਥਾਰਟੀ (ਡੀ.ਡੀ.ਏ) ਵੱਲੋਂ ਸਿੱਖ ਪਰਿਵਾਰਾਂ ਦੇ ਭਗਤ ਸਿੰਘ ਪਾਰਕ ਵਿਖੇ ਮਕਾਨਾਂ ਨੂੰ ਢਾਉਣ ਵੇਲ੍ਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਯਾਦਾ ਦੇ ਖੰਡਿਤ ਹੋਣ ਦਾ ਖਦਸ਼ਾ ਜਤਾਇਆ ਹੈ। ਜੀ.ਟੀ ਕਰਨਾਲ ਰੋਡ ਤੇ ਸਿਰਸਪੁੁਰ ਨੇੜੇ ਭਗਤ ਸਿੰਘ ਪਾਰਕ ‘ਚ ਰਹਿੰਦੇ 22 ਸਿੱਖ ਪਰਿਵਾਰਾਂ ਦੇ ਘਰਾਂ ਨੂੰ ਡੀ.ਡੀ.ਏ ਵੱਲੋਂ ਬਿਨਾ ਨੋਟਿਸ ਢਾਉਣ ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਜੀ.ਕੇ ਨੇ ਡੀ.ਡੀ.ਏ. ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਹੈ।30-35 ਸਾਲਾਂ ਤੋਂ ਉਕਤ ਕਲੌਨੀ ‘ਚ ਰਹਿਣ ਦਾ ਦਾਅਵਾ ਕਰਨ ਵਾਲੀ ਬੀਬੀ ਮਨਜੀਤ ਕੌਰ ਦੀ ਅਗਵਾਈ ਹੇਠ ਕਮੇਟੀ ਦਫਤਰ ਸ਼ਿਕਾਇਤ ਕਰਨ ਆਏ ਇਨ੍ਹਾਂ ਪਰਿਵਾਰਾਂ ਦੇ ਵਫਦ ਨੇ ਡੀ.ਡੀ.ਏ ਦੀ ਇਸ ਕਾਰਵਾਈ ਦੌਰਾਨ ਅਮਰੀਕ ਸਿੰਘ ਦੇ ਗ੍ਰਹਿ ‘ਚ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਯਾਦਾ ਭੰਗ ਹੋਣ ਤੇ ਡੀ.ਡੀ.ਏ ਦੇ ਅਧਿਕਾਰੀਆਂ ਵੱਲੋਂ ਇਸ ਮਸਲੇ ਤੇ ਧਿਆਨ ਨਾ ਦੇਣ ਅਤੇ ਜ਼ਰੂਰੀ ਸਮਾਨ ਕੱਢਣ ਦੇਣ ਦਾ ਸਮਾਂ ਨਾ ਦੇਣ ਦਾ ਵੀ ਦੋਸ਼ ਲਗਾਇਆ।
ਵਫਦ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਨਣ ਤੋਂ ਬਾਅਦ ਜੀ.ਕੇ ਨੇ ਕਮੇਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਮਸਲੇ ‘ਤੇ ਪ੍ਰਧਾਨ ਮੰਤਰੀ, ਦਿੱਲੀ ਦੇ ਉਪਰਾਜਪਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਾਉਣ ਦੇ ਵੀ ਆਦੇਸ਼ ਦਿੱਤੇ। ਜੀ.ਕੇ ਨੇ ਕਿਹਾ ਕਿ ਡੀ.ਡੀ.ਏ ਵੱਲੋਂ ਆਪਣੀ ਜ਼ਮੀਨ ਦੇ ਮਾਲਿਕ ਲੋਕਾਂ ਨੂੰ ਬਿਨਾ ਨੋਟਿਸ ਦਿੱਤੇ ਜ਼ਮੀਨ ਤੋਂ ਬੇਦਖਲ ਕਰਨ ਦਾ ਕੋਈ ਹੱਕ ਨਹੀਂ ਹੈ ਤੇ ਕਮੇਟੀ ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਪੂਰਾ ਸਹਿਯੋਗ ਕਰੇਗੀ।ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਦੀਪ ਸਿੰਘ ਕਰੋਲ ਬਾਗ, ਜਤਿੰਦਰ ਪਾਲ ਸਿੰਘ ਗੋਲਡੀ, ਅਤੇ ਵਫਦ ਦੇ ਮੈਂਬਰ ਬੀਬੀ ਰਣਜੀਤ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਪਰਮਜੀਤ ਕੌਰ ਸਣੇ ਕਈ ਪੀੜਤ ਪਰਿਵਾਰਾਂ ਦੇ ਨੁਮਾਇੰਦੇ ਮੌਜੂਦ ਸਨ।

Check Also

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …

Leave a Reply