ਨਸ਼ਿਆਂ ਵਿਰੁੱਧ ਮਾਰਚ 7 ਅਪ੍ਰੈਲ ਨੂੰ, ਨੌਜਵਾਨ ਨਸ਼ਿਆਂ ਵਿਰੁੱਧ ਚੁੱਕਣਗੇ ਸਹੁੰੰ -ਵਿਨੀਤ ਜੋਸ਼ੀ

ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਰੱਖਣ ਲਈ ਚੰਡੀਗੜ੍ਹ ਦੀ ਜੋਸ਼ੀ ਫਾਊਂਡੇਸ਼ਨ ਵਲੋਂ ਸ਼ੁਰੂ ਕੀਤੀ ਗਈ ‘ਕਵਿਟ ਐਂਡ ਕਿੱਕ’ ਡਰੱਗ ਮੁਹਿੰਮ 7 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਵਿੱਚ ਪਹੁੰਚੇਗੀ, ਜਿੱਥੋਂ ਨਸ਼ਿਆਂ ਵਿਰੁੱਧ ਇਕ ਰੈਲੀ ਦਾ ਆਗਾਜ਼ ਹੋਵੇਗਾ ਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲੜਣ ਲਈ ਸਹੁੰ ਚੁਕਾਈ ਜਾਵੇਗੀ। ਸਵੇਰੇ 10.30 ਵਜੇ ਇਹ ਮਾਰਚ ਟਾਉਨ ਹਾਲ ਵਿਚ ਸ਼ਹੀਦ ਮਦਨ ਲਾਲ ਢੀਂਗਰਾ ਦੀ ਪ੍ਰਤਿਮਾ ਤੋਂ ਸ਼ੁਰੂ ਹੋਵੇਗਾ ਅਤੇ ਜਲਿਆਂਵਾਲਾ ਬਾਗ ਵਿਚ ਸਹੂੰ ਚੁੱਕਣ ਦੇ ਨਾਲ ਇਸਦਾ ਸਮਾਪਨ ਹੋਵੇਗਾ।
ਅੱਜ ਇਸ ਗੱਲ ਦਾ ਐਲਾਨ ਕਰਦੇ ਹੋਏ ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਸ਼੍ਰੀ ਵਿਨੀਤ ਜੋਸ਼ੀ ਨੇ ਕਿਹਾ ਕਿ ਇਹ ਪ੍ਰੋਗਰਾਮ ਜੋਸ਼ੀ ਫਾਊਂਡੇਸ਼ਨ ਵਲੋਂ ਸਮਾਜ ਦੇ ਨਾਲ ਮਿਲਕੇ ਚਲਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਡਾ. ਬਲਦੇਵ ਰਾਜ ਚਾਵਲਾ, ਜਨਾਰਧਨ ਸ਼ਰਮਾ, ਸਹਿ-ਸੰਯੋਜਕ ਮੀਡੀਆ, ਭਾਜਪਾ ਯੂਵਾ ਮੋਰਚਾ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਰਾਜੇਸ਼ ਹਨੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ, ਸਾਬਕਾ ਮੰਤਰੀ ਤੇ ਐੱਮ. ਐੱਲ. ਏ. ਮਨੋਰੰਜਨ ਕਾਲੀਆ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ, ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ, ਸਾਬਕਾ ਮੀਤ ਪ੍ਰਧਾਨ ਡਾ. ਬਲਦੇਵ ਚਾਵਲਾ, ਸਾਈਂ ਯੂਨੀਵਰਸਿਟੀ ਦੇ ਚਾਂਸਲਰ ਐਸ.ਕੇ.ਪੁੰਜ, ਡੀ.ਏ.ਵੀ. ਮੈਨੇਜਮੈਂਟ ਦੇ ਰਾਸ਼ਟਰੀ ਮੰਤਰੀ ਬਾਲ ਕ੍ਰਿਸ਼ਨ ਮਿੱਤਲ, ਮੇਅਰ ਬਖਸ਼ੀ ਰਾਮ ਅਰੋੜਾ, ਸੂਬਾ ਮੀਤ ਪ੍ਰੀਤ ਪ੍ਰਧਾਨ ਰਾਜਿੰਦਰ ਮੋਹਨ ਛੀਨਾ, ਨਗਰ ਨਿਗਮ ਦੇ ਕੌਂਸਲਰ ਰਾਜੇਸ਼ ਹਨੀ ਤੇ ਅੰਮ੍ਰਿਤਸਰ ਦੇ ਹਜ਼ਾਰਾਂ ਨੌਜਵਾਨ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਜੋਸ਼ੀ ਨੇ ਕਿਹਾ ਕਿ ਇਹ ਉਹੀ ਜਲਿਆਂਵਾਲਾ ਬਾਗ ਹੈ ਜਿਥੇ ਪੰਜਾਬ ਦੇ ਲੋਕਾਂ ਨੇ ਅੰਗ੍ਰੇਜ਼ ਸਰਕਾਰ ਖਿਲਾਫ ਜੰਗ ਦਾ ਬਿਗੁਲ ਵਜਾਇਆ ਸੀ ਤੇ ਹੁਣ 7 ਅਪ੍ਰੈਲ ਨੂੰ ਉਥੇ ਨਸ਼ਿਆਂ ਵਿਰੁੱਧ ਬਿਗਲ ਵਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਕਿਸੇ ਸਰਹੱਦ ਵਿੱਚ ਬੱਝੀ ਨਹੀਂ ਹੈ। ਇਹ ਸਮੱਸਿਆ ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਉਨੀਂ ਹੀ ਗੰਭੀਰ ਹੈ ਜਿਨੀਂ ਕਿ ਪੰਜਾਬ ਵਿੱਚ। ਇਸ ਲਈ ਪਰਿਵਾਰ, ਸਮਾਜ ਤੇ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਵੀ ਸਾਨੂੰ ਲੋੜ ਹੈ।
ਪ੍ਰਮੁੱਖ ਸਮਾਜਸੇਵੀ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸਵ. ਸ਼੍ਰੀ ਜੈ ਰਾਮ ਜੋਸ਼ੀ ਅਤੇ ਉਨ੍ਹਾਂ ਦੇ ਹੋਣਹਾਰ ਸਪੂਤ ਸਵ. ਸ਼੍ਰੀ ਨਵਨੀਤ ਜੋਸ਼ੀ ਦੀ ਯਾਦ ਵਿੱਚ ਸਥਾਪਿਤ ਜੋਸ਼ੀ ਫਾਊਂਡੇਸ਼ਨ ਇਸ ਤੋਂ ਪਹਿਲਾਂ ਅਜਿਹੇ 4 ਪ੍ਰੋਗਰਾਮ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਇਕ ਚੰਡੀਗੜ੍ਹ ਵਿੱਚ ਆਯੋਜਿਤ ਗੋਲ ਮੇਜ ਕਾਨਫਰੰਸ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਪਠਾਨਕੋਟ ਵਿੱਚ ਨਸ਼ਿਆਂ ਵਿਰੁੱਧ ਸਹੁੰ ਚੁੱਕ ਪ੍ਰੋਗਰਾਮ, ਨਵਾਂਸ਼ਹਿਰ ਵਿੱਚ ਗੋਲ ਮੇਜ ਕਾਨਫਰੰਸ ਤੇ ਹੋਰ ਮਾਹਿਰਾਂ ਵਲੋਂ ਜ਼ਮੀਨੀ ਪੱਧਰ ‘ਤੇ ਨਸ਼ਿਆਂ ਵਿਰੁੱਧ ਕੀਤੇ ਜਾਂਦੇ ਕੰਮ ਵੀ ਸ਼ਾਮਲ ਹਨ।
Punjab Post Daily Online Newspaper & Print Media